ਜਗਰਾਓਂ, 4 ਜਨਵਰੀ (ਰਛਪਾਲ ਸਿੰਘ ਸ਼ੇਰਪੁਰੀ) : ਜਗਰਾਓਂ ਨੇੜੇ ਪਿੰਡ ਬਾਰਦੇਕੇ ਵਿਖੇ ਇਕ ਘਰ ’ਚ ਵੜਕੇ ਦੋ ਵਿਅਕਤੀਆਂ ਨੇ ਪਰਮਜੀਤ ਸਿੰਘ (45) ਨੂੰ ਗੋਲੀਆਂ ਮਾਰ ਕੇ ਜਖ਼ਮੀ ਕਰ ਦਿੱਤਾ ਜਿਸ ਨੂੰ ਜਗਰਾਓਂ ਦੇ ਕਲਆਣੀ ਹਸਪਤਾਲ ਲਿਜਾਇਆ ਗਿਆ। ਜਿਥੇ ਡਾਕਟਰਾਂ ਨੇ ਉਸ ਦੀ ਹਾਲਤ ਗੰਭੀਰ ਦੇਖ ਕੇ ਉਸ ਨੂੰ ਸਿਵਲ ਹਸਪਤਾਲ ਰੈਫਰ ਕਰ ਦਿੱਤਾ ਜਿੱਥੇ ਉਸ ਦੀ ਮੌਤ ਹੋ ਗਈ। ਅੱਜ ਪਰਮਜੀਤ ਆਪਣੇ ਘਰ ਪਸ਼ੂਆਂ ਨੂੰ ਪੱਠੇ ਪਾ ਰਿਹਾ ਸੀ ਤਾਂ ਦੋ ਨੌਜਵਾਨ ਉਸ ਦੇ ਘਰ ਅੰਦਰ ਵੜੇ ਤੇ ਉਸ ’ਤੇ ਫਾਇਰਿੰਗ ਸ਼ੁਰੂ ਕਰ ਦਿੱਤੀ ਜਿਸ ਨਾਲ ਉਹ ਗੰਭੀਰ ਜਖ਼ਮੀ ਹੋ ਗਿਆ। ਫਾਇਰਿੰਗ ਦੀ ਅਵਾਜ ਸੁਣ ਕੇ ਘਰ ਦੇ ਲੋਕ ਇਕੱਠੇ ਹੋ ਗਏ ਤਾਂ ਹਮਲਾਵਰ ਭਜ ਗਏ। ਘਰ ਵਾਲੇ ਪਰਮਜੀਤ ਨੂੰ ਸ਼ਹਿਰ ਹਸਪਤਾਲ ਲੈ ਗਏ। ਘਟਨਾ ਦੀ ਖਬਰ ਸੁਣਦੇ ਹੀ ਲੁਧਿਆਣਾ ਦਿਹਤੀ ਪੁਲਿਸ ਦੇ ਅਧਿਕਾਰੀ ਮੌਕੇ ’ਤੇ ਪੁੱਜੇ ਤੇ ਪੁਲਿਸ ਵਲੋਂ ਸੀਸੀਟੀਵੀ ਦੀ ਜਾਂਚ ਕੀਤੀ ਜਾਣ ਲੱਗੀ ਤਾਂ ਜੋ ਹਮਲਾਵਰਾਂ ਦਾ ਪਤਾ ਲਗਾਇਆ ਜਾ ਸਕੇ। ਪਰਮਜੀਤ ਦਾ ਕਿਸੇ ਨਾਲ ਜਮੀਨ ਸਬੰਧੀ ਝਗੜਾ ਵੀ ਦੱਸਿਆ ਜਾਂਦਾ ਹੈ ਤੇ ਇਸੇ ਲਈ ਪੁਲਿਸ ਇਸ ਕਤਲ ਸਬੰਧੀ ਕਈ ਥਿਓਰੀਆਂ ’ਤੇ ਕੰਮ ਕਰ ਰਹੀ ਹੈ। ਪਰਮਜੀਤ ਨੂੰ ਪਹਿਲਾਂ ਜਾਨੋਂ ਮਾਰਨ ਦੀ ਧਮਕੀ ਵੀ ਮਿਲ ਚੁੱਕੀ ਸੀ। ਪਤਾ ਲੱਗਾ ਹੈ ਕਿ ਪੁਲਿ ਵਾਲੇ ਚਿੱਟੇ ਰੰਗ ਦੀ ਆਈ-20 ਗੱਡੀ ਵਿੱਚ ਆਏ ਸਨ, ਜਿਸ ’ਤੇ ਦਿੱਲੀ ਦਾ ਨੰਬਰ ਲੱਗਾ ਹੋਇਆ ਸੀ। ਪੁਲਿਸ ਗੱਡੀ ਤੇ ਹਮਲਾਵਰਾਂ ਦੀ ਭਾਲ ’ਚ ਲੱਗੀ ਹੋਈ ਹੈ।