ਪੀ.ਏ.ਯੂ. ਦੇ ਵਿਦਿਆਰਥੀ ਨੇ ਰਾਸ਼ਟਰੀ ਕਾਨਫਰੰਸ ਵਿਚ ਇਨਾਮ ਜਿੱਤਿਆ

ਲੁਧਿਆਣਾ 11 ਫਰਵਰੀ, 2025 : ਪੀ.ਏ.ਯੂ. ਦੇ ਕਮਿਸਟਰੀ ਵਿਭਾਗ ਵਿਚ ਪੀ ਐੱਚ ਡੀ ਦੀ ਵਿਦਿਆਰਥੀ ਕੁਮਾਰੀ ਖੁਸ਼ਬੂ ਨੇ ਬੀਤੇ ਦਿਨੀਂ ਰਾਸ਼ਟਰੀ ਕਾਨਫਰੰਸ ਵਿਚ ਮੌਖਿਕ ਪੇਸ਼ਕਾਰੀ ਲਈ ਤੀਸਰਾ ਇਨਾਮ ਹਾਸਲ ਕੀਤਾ| ਇਹ ਇਨਾਮ ਬੀਤੇ ਦਿਨੀਂ ਵਿਗਿਆਨ ਅਤੇ ਤਕਨਾਲੋਜੀ ਬਾਰੇ ਨਵੇਂ ਰੁਝਾਨਾਂ ਸੰਬੰਧੀ ਪੰਜਾਬ ਵਿਗਿਆਨ ਕਾਂਗਰਸ ਵੱਲੋਂ ਕਰਵਾਈ 28ਵੀਂ ਰਾਸ਼ਟਰੀ ਕਾਨਫਰੰਸ ਦੌਰਾਨ ਮਿਲਿਆ| ਇਸ ਕਾਨਫਰੰਸ ਦਾ ਆਯੋਜਨ ਪੰਜਾਬ ਅਕਾਦਮਿਕ ਆਫ ਸਾਇੰਸਜ਼ ਦੇ ਸਹਿਯੋਗ ਨਾਲ ਖਾਲਸਾ ਕਾਲਜ ਅੰਮ੍ਰਿਤਸਰ ਵਿਖੇ ਕਰਵਾਇਆ ਗਿਆ ਸੀ| ਜ਼ਿਕਰਯੋਗ ਹੈ ਕਿ ਕੁਮਾਰੀ ਖੁਸ਼ਬੂ ਖੇਤੀਬਾੜੀ ਕਾਲਜ ਵਿਖੇ ਕਮਿਸਟਰੀ ਦੇ ਨੈਨੋ ਤਕਨਾਲੋਜਿਸਟ ਡਾ. ਅੰਜਲੀ ਸਿੱਧੂ ਦੀ ਨਿਗਰਾਨੀ ਹੇਠ ਆਪਣਾ ਪੀ ਐੱਚ ਡੀ ਦਾ ਖੋਜ ਕਾਰਜ ਝੋਨੇ ਅਤੇ ਸੋਇਆਬੀਨ ਦੀ ਬੀਜ ਸੁਧਾਈ ਦੇ ਰਸਾਇਣਕ ਪੱਖਾਂ ਬਾਰੇ ਕਰ ਰਹੇ ਹਨ| ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ, ਬੇਸਿਕ ਸਾਇੰਸਜ਼ ਕਾਲਜ ਦੇ ਡੀਨ ਡਾ. ਕਿਰਨ ਬੈਂਸ ਅਤੇ ਕਮਿਸਟਰੀ ਵਿਭਾਗ ਦੇ ਮੁਖੀ ਡਾ. ਮਨਜੀਤ ਕੌਰ ਸਾਂਘਾ ਨੇ ਕੁਮਾਰੀ ਖੁਸ਼ਬੂ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੱਤੀ|