ਸ੍ਰੀ ਮੁਕਤਸਰ ਸਾਹਿਬ, 20 ਸਤੰਬਰ 2024 : ਸਰਬਤ ਦਾ ਭਲਾ, ਚੈਰੀਟੈਬਲ ਟਰੱਸਟ ਵੱਲੋਂ ਡੇਰਾ ਭਾਈ ਮਸਤਾਨ, ਸ੍ਰੀ ਮੁਕਤਸਰ ਸਾਹਿਬ ਵਿਖੇ ਗਰੀਬ ਅਤੇ ਵਿਧਵਾ ਔਰਤਾਂ ਨੂੰ ਹਰ ਮਹੀਨੇ ਰਾਸ਼ਨ ਮੁਹੱਈਆ ਕਰਵਾਇਆ ਜਾਂਦਾ ਹੈ। ਇਸੇ ਤਹਿਤ ਅੱਜ ਇੱਥੇ ਇੱਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਲਗਭਗ ਵੱਖ-ਵੱਖ ਪਿੰਡਾਂ ਦੀਆਂ 250 ਦੇ ਕਰੀਬ ਔਰਤਾਂ ਨੇ ਭਾਗ ਲਿਆ। ਇਸ ਮੌਕੇ ਜਿਲ੍ਹਾ ਅਤੇ ਸ਼ੈਸ਼ਨ ਜੱਜ-ਕਮ-ਚੈਅਰਮੇਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਸ੍ਰੀ ਰਾਜ ਕੁਮਾਰ ਦੀ ਅਗਵਾਈ ਹੇਠ ਡਾ. ਗਗਨਦੀਪ ਕੌਰ, ਸੀ.ਜੇ.ਐੱਮ/ਸਕੱਤਰ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਸ੍ਰੀ ਮੁਕਤਸਰ ਸਾਹਿਬ ਨੇ ਵਿਸ਼ੇਸ਼ ਤੌਰ ’ਤੇ ਭਾਗ ਲਿਆ। ਇਸ ਮੌਕੇ ਉਨ੍ਹਾਂ ਹਾਜਰ ਔਰਤਾਂ ਨੂੰ ਉਹਨਾਂ ਦੇ ਕਾਨੂੰਨੀ ਹੱਕਾਂ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਜੇਕਰ ਕਿਸੇ ਵੀ ਔਰਤ ਨੂੰ ਕਿਸੇ ਕਿਸਮ ਦੀ ਕੋਈ ਕਾਨੂੰਨੀ ਸਲਾਹ/ਸਹਾਇਤਾ ਦੀ ਲੋੜ ਹੋਵੇ ਤਾਂ ਉਹ ਜ਼ਿਲ੍ਹਾ ਕਚਿਹਰੀ ਕੰਪਲੈਕਸ, ਸ੍ਰੀ ਮੁਕਤਸਰ ਸਾਹਿਬ ਵਿਖੇ ਬਣੇ ਫਰੰਟ ਆਫਿਸ ਜਾਂ ਸਕੱਤਰ ਨੂੰ ਕਿਸੇ ਵੀ ਕੰਮ ਕਾਜ ਵਾਲੇ ਦਿਨ ਆ ਕੇ ਮਿਲ ਸਕਦੇ ਹਨ, ਇਸ ਤੋਂ ਇਲਾਵਾ ਜੇਕਰ ਕਿਸੇ ਮਾਤਾ ਦੀ ਪੈਨਸ਼ਨ ਨਹੀਂ ਲੱਗੀ ਤਾਂ ਉਹ ਜ਼ਿਲ੍ਹਾ ਅਥਾਰਟੀ ਨਾਲ ਸੰਪਰਕ ਕਰਕੇ ਆਪਣੀ ਪੈਨਸ਼ਨ ਲਗਵਾ ਸਕਦੇ ਹਨ, ਅਤੇ ਜੇਕਰ ਕਿਸੇ ਕਿਸਮ ਦੀ ਕੋਈ ਡਾਕਟਰੀ ਇਲਾਜ ਦੀ ਜਰੂਰਤ ਹੋਵੇ ਤਾਂ ਉਸ ਸਬੰਧੀ ਵੀ ਸੰਪਰਕ ਕੀਤਾ ਜਾ ਸਕਦਾ ਹੈ। ਉਹਨਾਂ ਸਰਬਤ ਦਾ ਭਲਾ, ਚੈਰੀਟੇਬਲ ਟਰੱਸਟ ਦੇ ਮੈਂਬਰਾਂ ਦਾ ਧੰਨਵਾਦ ਕੀਤਾ ਕਿ ਜੋ ਉਹ ਸੇਵਾ ਕਰ ਰਹੇ ਹਨ, ਬਹੁਤ ਹੀ ਵਧੀਆ ਉਪਰਾਲਾ ਹੈ ਜਿਨ੍ਹਾਂ ਸਦਕਾ ਗਰੀਬ ਪਰਿਵਾਰਾਂ ਦਾ ਪਾਲਣ-ਪੋਸ਼ਣ ਵਿੱਚ ਸਹਾਇਤਾ ਹੋ ਰਹੀ ਹੈ। ਡਾ. ਐਸ.ਪੀ. ਸਿੰਘ ਓਬਰਾਏ ਵੱਲੋਂ ਮਾਨਵਤਾ ਦੀ ਭਲਾਈ ਲਈ ਕੀਤੇ ਜਾ ਰਹੇ ਕੰਮਾ ਦੀ ਵੀ ਸ਼ਲਾਘਾ ਕੀਤੀ ਗਈ। ਇਸ ਮੌਕੇ ਉਨ੍ਹਾਂ ਹਾਜਰ ਦਿਵਿਆਂਗ ਵਿਅਕਤੀਆਂ ਨੂੰ ਉਹਨਾਂ ਦੇ ਕਾਨੂੰਨੀ ਹੱਕਾਂ ਬਾਰੇ ਵੀ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਜੇਕਰ ਕਿਸੇ ਨੂੰ ਦਿਵਿਆਂਗ ਪੈਨਸ਼ਨ ਨਹੀਂ ਲੱਗੀ ਤਾਂ ਉਹ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਦਫਤਰ ਵਿਖੇ ਦਰਖਾਸਤ ਦੇਣ ਤਾਂ ਜੋ ਉਹਨਾਂ ਦੀ ਪੈਨਸ਼ਨ ਲਗਾਈ ਜਾ ਸਕੇ। ਇਸ ਤੋਂ ਇਲਾਵਾ ਸਥਾਈ ਲੋਕ ਅਦਾਲਤ (ਜਨ ਉਪਯੋਗੀ ਸੇਵਾਵਾਂ) ਬਾਰੇ ਵੀ ਵਿਸਥਾਰਪੁਰਵਕ ਜਾਣਕਾਰੀ ਦਿੱਤੀ ਗਈ। ਇਸ ਮੌਕੇ ਸ੍ਰੀ ਰਵਿੰਦਰ ਸਿੰਘ, ਚੈਅਰਮੇਨ, ਸ੍ਰੀ ਸੁਖਵੀਰ ਸਿੰਘ ਜੈਲਦਾਰ, ਸ੍ਰੀ ਗੁਰਚਰਨ ਸਿੰਘ, ਸ੍ਰੀ ਸੋਮਨਾਥ, ਸ੍ਰੀ ਜਸਵਿੰਦਰ ਸਿੰਘ ਮਣਕੂ ਅਤੇ ਸ੍ਰੀ ਜਸਵੀਰ ਸਿੰਘ ਰਿਟਾਏਰਡ ਏ.ਐਸ.ਆਈ. ਅਤੇ ਹੋਰ ਮੈਂਬਰ ਵੀ ਹਾਜਰ ਸਨ। ਇਸ ਤੋ ਇਲਾਵਾ ਡੇਰਾ ਭਾਈ ਮਸਤਾਨ ਦੇ ਸੰਪਾਦਕ ਸੰਤ ਕਸ਼ਮੀਰਾ ਸਿੰਘ ਨੇ ਹਾਜਰ ਔਰਤਾਂ ਵਾਸਤੇ ਲੰਗਰ ਦਾ ਵੀ ਪ੍ਰਬੰਧ ਕੀਤਾ ਗਿਆ ਸੀ। ਹੋਰ ਵਧੇਰੇ ਜਾਣਕਾਰੀ ਲੈਣ ਲਈ ਟੋਲ-ਫ੍ਰੀ 15100 ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ।