ਲੁਧਿਆਣਾ, 13 ਅਪ੍ਰੈਲ : ਲੁਧਿਆਣਾ ਵਿੱਚ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਦੇ ਨਿਰਦੇਸ਼ਾਂ ‘ਤੇ ਆਬਕਾਰੀ ਵਿਭਾਗ ਅਤੇ ਪੁਲਿਸ ਟੀਮ ਨੇ ਨਜਾਇਜ਼ ਸ਼ਰਾਬ ਵੇਚਣ ਵਾਲਿਆਂ ‘ਤੇ ਛਾਪੇਮਾਰੀ ਕੀਤੀ ਹੈ। ਪੁਲਿਸ ਨੇ ਦੋ ਔਰਤਾਂ ਕੋਲੋਂ 35,000 ਲੀਟਰ ਸ਼ਰਾਬ ਅਤੇ 59 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਹੈ। ਦੱਸ ਦਈਏ ਕਿ ਅਣਪਛਾਤੇ ਸ਼ਰਾਬ ਸਮੱਗਲਰਾਂ ਨੇ ਨਹਿਰ ਦੇ ਕੰਢੇ ਜ਼ਮੀਨ ਹੇਠਾਂ ਟੋਏ ਪੁੱਟ ਕੇ ਸ਼ਰਾਬ ਛੁਪਾ ਦਿੱਤੀ ਸੀ। ਜਿਸ ਨੂੰ ਮੁਲਾਜ਼ਮਾਂ ਨੇ ਸਖ਼ਤ ਮਿਹਨਤ ਨਾਲ ਲੱਭਿਆ। ਵਧੀਕ ਕਮਿਸ਼ਨਰ (ਆਬਕਾਰੀ) ਇੰਦਰਜੀਤ ਸਿੰਘ ਨਾਗਪਾਲ ਨੇ ਦੱਸਿਆ ਕਿ ਆਬਕਾਰੀ ਇੰਸਪੈਕਟਰ ਹਰਸ਼ਪਿੰਦਰ ਸਿੰਘ ਅਤੇ ਬਲਕਰਨ ਸਿੰਘ ਦੀ ਅਗਵਾਈ ਹੇਠਲੀਆਂ ਟੀਮਾਂ ਨੇ ਸਥਾਨਕ ਸਿੱਧਵਾਂ ਬੇਟ ਪੁਲਿਸ ਨਾਲ ਮਿਲ ਕੇ ਸ਼ੇਰੇਵਾਲਾ ਅਤੇ ਵਲੀਪੁਰ ਖੁਰਦ ਵਿੱਚ ਛਾਪੇਮਾਰੀ ਕਰਕੇ 35 ਹਜ਼ਾਰ ਲੀਟਰ ਲਾਹਣ ਬਰਾਮਦ ਕੀਤੀ ਹੈ। ਇਸਤੋਂ ਇਲਾਵਾ ਟੀਮ ਨੇ ਪਿੰਡ ਸ਼ੇਰੇਵਾਲਾ ਦੀ ਮਨਦੀਪ ਕੌਰ ਅਤੇ ਬਿਮਲ ਬਾਈ ਨਾਂ ਦੀਆਂ ਦੋ ਔਰਤਾਂ ਕੋਲੋਂ 59 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਕੀਤੀ। ਟੀਮ ਨੇ ਜ਼ਬਤ ਲਾਹਣ ਨੂੰ ਮੌਕੇ ‘ਤੇ ਹੀ ਨਸ਼ਟ ਕਰਵਾ ਦਿੱਤਾ। ਦੋਵਾਂ ਔਰਤਾਂ ਖ਼ਿਲਾਫ਼ ਆਬਕਾਰੀ ਐਕਟ ਤਹਿਤ ਵੱਖ-ਵੱਖ ਕੇਸ ਦਰਜ ਕਰ ਲਏ ਗਏ ਹਨ।