- ਵਾਈਸ ਚਾਂਸਲਰ ਨੇ ਮਾਹਿਰਾਂ ਨੂੰ ਆਉਂਦੇ ਸਾਉਣੀ ਸੀਜ਼ਨ ਦੀ ਤਿਆਰੀ ਲਈ ਪ੍ਰੇਰਿਤ ਕੀਤਾ
ਲੁਧਿਆਣਾ 5 ਅਪ੍ਰੈਲ : ਪੀ.ਏ.ਯੂ. ਦੇ ਡਾ. ਖੇਮ ਸਿੰਘ ਗਿੱਲ ਕਿਸਾਨ ਸਲਾਹਕਾਰ ਸੇਵਾ ਕੇਂਦਰ ਵਿੱਚ ਅੱਜ ਖੇਤੀ ਖੋਜ ਅਤੇ ਪਸਾਰ ਮਾਹਿਰਾਂ ਦੀ ਮਾਸਿਕ ਮੀਟਿੰਗ ਹੋਈ | ਇਸਦੀ ਪ੍ਰਧਾਨਗੀ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਕੀਤੀ | ਡਾ. ਗੋਸਲ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਖੇਤੀ ਮਾਹਿਰਾਂ ਨੂੰ ਆਉਂਦੇ ਸਾਉਣੀ ਸੀਜ਼ਨ ਦੀਆਂ ਤਿਆਰੀਆਂ ਲਈ ਉਤਸ਼ਾਹਿਤ ਕੀਤਾ | ਉਹਨਾਂ ਕਿਹਾ ਕਿ ਨਰਮੇ ਦੀ ਚਿੱਟੀ ਮੱਖੀ ਅਤੇ ਗੁਲਾਬੀ ਸੁੰਡੀ ਦੀ ਰੋਕਥਾਮ ਲਈ ਹੁਣ ਤੋਂ ਹੀ ਲੋੜੀਂਦੀਆਂ ਹਦਾਇਤਾਂ ਕਿਸਾਨਾਂ ਵਿੱਚ ਪ੍ਰਸਾਰਿਤ ਕਰਨੀਆਂ ਲਾਜ਼ਮੀ ਹਨ | ਇਸਦੇ ਨਾਲ ਹੀ ਝੋਨੇ ਦੀ ਸਿੱਧੀ ਬਿਜਾਈ ਵਿਧੀ ਨੂੰ ਵੀ ਹੋਰ ਮਕਬੂਲ ਕਰਨਾ ਸਾਡਾ ਉਦੇਸ਼ ਹੋਣਾ ਚਾਹੀਦਾ ਹੈ | ਉਹਨਾਂ ਕਿਹਾ ਕਿ ਘੱਟ ਮਿਆਰ ਵਾਲੀਆਂ ਕਿਸਮਾਂ ਦੇ ਗੁਣ ਦੱਸ ਕੇ ਪਾਣੀ ਦੀ ਬੱਚਤ ਲਈ ਕਿਸਾਨਾਂ ਨੂੰ ਪ੍ਰੇਰਿਤ ਕਰਨਾ ਸਮੇਂ ਦੀ ਲੋੜ ਹੈ | ਡਾ. ਗੋਸਲ ਨੇ ਪੀ.ਏ.ਯੂ. ਵੱਲੋਂ ਸਿਫ਼ਾਰਸ਼ ਕੀਤੇ ਨਰਮੇ ਦੀਆਂ ਕਿਸਮਾਂ ਦੇ ਬੀਜ ਉੱਪਰ ਪੰਜਾਬ ਸਰਕਾਰ ਵੱਲੋਂ 33% ਸਬਸਿਡੀ ਦੇਣ ਦੇ ਫੈਸਲੇ ਦਾ ਸਵਾਗਤ ਕੀਤਾ | ਉਹਨਾਂ ਕਿਹਾ ਕਿ ਕਿਸਾਨ ਮਿੱਤਰਾਂ ਦੀ ਭਰਤੀ ਕਰਕੇ ਨਰਮਾ ਖੇਤਰ ਵਿੱਚ ਨਵੀਆਂ ਤਕਨੀਕਾਂ ਦਾ ਪ੍ਰਸਾਰ ਕਰਨ ਦੀ ਯੋਜਨਾ ਵੀ ਲਾਹੇਵੰਦ ਸਾਬਿਤ ਹੋਵੇਗੀ | ਉਹਨਾਂ ਦੱਸਿਆ ਕਿ ਹੁਣ ਤੱਕ 680 ਕਿਸਾਨ ਮਿੱਤਰਾਂ ਨੂੰ ਪੀ.ਏ.