
ਲੁਧਿਆਣਾ 3 ਫਰਵਰੀ, 2025 : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਨੇ ਮਾਰਚ-2025 ਵਿੱਚ ਸਾਉਣੀ ਦੀਆਂ ਫਸਲਾਂ ਲਈ ਲਾਏ ਜਾਣ ਵਾਲੇ ਕਿਸਾਨ ਮੇਲਿਆਂ ਦੀ ਲੜੀ ਦਾ ਪ੍ਰੋਗਰਾਮ ਜਾਰੀ ਕੀਤਾ ਹੈ| ਸਾਂਝੀ ਕੀਤੀ ਵਿਉਂਤਬੰਦੀ ਅਨੁਸਾਰ ਮੇਲਿਆਂ ਦੀ ਸ਼ੁਰੂਆਤ 5 ਮਾਰਚ ਨੂੰ ਨਾਗਕਲਾਂ ਜਹਾਂਗੀਰ, ਅੰਮ੍ਰਿਤਸਰ ਵਿਖੇ ਪਹਿਲੇ ਕਿਸਾਨ ਮੇਲੇ ਨਾਲ ਹੋਵੇਗੀ | ਇਸ ਤੋਂ ਬਾਅਦ 7 ਮਾਰਚ ਨੂੰ ਬੱਲੋਵਾਲ ਸੌਂਖੜੀ, 11 ਮਾਰਚ ਨੂੰ ਫਰੀਦਕੋਟ ਅਤੇ 13 ਮਾਰਚ ਨੂੰ ਗੁਰਦਾਸਪੁਰ, 18 ਮਾਰਚ ਨੂੰ ਬਠਿੰਡਾ ਅਤੇ ਰੌਣੀ (ਪਟਿਆਲਾ) ਵਿਖੇ 25 ਮਾਰਚ ਨੂੰ ਕਿਸਾਨ ਮੇਲੇ ਕਰਵਾਏ ਜਾਣਗੇ| ਪੀ.ਏ.ਯੂ. ਲੁਧਿਆਣਾ ਵਿਖੇ ਦੋ ਰੋਜਾ ਕਿਸਾਨ ਮੇਲਾ 21 ਅਤੇ 22 ਮਾਰਚ ਨੂੰ ਹੋਵੇਗਾ | ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਦੱਸਿਆ ਕਿ ਕਿਸਾਨ ਮੇਲਿਆਂ ਦਾ ਉਦੇਸ਼ ‘ਨਵੀਆਂ ਖੇਤੀ ਤਕਨੀਕਾਂ ਅਪਣਾਓ, ਖਰਚ ਘਟਾਓ, ਝਾੜ ਵਧਾਓ’ ਰੱਖਿਆ ਗਿਆ ਹੈ| ਉਨ੍ਹਾਂ ਕਿਹਾ ਕਿ ਅਜੋਕੇ ਸਮੇਂ ਵਿੱਚ ਕਿਸਾਨਾਂ ਨੂੰ ਟਿਕਾਊ ਖੇਤੀਬਾੜੀ ਲਈ ਪ੍ਰੇਰਿਤ ਕਰਨ ਦੀ ਲੋੜ ਹੈ ਅਤੇ ਸਾਉਣੀ ਦੀਆਂ ਫਸਲਾਂ ਲਈ ਕਿਸਾਨ ਮੇਲੇ ਖੇਤੀਬਾੜੀ ਦੀ ਸਥਿਰਤਾ ਨੂੰ ਉਤਸਾਹਿਤ ਕਰਨਗੇ| ਨਿਰਦੇਸਕ ਪਸਾਰ ਸਿੱਖਿਆ ਡਾ. ਮੱਖਣ ਸਿੰਘ ਭੁੱਲਰ ਨੇ ਦੱਸਿਆ ਕਿ ਕਿਸਾਨ ਮੇਲਿਆਂ ਦੇ ਸਫਲ ਅਤੇ ਸੁਚਾਰੂ ਆਯੋਜਨ ਲਈ ਪੀ.ਏ.ਯੂ. ਵਿਖੇ ਤਿਆਰੀਆਂ ਚੱਲ ਰਹੀਆਂ ਹਨ | ਕਿਸਾਨ ਪੀ.ਏ.ਯੂ. ਦੀ ਪ੍ਰੇਰਕ ਸ਼ਕਤੀ ਹਨ ਅਤੇ ਉਨ੍ਹਾਂ ਦੀ ਹੌਸਲਾ ਅਫਜਾਈ ਅਤੇ ਊਰਜਾ ਨਾਲ ਭਰੀ ਹਿੱਸੇਦਾਰੀ ਪੀ.ਏ.ਯੂ. ਨੂੰ ਆਪਣੇ ਪੈਰਾਂ ’ਤੇ ਖੜ੍ਹੀ ਰਹਿਣ ਅਤੇ ਕਿਸਾਨ ਭਾਈਚਾਰੇ ਦੀਆਂ ਲਗਾਤਾਰ ਬਦਲਦੀਆਂ ਅਤੇ ਲਗਾਤਾਰ ਵਧਦੀਆਂ ਲੋੜਾਂ ਨਾਲ ਤਾਲਮੇਲ ਰੱਖਣ ਲਈ ਪ੍ਰੇਰਿਤ ਕਰਦੀ ਹੈ|