ਹਾੜ੍ਹੀ ਦੀਆਂ ਫਸਲਾਂ ਦੀ ਬਿਜਾਈ ਲਈ ਜ਼ਰੂਰਤ ਅਨੁਸਾਰ ਫਾਸਾਫੈਟਿਕ ਖਾਦ ਉਪਲਬਧ ਕਰਵਾ ਦਿੱਤੀ ਜਾਵੇਗੀ : ਮੁੱਖ ਖੇਤੀਬਾੜੀ ਅਫਸਰ

  • ਜਿਲ੍ਹੇ ਅੰਦਰ ਫਾਸਫੈਟਿਕ ਖਾਦ ਦੀ ਇਕਸਾਰ ਵੰਡ ਲਈ ਬਲਾਕ ਅਤੇ ਜ਼ਿਲਾ ਪੱਧਰ ਤੇ ਟੀਮਾਂ ਦਾ ਗਠਨ ਕੀਤਾ ਗਿਆ

ਫਰੀਦਕੋਟ, 9 ਅਕਤੂਬਰ 2024 : ਸਥਾਨਕ ਮੁੱਖ ਖੇਤੀਬਾੜੀ ਦਫਤਰ ਵਿੱਚ ਜਿਲ੍ਹੇ ਦੇ ਕਿਸਾਨ ਆਗੂਆਂ ਨਾਲ ਮੁੱਖ ਖੇਤੀਬਾੜੀ ਅਫਸਰ ਡਾ. ਅਮਰੀਕ ਸਿੰਘ ਵੱਲੋਂ ਇਫਕੋ ਦੇ ਸਟੇਟ ਮਾਰਕੀਟਿੰਗ ਪ੍ਰਬੰਧਕ ਸ੍ਰੀ ਹਰਮੇਲ ਸਿੰਘ ਸਿੱਧੂ ਨਾਲ ਮੀਟਿੰਗ ਕਰਵਾਈ ਗਈ ਅਤੇ ਮੀਟਿੰਗ ਵਿੱਚ ਫਾਸਫੈਟਿਕ ਖਾਦਾਂ ਦੀ ਮੰਗ ਅਤੇ ਉਪਲਬਧਤਾ ਅਤੇ ਨੈਨੋ ਯੂਰੀਆ ਬਾਰੇ ਵਿਚਾਰ ਚਰਚਾ ਕੀਤੀ ਗਈ। ਵਰਣਨਯੋਗ ਹੈ ਕਿ ਪਿਛਲੇ ਦਿਨੀਂ ਖੇਤਰੀ ਖੋਜ ਕੇਂਦਰ ਫਰੀਦਕੋਟ ਵੱਲੋਂ ਲਗਾਏ ਗਏ ਕਿਸਾਨ ਮੇਲੇ ਦੌਰਾਨ ਕਿਸਾਨ ਜਥੇਬੰਦੀ ਵੱਲੋਂ ਮੰਗ ਪੱਤਰ ਦਿੱਤਾ ਗਿਆ ਸੀ। ਇਸ ਮੌਕੇ ਫੀਲਡ ਅਧਿਕਾਰੀ ਇਫਕੋ ਸ੍ਰੀ ਸ਼ੁਭਮ ਬਾਂਸਲ ਵੀ ਮੌਜੂਦ ਸਨ। ਮੀਟਿੰਗ ਨੂੰ ਸੰਬੋਧਨ ਕਰਦਿਆਂ ਮੁੱਖ ਖੇਤੀਬਾੜੀ ਅਫ਼ਸਰ ਡਾ. ਅਮਰੀਕ ਸਿੰਘ ਨੇ ਦੱਸਿਆ ਕਿ ਹਾੜੀ ਦੌਰਾਨ ਫਸਲਾਂ ਦੀ ਬਿਜਾਈ ਲਈ ਤਕਰੀਬਨ 16000 ਟਨ ਫਾਸਫੈਟਿਕ ਖਾਦਾਂ ਦੀ ਜ਼ਰੂਰਤ ਪਵੇਗੀ। ਉਨਾਂ ਦੱਸਿਆ ਕਿ ਇਸ ਸਮੇਂ ਜ਼ਿਲੇ ਅੰਦਰ ਕਰੀਬ 9000 ਮੀਟ੍ਰਿਕ ਟਨ ਫਾਸਫੈਟਕ ਖਾਦਾਂ ਉਪਲਬਧ ਹਨ ਅਤੇ ਬਾਕੀ ਅਗਲੇ ਦਿਨਾਂ ਦੌਰਾਨ ਆ ਜਾਵੇਗੀ। ਉਨਾਂ ਕਿਹਾ ਕਿ ਕਣਕ ਦੀ ਬਿਜਾਈ ਤਕ ਲੋੜੀਂਦੀ ਮਾਤਰਾ ਵਿਚ ਖਾਦਾਂ ਦੀ ਉਪਲਬਧਤਾ ਹੋ ਜਾਵੇਗੀ ਅਤੇ ਕਿਸੇ ਕਿਸਮ ਦੀ ਘਾਟ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਕਣਕ ਦੀ ਬਿਜਾਈ ਲਈ ਕਿਸਾਨ ਖਾਦ (12:32:16) ਦੀ ਵਰਤੋਂ ਵੀ ਕੀਤੀ ਜਾਵੇ,ਜਿਸ ਵਿਚ ਪੋਟਾਸ਼ ਖਾਦ ਫ਼ਸਲ ਨੂੰ ਮਿਲ ਜਾਂਦੀ ਹੈ ਜੋ ਕਣਕ ਦੀ ਫ਼ਸਲ ਦੀ ਪੈਦਾਵਾਰ ਵਿੱਚ ਵਾਧਾ ਕਰਨ ਵਿਚ ਸਹਾਈ ਹੁੰਦੀ ਹੈ।ਉਨਾਂ ਦੱਸਿਆ ਕਿ ਫਾਸਫੈਟਿਕ ਦੀ ਇਕਸਾਰ ਵੰਡ ਨੂੰ ਯਕੀਨੀ ਬਣਾਉਣ ਲਈ ਬਲਾਕ ਅਤੇ ਜਿਲਾ ਪੱਧਰ ਤੇ ਟੀਮਾਂ ਦਾ ਗਠਨ ਕਰ ਦਿੱਤਾ ਗਿਆ ਹੈ, ਜੋਂ ਸਮੇਂ ਸਮੇਂ ਤੇ ਜ਼ਰੂਰਤ ਅਨੁਸਾਰ ਦੁਕਾਨਾਂ ਅਤੇ ਸਹਿਕਾਰੀ ਸਭਾਵਾਂ ਦੀ ਚੈਕਿੰਗ ਕਰਨਗੀਆਂ। ਉਨਾਂ ਕਿਹਾ ਕਿ ਖੇਤੀਬਾੜੀ ਅਧਿਕਾਰੀਆਂ ਨੂੰ ਕਾਲਾ ਬਾਜ਼ਾਰੀ ਕਰਨ ਵਾਲੇ ਦੁਕਾਨਦਾਰਾਂ ਵਿਰੁੱਧ ਸਖਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਹਨ।ਉਨਾਂ ਕਿਸਾਨਾਂ ਨੂੰ ਯਕੀਨ ਦਿਵਾਇਆ ਕਿ ਕਿਸਾਨਾਂ ਦੀ ਮੰਗ ਦੇ ਅਨੁਸਾਰ ਸਮੇਂ ਸਿਰ ਫਾਸਫੈਟਿਕ ਖਾਦਾਂ ਦੀ  ਉਪਲਬਧਤਾ ਕਰਵਾ ਦਿੱਤੀ ਜਾਵੇਗੀ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕਿ ਜੇਕਰ ਕੋਈ ਨਿੱਜੀ ਖਾਦ ਵਿਕ੍ਰੇਤਾ ਜਾਂ ਸਹਿਕਾਰੀ ਸਭਾ ਦੇ ਸਕੱਤਰ ਖਾਦਾਂ ਦੇ ਨਾਲ ਹੋਰ ਉਤਪਾਦਾਂ ਦੀ ਟੈਗਿੰਗ ਕਰਨ ਕਰਦੇ ਹਨ, ਤਾਂ ਲਿਖਤੀ ਰੂਪ ਵਿਚ ਖੇਤੀਬਾੜੀ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਂਦਾ ਜਾਵੇ। ਉਨ੍ਹਾਂ ਨਿੱਜੀ ਖਾਦ ਵਿਕਰੇਤਾਵਾਂ ਅਤੇ ਸਹਿਕਾਰੀ ਸਭਾਵਾਂ ਦੇ ਸਕੱਤਰਾਂ ਨੂੰ ਅਪੀਲ ਕੀਤੀ ਕਿ ਉਹ ਪੋਸ ਮਸ਼ੀਨਾਂ ਅਤੇ ਗੋਦਾਮਾਂ ਵਿਚ ਉਪਲਬਧ ਖਾਦ ਦਾ ਮਿਲਾਨ ਇਕਸਾਰ ਕਰਨ ਤਾਂ ਜੋ ਸਮੇਂ ਸਿਰ ਖਾਦਾਂ ਦੀ ਉਪਲਬਧਤਾ ਹੋ ਸਕੇ। ਉਨਾਂ ਕਿਹਾ ਕਿ ਕਿਸੇ ਵੀ ਕਿਸਾਨ ਨੂੰ ਖਾਦ ਦੇ ਨਾਲ ਕੋਈ ਹੋਰ ਸਮਗਰੀ ਵੇਚਣ ਦੀ ਇਜਾਜਤ ਨਹੀਂ ਦਿੱਤੀ ਜਾਵੇਗੀ ,ਜੇਕਰ ਕੋਈ ਨਿੱਜੀ ਖਾਦ ਵਿਕ੍ਰੇਤਾ ਅਜਿਹਾ ਕਰਦਾ ਪਾਇਆ ਗਿਆ ਤਾਂ ਉਸ ਖਿਲਾਫ ਸਖ਼ਤ ਕਾਨੂੰਨੀ ਕਾਰਵਾਈ ਕਰਦਿਆਂ ਲਾਇਸੰਸ ਰੱਦ ਵੀ ਕੀਤਾ ਜਾ ਸਕਦਾ ਹੈ। ਮੀਟਿੰਗ ਵਿੱਚ ਕਿਸਾਨ ਆਗੂ ਜਸਵਿੰਦਰ ਸਿੰਘ ਨੇ ਦੱਸਿਆ ਕਿ ਸਹਿਕਾਰੀ ਸਭਾਵਾਂ ਵਿੱਚ ਕਿਸਾਨਾਂ ਨੂੰ ਨੈਨੋ ਯੂਰੀਆ ਅਤੇ ਡੀ.ਏ.ਪੀ ਬਾਰੇ ਜਾਣਕਾਰੀ ਨਾ ਹੋਣ ਕਾਰਨ ਕਈ ਤਰਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਉਨਾਂ ਮੰਗ ਕੀਤੀ ਕਿ ਹਾੜੀ ਸੀਜ਼ਨ ਦੌਰਾਨ ਫਸਲਾਂ ਦੀ ਬਿਜਾਈ ਲਈ ਡੀ.ਏ.ਪੀ ਖਾਦ ਮੰਗ ਅਨੁਸਾਰ ਉਪਲਬਧ ਕਰਵਾਈ ਜਾਵੇ। ਵਿਚਾਰ ਚਰਚਾ ਕਰਦਿਆਂ ਹਰਮੇਲ ਸਿੰਘ ਸਿੱਧੂ ਨੇ ਦੱਸਿਆ ਕਿ ਉਨਾਂ ਦੱਸਿਆ ਕਿ ਇਫਕੋ ਵਲੋਂ ਦਿੱਤੀ ਜਾ ਰਹੀ ਨੈਨੋ ਯੂਰੀਆ ਅਤੇ ਡੀ.ਏ.ਪੀ ਬਾਰੇ ਇਫਕੋ ਵੱਲੋਂ ਸਮੂਹ ਸਹਿਕਾਰੀ ਸਭਾਵਾਂ ਅਤੇ ਨਿੱਜੀ ਖਾਦ ਵਿਕਰੇਤਾਵਾਂ ਨੂੰ ਹਦਾਇਤਾਂ ਜਾਰੀ ਕੀਤੀ ਗਈਆਂ ਹਨ ਕਿਸੇ ਵੀ ਕਿਸਾਨ ਨੂੰ ਇੱਛਾ ਅਨੁਸਾਰ ਇੱਕ ਜਾਂ ਦੋ ਬੋਤਲਾਂ ਹੀ ਦਿੱਤੀਆਂ ਜਾਣ ਤਾਂ ਜੋ ਕਿਸਾਨ ਇਸ ਦੀ ਵਰਤੋਂ ਕਰਕੇ ਨੈਨੋ ਯੂਰੀਆ ਅਤੇ ਡੀ.ਏ.ਪੀ  ਤਰਲ ਖਾਦ ਦੇ ਪ੍ਰਭਾਵ ਤੋਂ ਜਾਣੂ ਹੋ ਸਕਣ।