ਪੰਚਾਇਤੀ ਚੋਣਾਂ ਵਿੱਚ ਵੱਡੇ ਪੱਧਰ ਤੇ ਆਪ ਸਰਕਾਰ ਨੇ ਸਰਪੰਚਾਂ,ਪੰਚਾ ਦੇ ਕਾਗਜ਼ ਰੱਦ ਕਰਕੇ ਹਾਰ ਕਬੂਲੀ:--- ਰਾਜੂ ਖੰਨਾ, ਅਮਰਿੰਦਰ ਬਜਾਜ,ਅਮਿਤ ਰਾਠੀ

  • ਚੋਣਾਂ ਦੌਰਾਨ ਨਾਮਜ਼ਦਗੀਆਂ ਰੱਦ ਕਰਨ ਦੇ ਰੋਸ 'ਚ ਡੀ ਸੀ ਦਫਤਰ ਅੱਗੇ ਸੜਕ ਜਾਮ  ਕਰਕੇ ਸਰਕਾਰ ਤੇ ਜ਼ਿਲ੍ਹੇ ਦੇ ਵਿਧਾਇਕਾਂ ਖ਼ਿਲਾਫ਼ ਕੀਤੀ ਨਾਅਰੇਬਾਜ਼ੀ।

ਪਟਿਆਲਾ, 07 ਅਕਤੂਬਰ 2024 : ਪੰਜਾਬ 'ਚ 15 ਅਕਤੂਬਰ ਨੂੰ ਹੋਣ ਵਾਲੀਆਂ ਪੰਚਾਇਤੀ ਚੋਣਾਂ ਸਬੰਧੀ ਨਾਮਜ਼ਦਗੀ ਪੱਤਰਾਂ ਦੀ ਪੜਤਾਲ ਮਗਰੋਂ ਦਰਜਨਾਂ ਪਿੰਡਾਂ ਦੇ ਸਰਪੰਚਾਂ ਤੇ ਪੰਚਾਂ ਦੇ ਉਮੀਦਵਾਰਾਂ ਦੇ ਕਾਗ਼ਜ਼ ਰੱਦ ਕੀਤੇ ਜਾਣ ਦੇ ਵਿਰੋਧ ਵਿੱਚ ਅੱਜ ਡਿਪਟੀ ਕਮਿਸ਼ਨਰ ਦਫ਼ਤਰ ਪਟਿਆਲਾ ਦੇ ਬਾਹਰ ਸੜਕ ਤੇ ਰੋਡ ਜਾਮ ਕਰਕੇ ਆਪ ਸਰਕਾਰ, ਜ਼ਿਲ੍ਹੇ ਦੇ ਸਮੁੱਚੇ ਵਿਧਾਇਕਾਂ,ਤੇ ਪ੍ਰਸ਼ਾਸਨਿਕ ਅਧਿਕਾਰੀਆਂ ਖਿਲਾਫ ਜ਼ਬਰਦਸਤ ਰੋਸ਼ ਪ੍ਰਦਰਸਨ ਕਰਦੇ ਹੋਏ ਜਮ ਕੇ ਨਾਅਰੇਬਾਜ਼ੀ ਕੀਤੀ ਗਈ। ਇਸ ਵਿਸ਼ਾਲ ਰੋਸ਼ ਪ੍ਰਦਰਸਨ ਦੀ ਅਗਵਾਈ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਗੁਰਪ੍ਰੀਤ ਸਿੰਘ ਰਾਜੂ ਖੰਨਾ, ਹਲਕਾ ਪਟਿਆਲਾ ਸ਼ਹਿਰੀ ਦੇ ਇੰਚਾਰਜ ਅਮਰਿੰਦਰ ਸਿੰਘ ਬਜਾਜ , ਜਥੇਦਾਰ ਹਰਬੰਸ ਸਿੰਘ ਲੰਗ,ਜ਼ਿਲ੍ਹਾ ਪ੍ਰਧਾਨ ਅਮਿਤ ਸਿੰਘ ਰਾਠੀ ਵੱਲੋਂ ਕੀਤੀ ਗਈ। ਇਸ ਰੋਸ਼ ਪ੍ਰਦਰਸਨ ਵਿੱਚ ਜ਼ਿਲ੍ਹੇ ਦੇ ਵੱਖ ਵੱਖ ਹਲਕਿਆਂ ਦੇ ਪਿੰਡਾ ਤੋਂ ਆਏ ਲੋਕਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਜ਼ੋਰਦਾਰ ਰੋਹ ਭਰਿਆ ਵਿਖਾਵਾ ਕੀਤਾ ਗਿਆ, ਜਿਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਸਾਹਮਣੇ ਸੜਕ ਜਾਮ ਕਰਕੇ ਧਰਨਾ ਦਿੱਤਾ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਪਰੋਕਤ ਆਗੂਆਂ ਨੇ ਕਿਹਾ ਕਿ ਪੰਚਾਇਤੀ ਚੋਣਾਂ ਵਿਚ ਸੱਤਾਧਾਰੀ ਧਿਰ ਨੇ ਵਿਰੋਧੀ ਉਮੀਦਵਾਰਾਂ ਦੇ ਨਾਮਜ਼ਦਗੀ ਕਾਗ਼ਜ਼ ਇਤਰਾਜ਼ ਸਬੰਧੀ ਬਿਨਾਂ ਪੱਖ ਸੁਣੇ ਰੱਦ ਕੀਤੇ ਗਏ ਹਨ, ਜਦੋਂਕਿ ਸੱਤਾ ਧਿਰ ਦੇ ਉਮੀਦਵਾਰਾਂ ਖ਼ਿਲਾਫ਼ ਦਾਖ਼ਲ ਹੋਏ ਇਤਰਾਜ਼ਾਂ ਦੀ ਪੜਤਾਲ ਤੱਕ ਨਹੀਂ ਕੀਤੀ ਗਈ। ਯੂਥ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਅੰਮ੍ਰਿਤਪਾਲ ਸਿੰਘ ਲੰਗ ਦੀ ਮਾਤਾ ਦੇ ਜਿੱਥੇ ਕਾਗਜ਼ ਬਿਨਾਂ ਪੱਖ ਸੁਣੇ ਰੱਦ ਕਰ ਦਿੱਤੇ ਗਏ ਉਥੇ ਜ਼ਿਲ੍ਹੇ ਦੇ ਸੈਂਕੜੇ ਪਿੰਡਾਂ ਦੇ ਉਮੀਦਵਾਰਾਂ ਨੂੰ ਵੀ ਕਾਗਜ਼ ਰੱਦ ਕਰਕੇ ਆਪਣੇ ਅਧਿਕਾਰਾ ਤੋਂ ਵਾਝਾ ਕਰ ਦਿੱਤਾ ਗਿਆ।  ਰਾਜੂ ਖੰਨਾ ਤੇ ਅਮਿਤ ਰਾਠੀ ਨੇ ਇਸ ਕਾਰਵਾਈ ਨੂੰ ਸਰਕਾਰ ਅਤੇ ਹਲਕਾ ਵਿਧਾਇਕਾ ਦੀ ਧੱਕੇਸ਼ਾਹੀ ਕਰਾਰ ਦਿੰਦਿਆਂ ਕਿਹਾ ਕਿ ਉਹ ਚੁੱਪ ਨਹੀਂ ਬੈਠਣਗੇ ਅਤੇ ਇਸ ਮਾਮਲੇ ਸਬੰਧੀ ਮਾਨਯੋਗ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਜਾਵੇਗਾ।  ਰਾਜੂ ਖੰਨਾ ਨੇ ਕਿਹਾ ਕਿ ਜ਼ਿਲ੍ਹਾ ਪਟਿਆਲਾ ਦੇ ਜਿਹੜੇ ਪਿੰਡਾਂ ਵਿਚ ਰਿਟਰਨਿੰਗ ਅਫ਼ਸਰ ਵਲੋਂ ਬੀ.ਡੀ.ਪੀ.ਓ. ਦੀ ਰਿਪੋਰਟ ਦੇ ਅਧਾਰ 'ਤੇ ਸਰਕਾਰ ਦੇ ਦਬਾਅ ਹੇਠ ਉਮੀਦਵਾਰਾਂ ਦੇ ਕਾਗ਼ਜ਼ ਰੱਦ ਕੀਤੇ ਗਏ ਹਨ, ਉਸ ਸਬੰਧੀ ਉਨ੍ਹਾਂ ਵੱਲੋਂ ਪੰਜਾਬ ਚੋਣ ਕਮਿਸ਼ਨ ਨੂੰ ਈਮੇਲ ਰਾਹੀਂ ਲਿਖਤੀ ਸ਼ਿਕਾਇਤ ਵੀ ਭੇਜ ਦਿੱਤੀ ਹੈ। ਉਹਨਾਂ  