ਸਾਹਿਤ ਸਭਾ ਪੰਜਾਬੀ ਵਿਭਾਗ, ਸ੍ਰੀ ਗੁਰੁ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਵੱਲੋਂ ‘ਲਿੰਗਿਕ ਬਰਾਬਰੀ: ਸਵੈ ਤੇ ਪਰ ਸੰਬੰਧੀ ਸੰਵੇਦਨਾ’ ਵਿਸ਼ੇ ‘ਤੇ  ਵਿਦਿਅਰਥੀ ਸੈਮੀਨਾਰ ਆਯੋਜਿਤ 

ਸ੍ਰੀ ਫ਼ਤਹਿਗੜ੍ਹ ਸਾਹਿਬ, 16 ਮਾਰਚ (ਹਰਪ੍ਰੀਤ ਸਿੰਘ ਗੁੱਜਰਵਾਲ) : ਸਾਹਿਤ ਸਭਾ ਪੰਜਾਬੀ ਵਿਭਾਗ, ਸ੍ਰੀ ਗੁਰੁ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਵੱਲੋਂ ਅੰਤਰ ਰਾਸ਼ਟਰੀ ਔਰਤ ਦਿਹਾੜੇ ਨੂੰ ਸਮਰਪਿਤ ‘ਲਿੰਗਿਕ ਬਰਾਬਰੀ: ਸਵੈ ਤੇ ਪਰ ਸੰਬੰਧੀ ਸੰਵੇਦਨਾ’ ਵਿਸ਼ੇ ‘ਤੇ  ਵਿਦਿਅਰਥੀ ਸੈਮੀਨਾਰ ਕਰਵਾਇਆ ਗਿਆ। ਇਸ ਸੈਮੀਨਾਰ ਵਿਚ ਮੁੱਖ ਬੁਲਾਰੇ ਦੇ ਤੌਰ ‘ਤੇ ਡਾ. ਅੰਕਦੀਪ ਕੌਰ ਅਟਵਾਲ, ਮੁਖੀ ਅੰਗਰੇਜ਼ੀ ਵਿਭਾਗ ਸ਼ਾਮਲ ਹੋਏ। ਡਾ. ਅਟਵਾਲ ਨੇ ਵਿਦਿਅਰਥੀਆਂ ਨੂੰ ਮੁੱਲਵਾਨ ਸੁਝਾਅ ਦਿੰਦਿਆਂ ਕਿਹਾ ਕਿ ਲਿੰਗਿਕ ਬਰਾਬਰੀ ਤੋਂ ਭਾਵ ਕਿਸੇ ਵਿਅਕਤੀ ਦੀ ਨਿੱਜੀ ਆਜ਼ਾਦੀ ਨਹੀਂ ਸਗੋਂ ਅਦਰ ਜਾਂ ਦੂਸਰੇ ਦੀ ਆਜ਼ਾਦੀ ਦਾ ਸਤਿਕਾਰ ਹੈ। ਦੂਸਰੇ ਲਿੰਗ ਦਾ ਸਨਮਾਨ ਮਨੁੱਖਤਾ ਨੂੰ ਬਰਾਬਰੀ ਦੀ ਦਿਸ਼ਾ ਵੱਲ ਤੋਰ ਸਕਦਾ ਹੈ। ਬਰਾਬਰੀ ਦੀ ਦਿਸ਼ਾ ਵੱਲ ਤੁਰਨ ਲਈ ਮਨੁੱਖ ਨੂੰ ਆਪਣੀ ਸੋਚ ਤੇ ਅਮਲ ਨੂੰ ਬਦਲਣ ਦੀ ਲੋੜ ਹੈ। ਡਾ. ਅਟਵਾਲ ਨੇ ਸਾਹਿਤ, ਸਮਾਜ ਅਤੇ ਦਰਸ਼ਨ ਦੇ ਹਵਾਲਿਆਂ ਨਾਲ ਵਿਦਿਆਰਥੀ ਨੂੰ ਲਿੰਗਿਕ ਬਰਾਬਰੀ ਦੀ ਥਾਂ ਲਿੰਗਿਕ ਸਤਿਕਾਰ ਦੀ ਦਿਸ਼ਾ ਲੈਣ ਲਈ ਪ੍ਰੇਰਤ ਕੀਤਾ।  ਡਾ. ਸਿਕੰਦਰ ਸਿੰਘ, ਮੁਖੀ ਪੰਜਾਬੀ ਵਿਭਾਗ ਨੇ ਸੈਮੀਨਾਰ ਵਿਚ ਸ਼ਾਮਲ ਮੁੱਖ ਬੁਲਾਰੇ, ਵਿਦਿਆਰਥੀਆਂ ਤੇ ਅਧਿਆਪਕਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਸਾਹਿਤ ਸਭਾ ਪੰਜਾਬੀ ਵਿਭਾਗ ਦਾ ਉਦੇਸ਼ ਵਿਦਿਆਰਥੀਆਂ ਵਿਚ ਸਿਰਜਾਣਤਮਿਕ ਰੁਚੀਆਂ ਪੈਦਾ ਕਰਨ ਦੇ ਨਾਲ ਹੀ ਉਹਨਾਂ ਦੀ ਆਲੋਚਨਾਤਮਿਕ ਦ੍ਰਿਸ਼ਟੀ ਦਾ ਵਿਕਾਸ ਕਰਨਾ ਹੈ। ਇਹ ਸੈਮੀਨਾਰ ਵੀ ਇਸੇ ਲੜੀ ਦਾ ਹਿੱਸਾ ਹੈ। ਇਸ ਸੈਮੀਨਾਰ ਵਿਚ ਸੱਤ ਵਿਦਿਆਰਥੀ ਬੁਲਾਰਿਆਂ ਨੇ ਪਰਚੇ ਪੇਸ਼ ਕੀਤੇ ਜੋ ਮੁਢਲੇ ਅੰਕੜਿਆਂ ਦੇ ਅਧਾਰ ਤੇ ਪੰਜਾਬੀ ਔਰਤ ਦੀ ਵੱਖੋ-ਵੱਖ ਖੇਤਰਾਂ ਵਿਚ ਵਰਤਮਾਨ ਹਾਲਤ ਦੀ ਤਸਵੀਰ ਪੇਸ਼ ਕਰਦੇ ਹਨ। ਇਸ ਸੈਮੀਨਾਰ ਵਿਚ ਕਾਨੂੰਨ ਵਿਭਾਗ ਤੇ ਪੰਜਾਬੀ ਵਿਭਾਗ ਦੇ ਵਿਦਿਆਰਥੀਆਂ ਵੱਲੋਂ ਪੇਪਰ ਪੇਸ਼ ਕੀਤੇ ਜਿਨ੍ਹਾਂ ਵਿਚ ਪ੍ਰਭਜੀਤ ਸਿੰਘ ਬੀ.ਏ. ਐੱਲ.ਐੱਲ.ਬੀ. ਵਿਸ਼ਾ-‘ਵੱਖ-ਵੱਖ ਧਰਮਾਂ ਵਿਚ ਔਰਤ ਦੀ ਸਥਿਤੀ’, ਨਵਦੀਪ ਸਿੰਘ ਬੀ.ਏ. ਵਿਸ਼ਾ-‘ ਔਰਤਾਂ ਦੇ ਅਧਿਕਾਰਾਂ ਨੂੰ ਖਤਰਾ: ਵਿਸ਼ੇਸ਼ ਕੇਸਾਂ/ਘਟਨਾਵਾਂ ਦੇ ਪ੍ਰਸੰਗ ਵਿਚ’, ਸੰਦੀਪ ਕੌਰ ਬੀ.ਏ. ਐੱਲ.ਐੱਲ.ਬੀ, ਵਿਸ਼ਾ- ‘18 ਤੋਂ 24 ਸਾਲ ਵਰਗ ਦੀਆਂ ਕੁੜੀਆਂ ਦੀਆਂ ਸਮੱਸਿਆਵਾਂ: ਮੌਖਿਕ ਗੱਲਬਾਤ ਆਧਾਰਿਤ’, ਸੁਮਨਪ੍ਰੀਤ ਕੌਰ, ਮਨਪ੍ਰੀਤ ਕੌਰ ਬੀ.ਏ. (ਸਾਂਝਾ ਪੇਪਰ), ਵਿਸ਼ਾ- ‘ਘਰਾਂ ਵਿਚ ਕੰਮ ਕਰਦੀਆਂ ਔਰਤਾਂ ਦੀਆਂ ਸਮੱਸਿਆਵਾਂ: ਮੌਖਿਕ ਗੱਲਬਾਤ ਆਧਾਰਿਤ’, ਲਵਲੀਨ ਕੌਰ ਬੀ.ਏ. ਐੱਲ.ਐੱਲ. ਬੀ.ਵਿਸ਼ਾ-‘ਪ੍ਰੇਮ ਪ੍ਰਕਾਸ਼ ਦੀ ਕਹਾਣੀ ਘਰ ਵਿਚ ਪੇਸ਼ ਔਰਤ ਸੰਕਟ’ ਨਵਨੀਤ ਕੌਰ ਬੀ.ਏ. ਐੱਲ.ਐੱਲ.ਬੀ, ਵਿਸ਼ਾ- ‘ਔਰਤ ਹੋਂਦ ਤੇ ਹੋਣੀ: ਸਵੈ ਅਨੁਭਵ ਦੇ ਆਧਾਰ ‘ਤੇ’, ਕੋਮਲਪ੍ਰੀਤ ਕੌਰ, ਮਨਪ੍ਰੀਤ ਕੌਰ (ਸਾਂਝਾ ਪੇਪਰ), ਵਿਸ਼ਾ-‘ਸਤੀ ਪ੍ਰਥਾ: ਇਤਿਹਾਸਕ ਪੱਖ’ ਆਦਿ ਵਿਦਿਆਰਥੀ ਨੇ ਪੇਪਰ ਪੇਸ਼ ਕੀਤੇ। ਸਮਾਗਮ ਦਾ ਪ੍ਰਬੰਧ ਡਾ. ਬਿੰਦਰ ਸਿੰਘ ਦੀ ਨਿਗਰਾਨੀ ਹੇਠ ਵਿਦਿਆਰਥੀਆਂ ਵਲੋਂ ਕੀਤਾ ਗਿਆ। ਡਾ. ਬਿੰਦਰ ਸਿੰਘ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦੇ ਸਮਾਗਮ ਵਿਦਿਆਰਥੀਆਂ ਨੂੰ ਸਮਰੱਥ ਅਤੇ ਜਿੰਮੇਵਾਰ ਬਣਾਉਣ ਲਈ ਉਲੀਕੇ ਜਾਂਦੇ ਹਨ। ਅੰਤ ਵਿਚ ਸ. ਜਗਦੀਪ ਸਿੰਘ ਸਹਾਇਕ ਪ੍ਰੋਫੈਸਰ ਪੰਜਾਬੀ ਨੇ ਸੈਮੀਨਾਰ ਵਿਚ ਮੌਜ਼ੂਦ ਸਾਰੀਆਂ ਸ਼ਖ਼ਸ਼ੀਅਤਾਂ ਦਾ ਧੰਨਵਾਦ ਕੀਤਾ। ਮੰਚ ਸੰਚਾਲਨ ਦੀ ਭੂਮਿਕਾ ਕਾਨੂੰਨ ਵਿਭਾਗ ਦੀ ਵਿਦਿਆਰਥਣ ਸੰਦੀਪ ਕੌਰ ਵੱਲੋਂ ਨਿਭਾਈ ਗਈ।