ਰਾਏਕੋਟ (ਇਮਰਾਨ ਖਾਨ) : ਸਥਾਨਕ ਪ੍ਰਾਚੀਨ ਮੰਦਰ ਸ਼ਿਵਾਲਾ ਖਾਮ ਵਿਖੇ ਮੰਦਰ ਕਮੇਟੀ ਪ੍ਰਧਾਨ ਇੰਦਰਪਾਲ ਗੋਲਡੀ ਦੀ ਅਗਵਾਈ ਹੇਠ ਸਨਾਤਨ ਧਰਮ, ਵੱਖ ਵੱਖ ਯੂਨੀਅਨਾਂ ਦੇ ਨੁਮਾਇੰਦਿਆਂ ਨੇ ਬੀਤੇ ਦਿਨ ਸ਼ਿਵ ਸੈਨਾ ਆਗੂ ਸੁਧੀਰ ਸੂਰੀ ਦੇ ਹੋਏ ਕਤਲ ਦੀ ਸਖਤ ਸ਼ਬਦਾਂ ਵਿੱਚ ਰੱਖੀ ਮੀਟਿੰਗ ਦੋਰਾਨ ਨਿਖੇਧੀ ਕੀਤੀ ਗਈ ਅਤੇ ਸੂਬੇ ਦੇ ਸਾਰੇ ਧਰਮਾਂ ਦੇ ਲੋਕਾਂ ਨੂੰ ਆਪਸੀ ਭਾਈਚਾਰਕ ਸਾਂਝ ਕਾਇਮ ਰੱਖਣ ਦੀ ਅਪੀਲ ਕਰਦਿਆਂ ਪੰਜਾਬ ਸਰਕਾਰ ਨੂੰ ਇਸ ਦੀ ਜਾਂਚ ਕਰਵਾ ਕੇ ਕਤਲ ਲਈ ਜੁੰਮੇਵਾਰ ਲੋਕਾਂ ਦੇ ਨਾਪਾਕ ਇਰਾਦਿਆਂ ਨੂੰ ਬੇਪਰਦ ਕਰਨ ਦੀ ਮੰਗ ਕੀਤੀ। ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਸਨਾਤਨ ਧਰਮ ਦੇ ਸੂਬਾ ਪ੍ਰਧਾਨ ਡਾਕਟਰ ਪ੍ਰਵੀਨ ਅਗਰਵਾਲ, ਦੁਰਗਾ ਸ਼ਕਤੀ ਮੰਦਰ ਦੇ ਪ੍ਰਧਾਨ ਮਨੋਹਰ ਲਾਲ ਲਾਡੀ ਨੇ ਸਾਂਝੇ ਤੌਰ ਤੇ ਕਿਹਾ ਕਿ ਬੀਤੇ ਦਿਨੀਂ ਅਮ੍ਰਿਤਸਰ ਵਿਖੇ ਹਿੰਦੂ ਆਗੂ ਦਾ ਦਿਨ ਦਿਹਾੜੇ ਪੁਲਸ ਦੀ ਮੌਜੂਦਗੀ 'ਚ ਕਤਲ ਹੋਣਾ ਬਹੁਤ ਹੀ ਨਿੰਦਣਯੋਗ ਘਟਨਾ ਹੈ। ਉਹਨਾਂ ਕਿਹਾ ਪੰਜਾਬ ਵਿੱਚ ਅਮਨ ਕਾਨੂੰਨ ਦੀ ਸਥਿਤੀ ਨੂੰ ਖਰਾਬ ਕਰਨ ਵਾਲੇ ਮਾੜੇ ਅਨਸਰਾਂ ਖਿਲਾਫ਼ ਸ਼ਖਤ ਕਾਰਵਾਈ ਕਰਨੀ ਚਾਹੀਦੀ ਹੈ ਤਾਂ ਜੋ ਸੂਬੇ ਦਾ ਲਾਅ ਇੰਨ ਆਰਡਰ ਬਣਿਆ ਰਹੇ ਤੇ ਆਪਸੀ ਭਾਈਚਾਰਕ ਸਾਂਝ ਕਾਇਮ ਰਹੇ। ਉਪਰੋਕਤ ਆਗੂਆਂ ਨੇ ਕਿਹਾ ਕਿ ਪੰਜਾਬ ਵਿੱਚ ਕੁੱਝ ਅਜਿਹੇ ਅਸਮਾਜਿਕ ਤੱਤ ਸਰਗਰਮ ਹਨ ਜੋ ਪੰਜਾਬ ਦੀ ਭਾਈਚਾਰਕ ਏਕਤਾ ਤੇ ਅਮਨ ਸ਼ਾਂਤੀ ਲਈ ਵੱਡਾ ਖਤਰਾ ਹੈ ਜਿਸ ਨਾਲ ਸਰਕਾਰ ਨੂੰ ਸਖਤੀ ਨਾਲ ਨਜਿੱਠਣ ਲਈ ਸਖਤ ਕਦਮ ਚੁੱਕਣੇ ਚਾਹੀਦੇ ਹਨ। ਉਹਨਾਂ ਸੂਬਾ ਸਰਕਾਰ ਤੋਂ ਮੰਗ ਕੀਤੀ ਕਿ ਅੰਮ੍ਰਿਤਸਰ ਦੀ ਮਾੜੀ ਘਟਨਾਂ ਨੂੰ ਅੰਜ਼ਾਮ ਦੇਣ ਵਾਲੇ ਤੇ ਮੋਜੂਦ ਮੂਕਦਰਸ਼ਕ ਬਣੇ ਰਹੇ ਪੁਲਸ ਮੁਲਾਜ਼ਮਾਂ ਤੇ ਵੀ ਕਾਰਵਾਈ ਕਰਨੀ ਚਾਹੀਦੀ ਹੈ। ਇਸ ਮੌਕੇ ਕਪਿਲ ਗਰਗ, ਰਾਜ ਸਿੰਗਲਾ, ਹੁਕਮ ਚੰਦ ਗੋਇਲ, ਮਦਨ ਲਾਲ, ਨੰਦ ਕਿਸ਼ੋਰ ਸ਼ਰਮਾ, ਸ਼ਾਮ ਲਾਲ, ਮੁਕੇਸ਼ ਸ਼ਰਮਾ, ਪ੍ਰਦੀਪ ਜਿੰਦਲ, ਏਬੰਤ ਜੈਨ, ਮੋਹਣ ਲਾਲ, ਕੀਮਤੀ ਲਾਲ ਜੈਨ, ਡਾਕਟਰ ਖੁਸ਼ਦੀਪ ਕੌੜਾ, ਸਿਕੰਦਰ ਵਰਮਾਂ, ਆਦਿ ਹਾਜ਼ਰ ਸਨ