ਬਠਿੰਡਾ, 22 ਨਵੰਬਰ 2024 : ਬਠਿੰਡਾ ਦੇ ਪਿੰਡ ਦੂਨੇਵਾਲਾ ਵਿਚ ਪੁਲਿਸ ਅਤੇ ਕਿਸਾਨਾਂ ਦਰਮਿਆਨ ਝੜਪ ਹੋਈ। ਭਾਰਤ ਮਾਲਾ ਪ੍ਰੋਜੈਕਟ ਤਹਿਤ ਇਥੇ ਪ੍ਰਸ਼ਾਸਨ ਜ਼ਮੀਨ ਉਤੇ ਕਬਜ਼ਾ ਲੈਣ ਆਈ ਸੀ। ਭਾਰਤ ਮਾਲਾ ਪ੍ਰੋਜੈਕਟ ਤਹਿਤ ਸਰਕਾਰ ਨੇ ਪਹਿਲਾਂ ਹੀ ਕਿਸਾਨਾਂ ਦੀ ਜ਼ਮੀਨ ਐਕਵਾਇਅਰ ਕੀਤੀ ਸੀ, ਪਰ ਕਬਜ਼ਾ ਹਾਲੇ ਲੈਣਾ ਸੀ। ਅੱਜ ਜਦੋਂ ਪ੍ਰਸ਼ਾਸਨ ਪੁਲਿਸ ਫੋਰਸ ਨਾਲ ਜ਼ਮੀਨ ਦਾ ਕਬਜ਼ਾ ਲੈਣ ਆਏ ਤਾਂ ਕਿਸਾਨਾਂ ਨੇ ਵਿਰੋਧ ਕੀਤਾ ਅਤੇ ਕਿਸਾਨ ਜਥੇਬੰਦੀਆਂ ਇੱਕਠੀਆਂ ਹੋ ਕੇ ਪ੍ਰਸ਼ਾਸਨ ਨੂੰ ਰੋਕਣ ਲਈ ਆ ਗਈਆਂ ਤਾਂ ਪੁਲਿਸ ਨੇ ਵੀ ਹੰਝੂ ਗੋਲੇ ਬਰਸਾ ਦਿੱਤੇ ਜਿਸ ਨਾਲ ਕਿਸਾਨ ਖਿੰਡ ਗਏ। ਕਿਸਾਨ ਇਸ ਜ਼ਮੀਨ ਲਈ 70 ਲੱਖ ਰੁਪਏ ਪ੍ਰਤੀ ਏਕੜ ਮੁਆਵਜ਼ੇ ਦੀ ਮੰਗ ਕਰ ਰਹੇ ਹਨ। ਜਦੋਂਕਿ ਪ੍ਰਸ਼ਾਸਨ ਵੱਲੋਂ ਉਸ ਨੂੰ 47 ਲੱਖ ਰੁਪਏ ਦਿੱਤੇ ਜਾ ਰਹੇ ਹਨ। ਅੱਜ ਵੱਡੀ ਗਿਣਤੀ ਵਿੱਚ ਕਿਸਾਨ ਇਸ ਜ਼ਮੀਨ ਦਾ ਕਬਜ਼ਾ ਛੁਡਵਾਉਣ ਲਈ ਯਤਨਸ਼ੀਲ ਹਨ। ਉਹ ਪਿੰਡ ਦੁੱਨੇਵਾਲਾ ਪਹੁੰਚ ਗਏ ਹਨ। ਉਨ੍ਹਾਂ ਨੂੰ ਖਿੰਡਾਉਣ ਲਈ ਪੁਲਿਸ ਨੂੰ ਅੱਥਰੂ ਗੈਸ ਦੇ ਗੋਲੇ ਛੱਡਣੇ ਪਏ। ਸਥਿਤੀ ਤਣਾਅਪੂਰਨ ਬਣੀ ਹੋਈ ਹੈ। ਜ਼ਿਕਰਯੋਗ ਹੈ ਕਿ ਬੀਤੇ ਦਿਨ ਬਠਿੰਡਾ ਪੁਲਿਸ ਪ੍ਰਸ਼ਾਸਨ ਵੱਲੋਂ ਸੂਬੇ ਭਰ ਦੇ ਵਿੱਚੋਂ ਪੁਲਿਸ ਫੋਰਸ ਬੁਲਾ ਕੇ ਪਿੰਡ ਦੁਨੇਵਾਲਾ 'ਚ ਭਾਰਤ ਮਾਲਾ ਪ੍ਰੋਜੈਕਟ ਤਹਿਤ ਜ਼ਮੀਨ ਐਕਵਾਇਰ ਕੀਤੀ ਗਈ ਸੀ। ਐਸਪੀ ਸਿਟੀ ਨਰਿੰਦਰ ਸਿੰਘ ਨੇ ਦੱਸਿਆ ਸੀ ਕਿ ਪ੍ਰੋਜੈਕਟ ਅਧੀਨ ਬਠਿੰਡਾ ਦੇ ਪਿੰਡ ਦੁਨੇਵਾਲ, ਸੰਗਤ ਕਲਾਂ ਅਤੇ ਸ਼ੇਰਗੜ੍ਹ ਪਿੰਡ ਦੀ ਐਕਵਾਇਰ ਕੀਤੀ ਗਈ ਜ਼ਮੀਨ ਦਾ ਕਬਜ਼ਾ ਲਿਆ ਗਿਆ ਸੀ।