- ਸਿੰਗਲ ਯੂਜ਼ ਪਲਾਸਟਿਕ ਵਿਰੁੱਧ ਮੁਹਿੰਮ ਜਾਰੀ
- ਵਿਕਰੇਤਾਵਾਂ ਅਤੇ ਲੋਕਾਂ ਨੂੰ ਪਲਾਟਿਕ ਦੇ ਲਿਫਾਫੇ ਨਾ ਵਰਤਣ ਲਈ ਜਾਗਰੂਕ ਕੀਤਾ
ਐੱਸ.ਏ.ਐੱਸ. ਨਗਰ, 19 ਜੁਲਾਈ : ਸ਼੍ਰੀਮਤੀ ਨਵਜੋਤ ਕੌਰ, ਕਮਿਸ਼ਨਰ, ਨਗਰ ਨਿਗਮ ਐਸ.ਏ.ਐਸ.ਨਗਰ, ਮੋਹਾਲੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮੋਹਾਲੀ ਵਿੱਚ ਵੱਖ-ਵੱਖ ਥਾਂਵਾ 'ਤੇ ਸਬਜ਼ੀ ਮੰਡੀਆਂ ਵਿੱਚ ਸਿਗਲ ਯੂਜ਼ ਪਲਾਸਟਿਕ ਅਤੇ ਪਲਾਸਟਿਕ ਕੈਰੀ ਬੈਗ ਸਬੰਧੀ ਚੈਕਿੰਗ ਕੀਤੀ ਗਈ। ਇਸ ਚੈਕਿੰਗ ਟੀਮ ਦੀ ਅਗਵਾਈ ਸੰਯੁਕਤ ਕਮਿਸ਼ਨਰ ਸ਼੍ਰੀਮਤੀ ਕਿਰਨ ਸ਼ਰਮਾ ਵਲੋਂ ਕੀਤੀ ਗਈ। ਉਹਨਾਂ ਦੇ ਨਾਲ ਸਹਾਇਕ ਕਮਿਸ਼ਨਰ ਸ. ਮਨਪ੍ਰੀਤ ਸਿੰਘ ਵੀ ਹਾਜ਼ਰ ਸਨ। ਇਸ ਬਾਰੇ ਵਧੇਰੇ ਜਾਣਕਾਰੀ ਦਿੰਦਿਆਂ ਸੰਯੁਕਤ ਕਮਿਸ਼ਨਰ ਸ਼੍ਰੀਮਤੀ ਕਿਰਨ ਸ਼ਰਮਾ ਨੇ ਦੱਸਿਆ ਕਿ ਚੈਕਿੰਗ ਟੀਮ ਵਲੋਂ ਸੈਕਟਰ-68 ਅਤੇ ਸੈਕਟਰ-71 ਵਿੱਚ ਸਬਜ਼ੀ ਮੰਡੀ ਦੀ ਚੈਕਿੰਗ ਕੀਤੀ ਗਈ ਤੇ ਵਿਕਰੇਤਾਵਾਂ ਅਤੇ ਲੋਕਾਂ ਨੂੰ ਪਲਾਟਿਕ ਦੇ ਲਿਫਾਫੇ ਨਾ ਵਰਤਣ ਲਈ ਜਾਗਰੂਕ ਕੀਤਾ ਗਿਆ। ਚੈਕਿੰਗ ਦੌਰਾਨ ਪਲਾਸਟਿਕ ਕੈਰੀ ਬੈਗ ਤੇ ਸਿੰਗਲ ਯੂਜ਼ ਪਲਾਸਟਿਕ ਲਗਪਗ 100 ਕਿੱਲੋ ਦੇ ਕਰੀਬ ਜ਼ਬਤ ਕੀਤਾ ਗਿਆ ਅਤੇ ਇਸ ਸਬੰਧੀ ਚਲਾਨ ਵੀ ਕੀਤੇ ਗਏ। ਸ਼੍ਰੀਮਤੀ ਕਿਰਨ ਸ਼ਰਮਾ ਨੇ ਸਬਜ਼ੀ ਵਿਕਰੇਤਾਵਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਸਾਰੇ ਵਿਕਰੇਤਾ ਅਤੇ ਲੋਕ ਮੰਡੀ ਦੀ ਸਫਾਈ ਰੱਖਣ। ਇਸ ਦੌਰਾਨ ਉਹਨਾਂ ਨੇ ਪੰਜਾਬ ਮੰਡੀ ਬੋਰਡ ਦੇ ਕਰਮਚਾਰੀ, ਜੋ ਮੰਡੀ ਵਿੱਖੇ ਮੋਜੂਦ ਸਨ, ਨੂੰ ਵੀ ਸਖ਼ਤ ਹਦਾਇਤਾਂ ਕੀਤੀਆਂ ਕਿ ਜੇਕਰ ਮੰਡੀ ਵਿੱਚ ਪਲਾਸਟਿਕ ਦੇ ਲਿਫਾਫੇ ਦੀ ਵਰਤੋਂ ਹੁੰਦੀ ਹੈ ਤਾਂ ਉਹ ਜ਼ਿੰਮੇਵਾਰ ਹੋਣਗੇ ਕਿਉਂਕਿ ਹਫਤਾਵਾਰੀ ਸਬਜ਼ੀ ਮੰਡੀਆਂ ਪੰਜਾਬ ਮੰਡੀ ਬੋਰਡ ਦੀ ਦੇਖ-ਰੇਖ ਵਿੱਚ ਹੀ ਲਗਦੀਆਂ ਹਨ। ਅੱਗੇ ਤੋਂ ਜੇਕਰ ਕਿਸੇ ਵੀ ਸਬਜ਼ੀ ਵਿਕਰੇਤਾ ਕੋਲੋਂ ਬੈਨ ਹੋਇਆ ਸਿੰਗਲ ਯੂਜ਼ ਪਲਾਸਟਿਕ ਫੜ੍ਹਿਆ ਜਾਂਦਾ ਹੈ ਤਾਂ ਉਸ 'ਤੇ ਬਣਦੀ ਸਖ਼ਤ ਤੋਂ ਸਖ਼ਤ ਕਾਨੂੰਨੀ ਕਾਰਵਾਈ ਕਰ ਕੇ ਚਲਾਨ ਕੱਟੇ ਜਾਣਗੇ। ਸਮੂਹ ਸਬਜ਼ੀ ਵਿਕਰੇਤਾ ਨੂੰ ਸਰਕਾਰ ਦੇ ਨਿਯਮਾਂ ਦੀ ਪਾਲਣਾ ਕਰਨੀ ਚਾਹਿਦੀ ਹੈ ਤਾਂ ਜੋ ਕੇ ਬੈਨ ਹੋਏ ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ ਬੰਦ ਹੋ ਸਕੇ, ਨਹੀਂ ਤਾਂ ਨਗਰ ਨਿਗਮ ਵਲੋਂ ਚਲਾਨ ਕੱਟਣ ਦੀ ਮੁਹਿੰਮ ਲਗਾਤਾਰ ਜਾਰੀ ਰਹੇਗੀ। ਸੰਯੁਕਤ ਕਮਿਸ਼ਨਰ, ਨਗਰ ਨਿਗਮ, ਮੋਹਾਲੀ ਵੱਲੋਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਗਈ ਕਿ ਸਿੰਗਲ ਯੂਜ਼ ਪਲਾਸਟਿਕ ਅਤੇ ਪਲਾਸਟਿਕ ਕੈਰੀ ਬੈਗ ਵਾਤਾਵਰਣ ਲਈ ਬਹੁਤ ਖਤਰਨਾਕ ਹਨ।ਇਸ ਲਈ ਖਰੀਦਦਾਰੀ ਕਰਨ ਲਈ ਘਰ ਤੋਂ ਹੀ ਕੱਪੜੇ ਦਾ ਥੈਲਾ ਲੈ ਕੇ ਜਾਇਆ ਜਾਵੇ। ਇਸ ਮੌਕੇ ਚੀਫ਼ ਸੈਨਟਰੀ ਇੰਸਪੈਕਟਰ ਸ਼੍ਰੀ ਸਰਬਜੀਤ ਸਿੰਘ, ਸੈਨਟਰੀ ਇੰਸਪੈਕਟਰ ਸ਼੍ਰੀ ਰਣਜੀਤ ਸਿੰਘ, ਸ਼੍ਰੀ ਹਰਮੰਦਰ ਸਿੰਘ ਸੈਨਟਰੀ ਸੁਪਰਵਾਈਜ਼ਰ, ਸ਼੍ਰੀ ਬਿੱਟੂ ਬਿਗਲਾ ਅਤੇ ਸ਼੍ਰੀ ਜ਼ੋਰਾਵਰ ਸਿੰਘ ਹਾਜ਼ਰ ਸਨ। ਇਸ ਦੌਰਾਨ ਸਬੰਧਤ ਮਾਰਕਿਟਾਂ ਦੇ ਪ੍ਰਧਾਨਾਂ ਵਲੋਂ ਇਹ ਪ੍ਰਣ ਕੀਤਾ ਗਿਆ ਕਿ ਉਹ ਅੱਗੇ ਤੋਂ ਪਲਾਸਟਿਕ ਦੇ ਲਿਫਾਫੇ ਦੀ ਵਰਤੋਂ ਨਹੀਂ ਕਰਨਗੇ। ਜਿਹੜੇ ਲੋਕ ਮਾਰਕਿਟ ਵਿੱਚ ਕੱਪੜੇ ਦਾ ਥੈਲਾ ਲੈ ਕੇ ਆਏ ਸਨ, ਉਹਨਾਂ ਵਲੋਂ ਨਗਰ ਨਿਗਮ ਮੋਹਾਲੀ ਦੀ ਇਸ ਜਾਗਰੂਕਤਾ ਅਤੇ ਚੈਂਕਿੰਗ ਮੁਹਿੰਮ ਦੀ ਸ਼ਲਾਘਾ ਕੀਤੀ ਗਈ। ਇੱਥੇ ਇਹ ਦੱਸਣਯੋਗ ਹੈ ਕਿ ਸਰਕਾਰ ਵਲੋਂ ਸਿੰਗਲ ਯੂਜ਼ ਪਲਾਸਟਿਕ ਅਤੇ ਪਲਾਸਟਿਕ ਕੈਰੀ ਬੈਗਜ਼ ਦੇ ਪੂਰਨ ਤੌਰ 'ਤੇ ਪਾਬੰਦੀ ਹੈ। ਜੇਕਰ ਕਿਸੇ ਵਿਅਕਤੀ ਕੋਲ ਸਿੰਗਲ ਯੂਜ਼ ਪਲਾਸਟਿਕ ਦਾ ਲਿਫਾਫਾ ਮਿਲਦਾ ਹੈ ਤਾਂ ਉਸ ਨੂੰ ਭਾਰੀ ਜੁਰਮਾਨਾ ਕੀਤਾ ਜਾਂਦਾ ਹੈ।