ਲੁਧਿਆਣਾ 3 ਜੂਨ : ਅੱਜ ਇਕ ਅਹਿਮ ਪੜਾਅ ਤੇ ਅੰਤਰ ਅਨੁਸ਼ਾਸਨੀ ਖੋਜ ਅਤੇ ਸਿੱਖਿਆ ਨੂੰ ਵਧਾਵਾ ਦੇਣ ਲਈ ਪੀ.ਏ.ਯੂ. ਅਤੇ ਦਯਾਨੰਦ ਮੈਡੀਕਲ ਕਾਲਜ ਅਤੇ ਹਸਪਤਾਲ ਨੇ ਇਕ ਸਮਝੌਤੇ ਤੇ ਦਸਤਖਤ ਕੀਤੇ| ਪੰਜ ਸਾਲ ਦੇ ਵਕਫੇ ਲਈ ਕੀਤਾ ਗਿਆ ਇਹ ਸਮਝੌਤਾ ਖੇਤੀਬਾੜੀ ਵਿਗਿਆਨ ਅਤੇ ਸਿਹਤ ਵਿਗਿਆਨ ਨੂੰ ਇੱਕੋ ਮੰਚ ਤੇ ਲਿਆ ਕੇ ਸਮਾਜ ਦੀ ਭਲਾਈ ਲਈ ਭੋਜਨ ਅਤੇ ਪੋਸ਼ਣ ਦੇ ਨਾਲ-ਨਾਲ ਸਿਹਤ ਸੰਬੰਧੀ ਖੋਜਾਂ ਨੂੰ ਅੱਗੇ ਵਧਾਉਣ ਦਾ ਕਾਰਜ ਅੰਜਾਮ ਦੇਵੇਗਾ|ਇਸ ਸਮਝੌਤੇ ਉੱਪਰ ਸਹੀ ਪਾਉਣ ਦੀ ਰਸਮ ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਅਤੇ ਡੀ ਐੱਮ ਸੀ ਹਸਪਤਾਲ ਦੇ ਪ੍ਰਿੰਸੀਪਲ ਡਾ. ਗੁਰਪ੍ਰੀਤ ਵਾਂਡਰ ਦੀ ਹਾਜ਼ਰੀ ਵਿਚ ਸਿਰੇ ਚੜ੍ਹੀ| ਇਸ ਮੌਕੇ ਪੀ.ਏ.ਯੂ. ਦੇ ਉੱਚ ਅਧਿਕਾਰੀਆਂ ਦੇ ਨਾਲ-ਨਾਲ ਦਯਾਨੰਦ ਮੈਡੀਕਲ ਕਾਲਜ ਤੋਂ ਕਾਰਡਿਓਲੋਜੀ ਵਿਭਾਗ ਦੇ ਮੁਖੀ ਡਾ. ਬਿਸ਼ਵ ਮੋਹਨ, ਯੂਰੋਲੋਜੀ ਵਿਭਾਗ ਦੇ ਮੁਖੀ ਡਾ. ਸੰਦੀਪ ਸ਼ਰਮਾ, ਫਾਰਮਾਸੋਲੋਜੀ ਵਿਭਾਗ ਦੇ ਮੁਖੀ ਅਤੇ ਡੀਨ ਅਕਾਦਮਿਕਸ ਡਾ. ਸੰਦੀਪ ਕੌਸ਼ਲ, ਡਾਇਟਰੀ ਵਿਭਾਗ ਦੇ ਇੰਚਾਰਜ ਡਾ. ਸ਼ਵੇਤਾ ਬੱਤਾ, ਜਨ ਸੰਪਰਕ ਅਧਿਕਾਰੀ ਸ਼੍ਰੀ ਗੁਰਜੀਤ ਸਿੰਘ ਅਤੇ ਪ੍ਰਿੰਸੀਪਲ ਦੇ ਦਫਤਰ ਸਕੱਤਰ ਸ਼੍ਰੀ ਵਿਜੈ ਕੁਮਾਰ ਮੌਜੂਦ ਸਨ|ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਇਸ ਮੌਕੇ ਬੋਲਦਿਆਂ ਖੇਤੀਬਾੜੀ ਵਿਗਿਆਨ ਅਤੇ ਸਿਹਤ ਵਿਗਿਆਨ ਵਿਚਕਾਰ ਸਾਂਝ ਦੇ ਇਹਨਾਂ ਪਲਾਂ ਨੂੰ ਇਤਿਹਾਸਕ ਕਿਹਾ| ਉਹਨਾਂ ਕਿਹਾ ਕਿ ਇਸ ਸਮਝੌਤੇ ਨਾਲ ਨਾ ਸਿਰਫ ਦੋਵਾਂ ਵਿਗਿਆਨਾਂ ਦੇ ਵਿਦਿਆਰਥੀਆਂ ਨੂੰ ਅੰਤਰ ਅਨੁਸਾਸ਼ਨੀ ਸਿੱਖਿਆ ਦੇ ਮੌਕੇ ਮੁਹਈਆ ਹੋਣਗੇ ਬਲਕਿ ਦੋਵਾਂ ਖੇਤਰਾਂ ਦੀ ਜਾਣਕਾਰੀ ਅਤੇ ਗਿਆਨ ਖੋਜ ਅਤੇ ਨਵੀਆਂ ਤਕਨਾਲੋਜੀਆਂ ਨੂੰ ਸਾਹਮਣੇ ਲਿਆਉਣ ਦਾ ਕਾਰਜ ਕਰੇਗਾ| ਉਹਨਾਂ ਕਿਹਾ ਕਿ ਸਾਂਝ ਲਈ ਕੁਝ ਖੇਤਰਾਂ ਦੀ ਨਿਸ਼ਾਨਦੇਹੀ ਕੀਤੀ ਗਈ ਹੈ ਜਿਵੇਂ ਫਾਈਟੋਨਿਊਟ੍ਰਿਐਂਟ ਭਰਪੂਰ ਭੋਜਨ ਦੀ ਪੈਦਾਵਾਰ, ਫ਼ਸਲਾਂ ਦੀ ਬਾਇਓਫੋਰਟੀਫਿਕੇਸ਼ਨ, ਬਾਇਓਐੱਨਜ਼ਾਈਮ ਅਤੇ ਸਿਹਤ ਸੰਬੰਧੀ ਪੌਦਿਆਂ ਦਾ ਜ਼ਿਕਰ ਕੀਤਾ ਜਾ ਸਕਦਾ ਹੈ| ਉਹਨਾਂ ਕਿਹਾ ਕਿ ਇਸ ਸਮਝੌਤੇ ਤਹਿਤ ਖੇਤੀ ਵਿਗਿਆਨੀਆਂ ਨੂੰ ਕਿਸਮਾਂ ਦੀ ਖੋਜ ਕਰਨ ਸਮੇਂ ਉਹਨਾਂ ਗੁਣਾਂ ਨੂੰ ਪੋਸ਼ਕ ਤੱਤਾਂ ਵਜੋਂ ਸ਼ਾਮਿਲ ਕਰਨ ਲਈ ਜ਼ਰੂਰੀ ਰੋਸ਼ਨੀ ਮਿਲ ਸਕੇਗੀ ਜਿਨ੍ਹਾਂ ਨੂੰ ਸਿਹਤ ਦੇ ਮਾਹਿਰ ਲਾਜ਼ਮੀ ਮੰਨਦੇ ਹਨ| ਉਹਨਾਂ ਕਿਹਾ ਕਿ ਇਹ ਸਮਝੌਤਾ ਸਮਾਜ ਅਤੇ ਅਕਾਦਮਿਕ ਖੇਤਰ ਲਈ ਬੇਹੱਦ ਲਾਹੇਵੰਦ ਅਤੇ ਨਵੇਂ ਗਿਆਨ ਦੇ ਦਰਵਾਜ਼ੇ ਖੋਲਣ ਵਾਲਾ ਹੋਵੇਗਾ|ਇਸ ਮੌਕੇ ਗੱਲ ਕਰਦਿਆਂ ਡਾ. ਗੁਰਪ੍ਰੀਤ ਵਾਂਡਰ ਨੇ ਕਿਹਾ ਕਿ ਅੱਜ ਦਾ ਯੁੱਗ ਗਿਆਨ ਦੀ ਬਹੁ-ਵਿਧਾਵੀ ਰੂਪਰੇਖਾ ਵਾਲਾ ਹੈ ਇਸਲਈ ਖੋਜ, ਸਿੱਖਿਆ ਅਤੇ ਸਮਾਜ ਲਈ ਜ਼ਰੂਰੀ ਸੇਵਾਵਾਂ ਦਾ ਨਿਰਮਾਣ ਕਰਨ ਸਮੇਂ ਬਹੁਤ ਸਾਰੇ ਗਿਆਨ ਦੀ ਜਾਣਕਾਰੀ ਹੋਣਾ ਲਾਜ਼ਮੀ ਹੈ| ਉਹਨਾਂ ਕਿਹਾ ਕਿ ਸਿਹਤ ਸੰਬੰਧੀ ਸਿੱਖਿਆ ਹਾਸਲ ਕਰ ਰਹੇ ਵਿਦਿਆਰਥੀ ਖੇਤੀ ਖੇਤਰ ਦੀਆਂ ਸੰਭਾਵਨਾਵਾਂ ਅਤੇ ਸੀਮਾਵਾਂ ਤੋਂ ਜਾਣੂੰ ਹੋਣਗੇ| ਇਸੇ ਤਰ੍ਹਾਂ ਖੇਤੀ ਵਿਗਿਆਨ ਦੇ ਖੋਜੀਆਂ ਨੂੰ ਸਿਹਤ ਵਿਗਿਆਨ ਦੀਆਂ ਚੁਣੌਤੀਆਂ ਦਾ ਇਲਮ ਹੋਵੇਗਾ| ਇਸ ਸਮਝੌਤੇ ਨਾਲ ਸਮਾਜ ਨੂੰ ਬਹੁਤ ਸਾਰੀਆਂ ਪਹਿਲਕਦਮੀਆਂ ਜਿਵੇਂ ਸਿਹਤ ਦੀ ਜਾਂਚ, ਖੂਨ ਦੀ ਕਮੀ ਦੀ ਸਥਿਤੀ, ਮਿਲਟਸ ਦਾ ਮਹੱਤਵ, ਉੱਚ ਫਾਈਬਰ ਅਤੇ ਉੱਚ ਪ੍ਰੋਟੀਨ ਭੋਜਨ ਦੇ ਨਾਲ-ਨਾਲ ਪੌਸ਼ਕ ਤੱਤ ਆਦਿ ਦਾ ਲਾਭ ਮਿਲ ਸਕੇਗਾ| ਉਹਨਾਂ ਕਿਹਾ ਕਿ ਸਮਝੌਤੇ ਰਾਹੀਂ ਅਧਿਆਪਨ, ਮੁਹਾਰਤ ਦੇ ਵਿਕਾਸ ਅਤੇ ਮਨੁੱਖੀ ਸਰੋਤ ਪ੍ਰਬੰਧ ਦਾ ਆਦਾਨ-ਪ੍ਰਦਾਨ ਸਾਹਮਣੇ ਆਵੇਗਾ| ਇਸ ਵਾਤਾਵਰਨ ਵਿਚ ਸਿੱਖਿਅਤ ਹੋਣ ਵਾਲੇ ਵਿਦਿਆਰਥੀ ਸਮਾਜ ਦੇ ਬਿਹਤਰੀਨ ਕਰਿੰਦੇ ਬਣ ਸਕਣਗੇ|ਪੀ.ਏ.ਯੂ. ਦੇ ਰਜਿਸਟਰਾਰ ਡਾ. ਰਿਸ਼ੀਪਾਲ ਸਿੰਘ ਆਈ ਏ ਐੱਸ ਨੇ ਸੁਝਾਅ ਦਿੱਤਾ ਕਿ ਸਾਂਝੇ ਕੰਮ ਦੀ ਰੂਪ-ਰੇਖਾ ਦੋਵਾਂ ਸੰਸਥਾਵਾਂ ਨੂੰ ਮਿਲਕੇ ਤਿਆਰ ਕਰਨੀ ਚਾਹੀਦੀ ਹੈ| ਹਰ ਧਿਰ ਦੀ ਸਰਗਰਮ ਭਾਗੀਦਾਰੀ ਅਤੇ ਅਨੁਭਾਵ ਦੀ ਢੁੱਕਵੀਂ ਵਰਤੋਂ ਨਾਲ ਪ੍ਰਭਾਵਸ਼ਾਲੀ ਕਾਜਰ ਸਾਹਮਣੇ ਆ ਸਕੇਗਾ| ਉਹਨਾਂ ਨੇ ਸਾਂਝੇਦਾਰੀ ਦੇ ਮੌਕਿਆਂ ਜਿਵੇਂ ਅਕਾਦਮਿਕ ਆਦਾਨ ਪ੍ਰਦਾਨ, ਅਮਲੇ ਦਾ ਵਟਾਂਦਰਾ ਅਤੇ ਸੈਮੀਨਾਰ ਆਦਿ ਬਾਰੇ ਗੱਲ ਕੀਤੀ| ਪੀ.