ਲੁਧਿਆਣਾ, 07 ਅਗਸਤ 2024 : ਨੌਜਵਾਨਾਂ ਵਿੱਚ ਵਿਦੇਸ਼ ਜਾਣ ਦੀ ਦਿਨ ਬਦਿਨ ਵਧ ਰਹੀ ਲਾਲਸਾ ਦਾ ਉਠਾ ਕੇ ਕਈ ਧੋਖੇਬਾਜ ਏਜੰਟ ਲੋਕਾਂ ਨਾਲ ਵਿਦੇਸ਼ ਭੇਜਣ ਦੇ ਨਾਮ ਤੇ ਲੱਖਾਂ ਦੀਆਂ ਠੱਗੀਆਂ ਮਾਰ ਕੇ ਰਫੂ ਚੱਕਰ ਹੋ ਜਾਣ ਦੀਆਂ ਖਬਰਾਂ ਆਮ ਹੀ ਸੁਣਨ ਨੂੰ ਮਿਲ ਰਹੀਆਂ ਹਨ। ਅਜਿਹੇ ਏਜੰਟਾਂ ਵੱਲੋਂ ਦਿਖਾਏ ਸੁਪਨਿਆਂ ਕਾਰਨ ਹਜ਼ਾਰਾਂ ਲੋਕ ਠੱਗੀ ਹੋਣ ਤੋਂ ਬਾਅਦ ਇਨਸਾਫ ਦੀ ਭਾਲ ਵਿੱਚ ਫਿਰ ਰਹੇ ਹਨ। ਇਸੇ ਤਰ੍ਹਾਂ ਦਾ ਇੱਕ ਮਾਮਲਾ ਲੁਧਿਆਣਾ ਤੋਂ ਸਾਹਮਣੇ ਆਇਆ ਹੈ, ਜਿਸ ਵਿੱਚ ਲੁਧਿਆਣਾ ਪੁਲਿਸ ਵੱਲੋਂ ਸ਼ਹਿਰ ਦੀ ਇੱਕ ਨਾਮੀ ਇੰਮੀਗ੍ਰੇਸ਼ਨ ਕੰਪਨੀ ਦੇ ਸੰਚਾਲਕ ਭੈਣ-ਭਰਾ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ 1 ਕਰੋੜ 7 ਲੱਖ ਰੁਪਏ ਦੀ ਰਾਸ਼ੀ ਬਰਾਮਦ ਕਰਵਾਈ ਗਈ ਹੈ। ਜੋ ਕਥਿਤ ਦੋਸ਼ੀਆਂ ਨੇ ਲੋਕਾਂ ਤੋਂ ਵਿਦੇਸ਼ ਭੇਜਣ ਤੇ ਨਾਮ ਤੇ ਇੱਕਠੀ ਕੀਤੀ ਸੀ। ਇਸ ਮੌਕੇ ਏਡੀਸੀਪੀ ਸ਼ੁਭਮ ਅਗਰਵਾਲ ਨੇ ਦੱਸਿਆ ਕਿ ਕੁਝ ਦਿਨੀਂ ਸੂਬੇ ਦੇ ਵੱਖ-ਵੱਖ ਇਲਾਕਿਆਂ ’ਚ ਪੀੜਤਾਂ ਨੇ ਗਲੋਬਲ ਵੇਅ ਇਮੀਗ੍ਰੇਸ਼ਨ ਖ਼ਿਲਾਫ਼ ਪ੍ਰਦਰਸ਼ਨ ਕੀਤਾ ਸੀ। ਜਾਣਕਾਰੀ ਅਨੁਸਾਰ ਉਹ ਵਿਦੇਸ਼ ਭੇਜਣ ਦੇ ਨਾਂ ’ਤੇ ਲੋਕਾਂ ਨੂੰ ਠੱਗਦੇ ਸਨ ਅਤੇ ਉਨ੍ਹਾਂ ਨੂੰ ਇਹ ਧੋਖਾ ਦਿੰਦੇ ਸਨ ਕਿ ਫਾਈਲ ਜਮ੍ਹਾਂ ਕਰਵਾ ਕੇ ਵੀਜ਼ਾ ਲਗਵਾਉਣ ਤੋਂ ਬਾਅਦ ਹੀ ਉਹ ਪੂਰੀ ਰਕਮ ਲੈਣਗੇ, ਜਦੋਂ ਮੁਲਜ਼ਮ ਫਾਈਲ ਬਣਾ ਕੇ ਲੋਕਾਂ ਵਿੱਚ ਇਹ ਡਰ ਪੈਦਾ ਕਰਦੇ ਸਨ ਕਿ ਉਨ੍ਹਾਂ ਦੀ ਫਾਈਲ ਰੱਦ ਹੋ ਸਕਦੀ ਹੈ। ਇਸ ਤਰ੍ਹਾਂ ਮੁਲਜ਼ਮ ਲੋਕਾਂ ਤੋਂ ਲੱਖਾਂ ਰੁਪਏ ਠੱਗ ਲੈਂਦੇ ਸਨ। ਪੁਲਿਸ ਨੇ ਦੱਸਿਆ ਕਿ ਮੁਲਜ਼ਮਾਂ ਨੇ ਕਈ ਵਿਅਕਤੀਆਂ ਨਾਲ ਕਰੋੜਾਂ ਰੁਪਏ ਦੀ ਠੱਗੀ ਮਾਰੀ ਹੈ। ਉਨ੍ਹਾਂ ਦੱਸਿਆ ਕਿ ਮਾਮਲੇ ਦੀ ਜਾਂਚ ਦੌਰਾਨ ਮੁਲਜ਼ਮਾਂ ਕੋਲੋਂ 1 ਕਰੋੜ 7 ਲੱਖ ਰੁਪਏ ਨਕਦੀ ਵੀ ਬਰਾਮਦ ਕੀਤੀ ਗਈ ਹੈ।