ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਚੋਣਾਂ ਲਈ ਵੋਟਰ ਸੂਚੀਆਂ ਦੀ ਡਰਾਫਟ ਪ੍ਰਕਾਸ਼ਨਾ 10 ਫਰਵਰੀ ਨੂੰ : ਜ਼ਿਲ੍ਹਾ ਚੋਣ ਅਫ਼ਸਰ

  • ਦੱਸਿਆ,11 ਤੋਂ 18 ਫਰਵਰੀ ਤੱਕ ਦਿੱਤੇ ਜਾ ਸਕਦੇ ਨੇ ਦਾਅਵੇ ਤੇ ਇਤਰਾਜ਼,ਪ੍ਰਾਪਤ ਦਾਅਵੇ ਤੇ ਇਤਰਾਜ਼ਾਂ ਨਿਪਟਾਰਾ 27 ਫਰਵਰੀ ਤੱਕ, ਅੰਤਿਮ ਪ੍ਰਕਾਸ਼ਨਾ 3 ਮਾਰਚ ਨੂੰ
  • ਦਿਹਾਤੀ ਖੇਤਰਾਂ ਵਿੱਚ ਨਵੀਂ ਰਜਿਸਟ੍ਰੇਸ਼ਨ, ਵੋਟ ਕਟਵਾਉਣ, ਤਬਦੀਲੀ ਲਈ 14 ਅਤੇ 15 ਫਰਵਰੀ 2025 ਨੂੰ ਵਿਸ਼ੇਸ਼ ਮੁਹਿੰਮ ਚਲਾਈ ਜਾਵੇਗੀ

ਮਾਲੇਰਕੋਟਲਾ 07 ਫਰਵਰੀ 2025 : ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਡਾ ਪੱਲਵੀ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਗ੍ਰਾਮ ਪੰਚਾਇਤ ਚੋਣਾਂ ਲਈ ਵੋਟਰ ਸੂਚੀਆਂ ਨੂੰ ਅਪਡੇਟ ਕੀਤਾ ਗਿਆ ਸੀ, ਜਿਨ੍ਹਾਂ ਦੀ ਅੰਤਿਮ ਪ੍ਰਕਾਸ਼ਨਾ ਕੀਤੀ ਜਾ ਚੁੱਕੀ ਅਤੇ ਹੁਣ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਦੀਆਂ ਆਮ ਚੋਣਾਂ-2025 ਲਈ ਇਨ੍ਹਾਂ ਵੋਟਰ ਸੂਚੀਆਂ ਦੀ ਸੁਧਾਈ ਕੀਤੀ ਜਾਣੀ ਹੈ। ਜ਼ਿਲ੍ਹਾ ਚੋਣ ਅਫ਼ਸਰ ਨੇ ਅੱਗੇ ਦੱਸਿਆ ਕਿ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਦੀਆਂ ਆਮ ਚੋਣਾ ਲਈ ਇਨ੍ਹਾਂ ਵੋਟਰ ਸੂਚੀਆਂ ਨੂੰ ਆਧਾਰ ਵਜੋਂ ਵਰਤਿਆ ਜਾਣਾ ਹੈ, ਜੋ ਯੋਗਤਾ ਮਿਤੀ 01 ਮਾਰਚ 2025 ਦੇ ਆਧਾਰ ’ਤੇ ਹੋਰ ਅਪਡੇਟ ਕੀਤੀਆਂ ਜਾਣੀਆਂ ਹਨ। ਉਨ੍ਹਾਂ ਦੱਸਿਆ ਕਿ ਵੋਟਰ ਸੂਚੀਆਂ (ਮੌਜੂਦਾ ਗ੍ਰਾਮ ਪੰਚਾਇਤ ਅਪਟੇਡਿਟ ਵੋਟਰ ਸੂਚੀਆਂ, ਜਿਨ੍ਹਾਂ ਦੀ ਅੰਤਿਮ ਪ੍ਰਕਾਸ਼ਨਾ 4 ਸਤੰਬਰ 2024 ਨੂੰ ਹੋਈ) ਦੀ ਡਰਾਫਟ ਪ੍ਰਕਾਸ਼ਨਾ 10 ਫਰਵਰੀ ਨੂੰ ਕੀਤੀ ਜਾਵੇਗੀ। ਇਨ੍ਹਾਂ ਵੋਟਰ ਸੂਚੀਆਂ ਸਬੰਧੀ 11 ਫਰਵਰੀ ਤੋਂ 18 ਫਰਵਰੀ 2025 ਤੱਕ ਦਾਅਵੇ ਅਤੇ ਇਤਰਾਜ਼ ਸਬੰਧਿਤ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ ਵਲੋਂ ਪ੍ਰਾਪਤ ਕੀਤੇ ਜਾਣਗੇ, ਜਿਨ੍ਹਾਂ ਦਾ ਨਿਪਟਾਰਾ 27 ਫਰਵਰੀ 2025 ਤੱਕ ਕੀਤਾ ਜਾਵੇਗਾ। ਉਨ੍ਹਾਂ ਇਹ ਵੀ ਦੱਸਿਆ ਕਿ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਚੋਣਾਂ ਲਈ ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾ 03 ਮਾਰਚ 2025 ਨੂੰ ਕਰ ਦਿੱਤੀ ਜਾਵੇਗੀ। ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਸਬੰਧਿਤ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰਾਂ ਵਲੋਂ ਦਿਹਾਤੀ ਖੇਤਰਾਂ ਵਿੱਚ ਨਵੀਂ ਰਜਿਸਟ੍ਰੇਸ਼ਨ, ਵੋਟ ਕਟਵਾਉਣ, ਤਬਦੀਲੀ ਲਈ 14 ਫਰਵਰੀ 2025  ਦਿਨ ਸ਼ੁੱਕਰਵਾਰ ਅਤੇ 15 ਫਰਵਰੀ 2025 ਦਿਨ ਸ਼ਨੀਵਾਰ ਨੂੰ ਵਿਸ਼ੇਸ਼ ਮੁਹਿੰਮ ਚਲਾਈ ਜਾਵੇਗੀ। ਉਨ੍ਹਾਂ ਦੱਸਿਆ ਕਿ ਯੋਗ ਵਿਅਕਤੀ ਆਪਣਾ ਬਿਨੈ ਪੱਤਰ ਨਵੀਂ ਵੋਟ ਰਜਿਸਟਰ ਕਰਵਾਉਣ ਲਈ ਫਾਰਮ-1, ਕਿਸੇ ਵੀ ਇਤਰਾਜ਼/ ਵੋਟ ਕਟਵਾਉਣ ਲਈ ਫਾਰਮ ਨੰ. 2 ਅਤੇ ਵੋਟਰ ਸੂਚੀ ਵਿੱਚ ਕਿਸੇ ਵੀ ਸੋਧ ਲਈ ਫਾਰਮ-3 ਦੀ ਵਰਤੋਂ ਕਰਕੇ ਕਿਸੇ ਵੀ ਕੰਮਕਾਜੀ ਦਿਨ ਸਬੰਧਿਤ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰਾਂ (ਐਸ.ਡੀ.ਐਮਜ਼) ਨੂੰ ਦੇ ਸਕਦੇ ਹਨ। ਉਨ੍ਹਾਂ ਦੱਸਿਆ ਕਿ ਵੋਟਰ ਸੂਚੀਆਂ ਵਿੱਚ ਦਾਅਵੇ ਅਤੇ ਇਤਰਾਜ਼ ਪੇਸ਼ ਕਰਨ ਲਈ ਫਾਰਮ ਸਬੰਧਿਤ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ (ਐਸ.ਡੀ.ਐਮਜ਼) ਦੇ ਦਫ਼ਤਰ ਵਿਖੇ ਉਪਲੱਬਧ ਹਨ ਜਾਂ ਇਹ ਫਾਰਮ ਰਾਜ ਚੋਣ ਕਮਿਸ਼ਨ ਦੀ ਵੈਬਸਾਈਟ <sec.punjab.gov.in> ਤੋਂ “ Panchayat Election> Statutory Forms” ਤੋਂ ਵੀ ਡਾਊਨਲੋਡ ਕੀਤੇ ਜਾ ਸਕਦੇ ਹਨ। ਉਨ੍ਹਾਂ ਸਮੂਹ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ-ਕਮ-ਉਪ ਮੰਡਲ ਮੈਜਿਸਟ੍ਰੇਟ ਨੂੰ ਉਕਤ ਪ੍ਰੋਗਰਾਮ ਦੀ ਸਖ਼ਤੀ ਨਾਲ ਪਾਲਣਾ ਕਰਦਿਆਂ ਸਾਰੇ ਯੋਗ ਵੋਟਰਾਂ ਦੀ ਸਮੇਂ ਸਿਰ ਰਜਿਸਟ੍ਰੇਸ਼ਨ ਯਕੀਨੀ ਬਣਾਉਣ ਦੀ ਹਦਾਇਤ ਕੀਤੀ।