ਏ.ਯੂ. ਦੇ ਕਿਸਾਨੀ ਸਮਾਜ ਲਈ ਕੀਤੇ ਜਾ ਰਹੇ ਕਾਰਜਾਂ ਦਾ ਜ਼ਿਕਰ ਕਰਦਿਆਂ ਡਾ. ਰਿਸ਼ੀਪਾਲ ਸਿੰਘ ਨੇ ਕਿਹਾ ਕਿ ਇਸ ਸਮਝੌੇਤ ਦਾ ਸਵਾਗਤ ਕਰਨਾ ਬਣਦਾ ਹੈ|ਇਸ ਤੋਂ ਪਹਿਲਾ ਕਮਿਊਨਟੀ ਸਾਇੰਸ ਕਾਲਜ ਦੇ ਡੀਨ ਡਾ. ਕਿਰਨ ਬੈਂਸ ਨੇ ਇਸ ਸਮਝਤੌਤੇ ਦੇ ਮੁੱਖ ਮੰਤਵਾਂ ਬਾਰੇ ਗੱਲ ਕੀਤੀ| ਉਹਨਾਂ ਕਿਹਾ ਕਿ ਭੋਜਨ, ਪੋਸ਼ਣ ਅਤੇ ਮਨੱੁਖੀ ਸਿਹਤ ਦੇ ਖੇਤਰ ਵਿਚ ਮਿਆਰੀ ਸਿੱਖਿਆ ਪ੍ਰਦਾਨ ਕਰਨਾ ਇਸ ਸਮਝੌਤੇ ਦਾ ਮੁੱਖ ਮੰਤਵ ਹੈ| ਅੰਤਿਮ ਤੌਰ ਤੇ ਸਾਂਝੀ ਖੋਜ, ਵਾਤਾਵਰਨ ਦੀ ਸੰਭਾਲ ਅਤੇ ਸਮਾਜ ਵਿਗਿਆਨ ਪਹਿਲ ਦੇ ਅਧਾਰ ਤੇ ਸਾਂਝੇ ਕੰਮ ਦਾ ਖੇਤਰ ਹੋਣਗੇ| ਇਸ ਰਾਹੀਂ ਤਕਨਾਲੋਜੀਆਂ ਦਾ ਰੂਪਾਂਤਰਣ ਸਮਾਜ ਤੱਕ ਲਿਜਾ ਕੇ ਸਮਾਜ ਦੀ ਬਿਹਤਰੀ, ਚੰਗੀ ਸਿਹਤ, ਨਿਰੋਗੀ ਜੀਵਨ ਨੂੰ ਵਧਾਉਣ ਦਾ ਨਿਸ਼ਾਨਾ ਸਾਹਮਣੇ ਰੱਖਿਆ ਗਿਆ ਹੈ|ਪੀ.ਏ.ਯੂ. ਦੇ ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਨੇ ਇਸ ਮੌਕੇ ਯੂਨੀਵਰਸਿਟੀ ਵੱਲੋਂ ਵਿਸ਼ੇਸ਼ ਤੌਰ ਤੇ ਪੋਸ਼ਣ ਦੇ ਖੇਤਰ ਵਿਚ ਕਿਸਮਾਂ ਦੀ ਬਰੀਡਿੰਗ ਸੰਬੰਧੀ ਕੀਤੇ ਗਏ ਕੰਮਾਂ ਦਾ ਜ਼ਿਕਰ ਕੀਤਾ| ਉਹਨਾਂ ਕਿਹਾ ਕਿ ਜ਼ਿੰਕ ਕਿਸਮਾਂ ਦੇ ਨਾਲ-ਨਾਲ ਸ਼ੂਗਰ ਦੇ ਮਰੀਜ਼ਾਂ ਲਈ ਕਣਕ ਦੀ ਖੋਜ ਸੰਬੰਧੀ ਕੰਮ ਕੀਤਾ ਗਿਆ ਹੈ ਅਤੇ ਇਹ ਕਿਸਮਾਂ ਬਿਜਾਈ ਲਈ ਕਿਸਾਨਾਂ ਨੂੰ ਉਪਲੱਬਧ ਹਨ| ਨਿਰਦੇਸ਼ਕ ਪਸਾਰ ਸਿੱਖਿਆ ਡਾ. ਮੱਖਣ ਸਿੰਘ ਭੁੱਲਰ ਨੇ ਯੂਨੀਵਰਸਿਟੀ ਵੱਲੋਂ ਅਪਣਾਏ ਜਾਂਦੇ ਪਸਾਰ ਢਾਂਚੇ ਦਾ ਵਿਸ਼ੇਸ਼ ਤੌਰ ਤੇ ਜ਼ਿਕਰ ਕੀਤਾ|ਡਾ. ਸੰਦੀਪ ਸ਼ਰਮਾ ਅਤੇ ਡਾ. ਬਿਸ਼ਵ ਮੋਹਨ ਨੇ ਵੀ ਦਯਾਨੰਦ ਮੈਡੀਕਲ ਕਾਲਜ ਅਤੇ ਹਸਪਤਾਲ ਦੇ ਬੁਨਿਆਦੀ ਢਾਂਚੇ ਦੀ ਜਾਣਕਾਰੀ ਦਿੱਤੀ| ਉਹਨਾਂ ਦੱਸਿਆ ਕਿ ਅੰਡਰ ਗ੍ਰੈਜੂਏਟ ਅਤੇ ਪੋਸਟ ਗ੍ਰੈਜੂਏਟ ਵਿਦਿਆਰਥੀਆਂ ਨੂੰ ਸਿੱਖਿਆ ਦੇਣ ਦੇ ਨਾਲ-ਨਾਲ ਡੀ ਐੱਮ ਸੀ ਐੱਚ ਦੇਸ਼ ਦੇ ਬਿਹਤਰੀਨ ਸਿਹਤ ਸਿੱਖਿਆ ਸੰਸਥਾਨਾਂ ਵਿਚ ਸ਼ੁਮਾਰ ਹੈ|ਜ਼ਿਕਰਯੋਗ ਹੈ ਕਿ ਡਾ. ਬਿਸ਼ਵ ਮੋਹਨ ਨੇ ਕੁਝ ਦਿਨ ਪਹਿਲਾਂ ਹੀ ਪੀ.ਏ.ਯੂ. ਵਿਚ ਸਵਸਥ ਕਵਚ ਮਿਸ਼ਨ ਤਹਿਤ, ਉੱਚ ਮਾਨਸਿਕ ਤਨਾਅ ਦੇ ਨਿਵਾਰਣ ਲਈ ਦੋਵਾਂ ਸੰਸਥਾਵਾਂ ਵਿਚ ਸਾਂਝ ਦੀ ਗੱਲ ਅੱਗੇ ਵਧਾਈ ਸੀ| ਇਹ ਪਹਿਲਕਦਮੀ ਵਿਸ਼ਵ ਸਿਹਤ ਸੰਸਥਾ ਦੇ ਸਹਿਯੋਗ ਨਾਲ ਉੱਚ ਰਕਤਚਾਪ ਦੀ ਪਛਾਣ, ਹੱਲ ਅਤੇ ਸਾਵਧਾਨੀ ਬਾਰੇ ਪੀ.ਏ.ਯੂ. ਵਿਚ ਆਪਣੀਆਂ ਸੇਵਾਵਾਂ ਦੇਣ ਲਈ ਨਿਰਧਾਰਤ ਕੀਤੀ ਗਈ ਸੀ|ਅੰਤ ਵਿਚ ਡੀਨ ਪੋਸਟ ਗ੍ਰੈਜੂਏਟ ਸਟੱਡੀਜ਼ ਡਾ. ਮਾਨਵਇੰਦਰਾ ਸਿੰਘ ਗਿੱਲ ਨੇ ਧੰਨਵਾਦ ਦੇ ਸ਼ਬਦ ਕਹੇ| ਡਾ. ਵਿਸ਼ਾਲ ਬੈਕਟਰ ਨੇ ਸਮੁੱਚੀ ਕਾਰਵਾਈ ਚਲਾਈ|