ਸ੍ਰੀ ਮੁਕਤਸਰ ਸਾਹਿਬ, 27 ਸਤੰਬਰ : ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਆਟੋ ਚਾਲਕਾਂ ਨੂੰ ਵੱਡੀ ਰਾਹਤ ਦੇਣ ਦਾ ਫੈਸਲਾ ਕੀਤਾ ਹੈ। ਇਹ ਜਾਣਕਾਰੀ ਦਿੰਦੇ ਹੋਏ ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਮੰਤਰੀ ਡਾ. ਬਲਜੀਤ ਕੌਰ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਅਨੁਸੂਚਿਤ ਜਾਤੀ ਅਭਯੁਦਿਆ ਯੋਜਨਾ ਸਕੀਮ ਤਹਿਤ ਅਨੁਸੂਚਿਤ ਜਾਤੀ ਦੇ ਡੀਜ਼ਲ ਇੰਜਣ ਵਾਲੇ ਆਟੋ ਚਲਾਉਂਣ ਵਾਲੇ ਚਾਲਕਾਂ ਨੂੰ ਬੈਂਟਰੀ ਵਾਲਾ ਈ-ਰਿਕਸ਼ਾ ਉਪਲਬੱਧ ਕਰਵਾਇਆ ਜਾਵੇਗਾ। ਕੈਬਨਿਟ ਮੰਤਰੀ ਅਨੁਸਾਰ ਪ੍ਰਧਾਨ ਮੰਤਰੀ ਅਨੁਸੂਚਿਤ ਜਾਤੀ ਅਭਯੁਦਿਆ ਯੋਜਨਾ ਤਹਿਤ ਅਨੁਸੂਚਿਤ ਜਾਤੀ ਦਾ ਵਿਅਕਤੀ ਜੋ ਡੀਜ਼ਲ ਇੰਜਣ ਵਾਲੇ ਆਟੋ ਚਲਾਉਂਦੇ ਹਨ, ਉਹ ਆਟੋ-ਚਾਲਕ ਬੈਂਟਰੀ ਵਾਲਾ ਈ-ਰਿਕਸ਼ਾ ਪ੍ਰਾਪਤ ਕਰ ਸਕਦੇ ਹਨ, ਜਿਸ ਦੀ ਕੀਮਤ ਲਗਭਗ 1,50,000/- ਰੁਪਏ ਹੈ। ਇਸ ਸਕੀਮ ਤਹਿਤ ਇਹ ਰਿਕਸ਼ਾ ਪ੍ਰਾਪਤ ਕਰਨ ਵਾਲੇ ਬਿਨੈਕਾਰ ਨੂੰ 50,000/- ਰੁਪਏ ਦੀ ਵਿੱਤੀ ਸਹਾਇਤਾ ਅਤੇ ਪੰਜਾਬ ਅਨੁਸੂਚਿਤ ਜਾਤੀਆਂ, ਭੌਂ ਵਿਕਾਸ ਅਤੇ ਵਿੱਤ ਕਾਰਪੋਰੇਸ਼ਨ ਤੋਂ 1,00,000/- ਰੁਪਏ ਦੀ ਲੋਨ ਦੀ ਸੁਵਿਧਾ ਪ੍ਰਦਾਨ ਕੀਤੀ ਜਾਵੇਗੀ। ਜਗਮੋਹਨ ਸਿੰਘ ਮਾਨ, ਜ਼ਿਲ੍ਹਾ ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਅਫ਼ਸਰ, ਸ੍ਰੀ ਮੁਕਤਸਰ ਸਾਹਿਬ ਨੇ ਦੱਸਿਆ ਕਿ ਬਿਨੈਕਾਰ ਆਟੋ ਰਿਕਸ਼ਾ ਦੀ ਰਜਿਸਟਰੇਸ਼ਨ ਦੀ ਫੋਟੋ ਕਾਪੀ, ਅਨੁਸੂਚਿਤ ਜਾਤੀ ਦਾ ਸਰਟੀਫਿਕੇਟ ਦੀ ਫੋਟੋ ਕਾਪੀ, ਆਧਾਰ ਕਾਰਡ, ਈ-ਰਿਕਸ਼ਾ ਪ੍ਰਾਪਤ ਕਰਨ ਲਈ ਅਰਜ਼ੀ ਅਤੇ ਦਸਤਾਵੇਜ਼ ਸਬੰਧਤ ਦਫਤਰ ਜ਼ਿਲ੍ਹਾ ਸਮਾਜਿਕ ਨਿਆਂ ਅਤੇ ਅਧਿਕਾਰਤਾ ਅਫਸਰ ਵਿਖੇ ਜਮ੍ਹਾਂ ਕਰਵਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਅਨੁਸੂਚਿਤ ਜਾਤੀ ਨਾਲ ਸਬੰਧਤ ਦਿਵਿਆਂਗ ਵਿਅਕਤੀ ਜੋ ਈ-ਰਿਕਸ਼ਾ ਚਲਾਉਣ ਦੇ ਸਮਰੱਥ ਹੋਣ ਉਹ ਵੀ ਈ-ਰਿਕਸ਼ਾ ਲਈ ਬਿਨੈ ਕਰ ਸਕਦੇ ਹਨ।