ਪੀ.ਏ.ਯੂ. ਤੋਂ ਸਿਖਲਾਈ ਪ੍ਰਾਪਤ ਖੇਤੀ ਉੱਦਮੀ ਨੇ ਸਮਾਰਟ ਖੇਤੀਬਾੜੀ ਲਈ ਕੀੜਿਆਂ ਨੂੰ ਜਾਚਣ ਵਾਲਾ ਸਿਸਟਮ ਬਣਾਇਆ

ਲੁਧਿਆਣਾ 22 ਅਪ੍ਰੈਲ, 2025 : ਪੀ.ਏ.ਯੂ. ਤੋਂ ਸਿਖਲਾਈ ਹਾਸਲ ਕਰਨ ਵਾਲੇ ਪੇਈਬਾਏ ਟੂ ਪ੍ਰਾਈਵੇਟ ਲਿਮਿਟਡ ਨਾਂ ਵਾਲੇ ਖੇਤੀ ਉੱਦਮ ਸੰਸਥਾਨ ਨੇ ਸਮਾਰਟ ਖੇਤੀਬਾੜੀ ਦੇ ਖੇਤਰ ਵਿਚ ਮਹੱਤਵਪੂਰਨ ਕਦਮ ਪੁਟਦਿਆਂ 3-ਡੀ ਪ੍ਰਿੰਟਰ ਕੀੜੇ ਜਾਚਣ ਵਾਲਾ ਸਿਸਟਮ ਵਿਕਸਿਤ ਕੀਤਾ ਹੈ| ਇਸ ਪ੍ਰਬੰਧ ਦਾ ਵਿਕਾਸ ਪੇਈਮੋਨੀਟਰ ਨਾਂ ਦੇ ਪ੍ਰੋਜੈਕਟ ਅਧੀਨ ਕੀਤਾ ਗਿਆ ਜਿਸ ਵਿਚ ਤਾਪਮਾਨ ਅਤੇ ਹੁੰਮਸ ਨੂੰ ਜਾਚ ਕੇ 24ਣ7 ਕੀੜਿਆਂ ਦੇ ਸਰਵੇਖਣ ਦਾ ਪ੍ਰਬੰਧ ਕੀਤਾ ਜਾ ਸਕੇਗਾ|  ਭਾਰਤੀ ਖੇਤੀ ਖੋਜ ਪ੍ਰੀਸ਼ਦ ਦੇ ਮੁੱਖ ਨਿਗਰਾਨ ਡਾ. ਜ਼ਾਕਿਰ ਹੁਸੈਨ ਦੀ ਤਕਨੀਕੀ ਨਿਗਰਾਨੀ ਹੇਠ ਇਹ ਪ੍ਰਬੰਧ ਵਿਕਸਿਤ ਕੀਤਾ ਗਿਆ ਹੈ| ਆਸ ਹੈ ਕਿ ਇਹ ਤਰੀਕਾ ਖੇਤੀ ਵਿਗਿਆਨੀਆਂ, ਕੀਟ ਵਿਗਿਆਨੀਆਂ ਅਤੇ ਕਿਸਾਨਾਂ ਲਈ ਲਾਹੇਵੰਦ ਸਾਬਿਤ ਹੋਵੇਗਾ| ਇਸਦੇ ਵਿਕਾਸ ਵਿਚ ਇੰਟਰਨੈੱਟ ਆਫ ਥਿੰਗਸ ਅਤੇ ਏ ਆਈ ਅਧਾਰਿਤ ਸੈਂਸਰ ਤਕਨੀਕਾਂ ਦੀ ਭਰਪੂਰ ਵਰਤੋਂ ਹੋਈ ਹੈ| ਫਸਲ ਸੁਰੱਖਿਆ ਦੇ ਖੇਤਰ ਵਿਚ ਕਿਸਾਨਾਂ ਨੂੰ ਸਰਵੇਖਣ ਵਿਚ ਮਦਦ ਕਰਨ ਪੱਖੋਂ ਇਹ ਤਰੀਕਾ ਬੜਾ ਸੂਖਮ ਅਤੇ ਅਗਾਂਹਵਧੂ ਹੈ| ਪੀ.ਏ.ਯੂ. ਦੇ ਨਿਰਦੇਸ਼ਕ ਪਸਾਰ ਸਿੱਖਿਆ ਡਾ. ਮੱਖਣ ਸਿੰਘ ਭੁੱਲਰ ਨੇ ਕਿਹਾ ਕਿ ਇਸ ਤਰ੍ਹਾਂ ਦੀਆਂ ਤਕਨੀਕਾਂ ਖੇਤੀ ਖੋਜ ਅਤੇ ਖੇਤ ਦੇ ਪੱਧਰ ਉੱਪਰ ਤਕਨੀਕਾਂ ਲਾਗੂ ਕਰਨ ਵਿਚਕਾਰਲੇ ਪਾੜੇ ਨੂੰ ਮੇਟ ਸਕਣਗੀਆਂ| ਉਹਨਾਂ ਨੇ ਇਸ ਤਕਨੀਕ ਨੂੰ ਭਵਿੱਖ ਵਿਚ ਬੇਹੱਦ ਲਾਹੇਵੰਦ ਸਾਬਿਤ ਹੋਣ ਵਾਲੀ ਵਿਧੀ ਕਿਹਾ| ਪਾਬੀ ਦੇ ਮੁੱਖ ਨਿਗਰਾਨ ਡਾ. ਤੇਜਿੰਦਰ ਸਿੰਘ ਰਿਆੜ ਨੇ ਕਿਹਾ ਕਿ ਪੇਈਬਾਈ ਟੂ ਵਰਗੇ ਖੇਤੀ ਉੱਦਮੀਆਂ ਨੇ ਪਾਬੀ ਦੀਆਂ ਖੇਤੀ ਸਿਖਲਾਈਆਂ ਨੂੰ ਬੇਹੱਦ ਸਾਰਥਕ ਸਾਬਿਤ ਕੀਤਾ ਹੈ| ਉਹਨਾਂ ਆਸ ਪ੍ਰਗਟਾਈ ਕਿ ਭਵਿੱਖ ਵਿਚ ਕੀੜਿਆਂ ਦੇ ਸਰਵੇਖਣ ਵਾਸਤੇ ਇਹ ਤਕਨੀਕ ਬੜੀ ਕਾਰਗਾਰ ਹੋਵੇਗੀ| ਪਾਬੀ ਦੇ ਸਹਿ ਨਿਗਰਾਨ ਡਾ. ਪੂਨਮ ਸਚਦੇਵ ਨੇ ਵੀ ਸੰਬੰਧਿਤ ਖੇਤੀ ਉੱਦਮੀ ਨੂੰ ਵਧਾਈ ਦਿੰਦਿਆਂ ਅਜਿਹੀ ਸੂਖਮ ਤਕਨੀਕ ਦੇ ਵਿਕਾਸ ਉੱਪਰ ਖੁਸ਼ੀ ਦਾ ਪ੍ਰਗਟਾਵਾ ਕੀਤਾ|