ਯੂ. ਨੇ ਨਰਮੇ ਦੀਆਂ ਕਿਸਮਾਂ, ਵਿਕਸਿਤ ਤਕਨੀਕਾਂ, ਬਿਮਾਰੀਆਂ ਅਤੇ ਕੀੜਿਆਂ ਦੀ ਪਛਾਣ ਅਤੇ ਛਿੜਕਾਅ ਤਕਨਾਲੋਜੀਆਂ ਦੇ ਸੰਬੰਧ ਵਿੱਚ ਸਿੱਖਿਅਤ ਕੀਤਾ ਹੈ | ਵਾਈਸ ਚਾਂਸਲਰ ਨੇ ਨਰਮਾ-ਪੱਟੀ ਵਿੱਚ ਗਰਮ ਰੁੱਤ ਦੀ ਮੂੰਗੀ ਦੀ ਕਾਸ਼ਤ ਕਰਨ ਤੋਂ ਗੁਰੇਜ਼ ਕਰਨ ਦੀ ਸਲਾਹ ਕਿਸਾਨਾਂ ਨੂੰ ਦਿੱਤੀ | ਉਹਨਾਂ ਕਿਹਾ ਕਿ ਸਰਫੇਸ ਸੀਡਿੰਗ ਤਕਨੀਕ ਨਾਲ ਬੀਜੀ ਗਈ ਕਣਕ ਦਾ ਮੁਆਇਨਾ ਉਹਨਾਂ ਨੇ ਖੁਦ ਪੰਜਾਬ ਦੇ 12 ਜ਼ਿਲ੍ਹਿਆਂ ਵਿੱਚ ਕੀਤਾ ਹੈ | ਇਸ ਵਿਧੀ ਨਾਲ ਬੀਜੀ ਕਣਕ ਬਿਨਾਂ ਡਿੱਗੇ ਅਡੋਲ ਖੜੀ ਰਹੀ ਹੈ ਅਤੇ ਇਸ ਵਿੱਚ ਨਦੀਨਾਂ ਦਾ ਜੰਮ ਵੀ ਘੱਟ ਦੇਖਣ ਵਿੱਚ ਆਇਆ ਹੈ | ਉਹਨਾਂ ਨੇ ਕਿਸਾਨਾਂ ਨੂੰ ਘੱਟ ਸਮੇਂ ਵਿੱਚ ਪੱਕਣ ਵਾਲੀਆਂ ਕਿਸਮਾਂ ਵਿਸ਼ੇਸ਼ਕਰ ਪੀ ਆਰ-126 ਦੀ ਕਾਸ਼ਤ ਦੀ ਅਪੀਲ ਕੀਤੀ |ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਨੇ ਖੇਤੀ ਖੋਜਕਾਰਾਂ ਅਤੇ ਪਸਾਰ ਮਾਹਿਰਾਂ ਨੂੰ ਅਜੋਕੀਆਂ ਖੇਤੀ ਵੰਗਾਰਾਂ ਦੇ ਸੰਬੰਧ ਵਿੱਚ ਕਈ ਨੁਕਤੇ ਸੁਝਾਏ | ਵਿਸ਼ੇਸ਼ ਕਰਕੇ ਉਹਨਾਂ ਨੇ ਮੱਕੀ ਦੀ ਫ਼ਸਲ ਵਿੱਚ ਫਾਲ ਆਰਮੀਵਰਮ ਦੀ ਰੋਕਥਾਮ ਅਤੇ ਨਰਮੇ ਦੀ ਗੁਲਾਬੀ ਸੁੰਡੀ ਅਤੇ ਚਿੱਟੀ ਮੱਖੀ ਦੀ ਬੇਮੌਸਮੀ ਰੋਕਥਾਮ ਲਈ ਮਾਹਿਰਾਂ ਨੂੰ ਪ੍ਰੇਰਿਤ ਕੀਤਾ |ਨਿਰਦੇਸ਼ਕ ਪਸਾਰ ਸਿੱਖਿਆ ਡਾ. ਗੁਰਮੀਤ ਸਿੰਘ ਬੁੱਟਰ ਨੇ ਪਿਛਲੀ ਮੀਟਿੰਗ ਦੀ ਕਾਰਵਾਈ ਰਿਪੋਰਟ ਪੇਸ਼ ਕਰਦਿਆਂ ਚੁੱਕੇ ਗਏ ਢੱੁਕਵੇਂ ਕਦਮਾਂ ਦਾ ਜ਼ਿਕਰ ਕੀਤਾ | ਇਸ ਮੀਟਿੰਗ ਵਿੱਚ ਪੀ.ਏ.ਯੂ. ਦੇ ਕ੍ਰਿਸ਼ੀ ਵਿਗਿਆਨ ਕੇਂਦਰਾਂ ਅਤੇ ਕਿਸਾਨ ਸਲਾਹਕਾਰ ਸੇਵਾ ਕੇਂਦਰਾਂ ਦੇ ਮਾਹਿਰਾਂ ਦੇ ਨਾਲ-ਨਾਲ ਵੱਖ-ਵੱਖ ਵਿਭਾਗਾਂ ਦੇ ਮੁਖੀ ਅਤੇ ਮਾਹਿਰ ਸ਼ਾਮਲ ਸਨ |