ਕਿਹਾ ਕਿ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਨੇ ਬੌਖਲਾਹਟ ਵਿਚ ਆ ਕੇ ਪੰਚਾਇਤੀ ਚੋਣ ਲੜਨ ਵਾਲੇ ਉਮੀਦਵਾਰਾਂ ਦੇ ਪੰਚਾਂ ਅਤੇ ਸਰਪੰਚਾਂ ਦੇ ਕਾਗ਼ਜ਼ ਰੱਦ ਕਰਵਾ ਦਿੱਤੇ ਹਨ। ਉਨ੍ਹਾਂ ਚੋਣ ਕਮਿਸ਼ਨ ਨੂੰ ਅਪੀਲ ਕੀਤੀ ਕਿ ਦਰਜਨਾਂ ਪਿੰਡਾਂ ਦੀ ਚੋਣ ਲੜਨ ਵਾਲੇ ਉਮੀਦਵਾਰਾਂ ਦੇ ਨਾਜਾਇਜ਼ ਤਰੀਕੇ ਨਾਲ ਰੱਦ ਕੀਤੇ ਗਏ ਕਾਗ਼ਜ਼ਾਂ 'ਤੇ ਮੁੜ ਤੋਂ ਨਜ਼ਰਸਾਨੀ ਕੀਤੀ ਜਾਣੀ ਚਾਹੀਦੀ ਹੈ, ਨਹੀਂ ਤਾਂ ਉਨ੍ਹਾਂ ਵਲੋਂ ਇਸ ਦੇ ਵਿਰੋਧ ਵਿਚ ਕਾਨੂੰਨੀ ਰੁੱਖ ਵੀ ਅਪਣਾਇਆ ਜਾਵੇਗਾ। ਜਥੇਦਾਰ ਹਰਬੰਸ ਸਿੰਘ ਲੰਗ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਅਤੇ ਜ਼ਿਲ੍ਹਾ ਪਟਿਆਲਾ ਦੇ ਵਿਧਾਇਕ  ਦਮਗਜੇ ਮਾਰਦੇ ਸਨ ਕਿ ਅਸੀਂ ਲੋਕਤੰਤਰ ਦਾ ਪੂਰਾ ਸਤਿਕਾਰ ਕਰਦੇ ਹਾਂ ਅਤੇ ਪੰਚਾਇਤੀ ਚੋਣਾਂ ਵਿਚ ਕਿਸੇ ਵੀ ਉਮੀਦਵਾਰ ਦੇ ਕਾਗ਼ਜ਼ ਰੱਦ ਨਹੀਂ ਕੀਤੇ ਜਾਣਗੇ ਪਰ ਅੱਜ ਸਾਰਾ ਕੁਝ ਉਸ ਦੇ ਉਲਟ ਹੋ ਰਿਹਾ ਹੈ। ਆਗੂਆਂ ਨੇ ਕਿਹਾ ਕਿ ਸੈਂਕੜੇ ਉਮੀਦਵਾਰਾ ਦੇ ਕਾਗਜ਼ ਰੱਦ ਕਰਕੇ ਭਗਵੰਤ ਮਾਨ ਸਰਕਾਰ ਵੱਲੋਂ ਲੋਕਤੰਤਰ ਦਾ ਘਾਣ ਕੀਤਾ ਗਿਆ ਹੈ। ਇਸ ਮੌਕੇ ਤੇ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਗੁਰਪ੍ਰੀਤ ਸਿੰਘ ਰਾਜੂ ਖੰਨਾ, ਸੀਨੀਅਰ ਆਗੂ ਜਥੇਦਾਰ ਹਰਬੰਸ ਸਿੰਘ ਲੰਗ, ਜ਼ਿਲ੍ਹਾ ਪ੍ਰਧਾਨ ਅਮਿਤ ਸਿੰਘ ਰਾਠੀ, ਹਲਕਾ ਪਟਿਆਲਾ ਸ਼ਹਿਰੀ ਦੇ ਇੰਚਾਰਜ ਅਮਰਿੰਦਰ ਸਿੰਘ ਬਜਾਜ ਤੇ ਜ਼ਿਲ੍ਹਾ ਯੂਥ ਪ੍ਰਧਾਨ ਅੰਮ੍ਰਿਤਪਾਲ ਸਿੰਘ ਲੰਗ ਦੀ ਅਗਵਾਈ ਵਿੱਚ ਸੈਂਕੜਿਆਂ ਦੀ ਗਿਣਤੀ ਵਿੱਚ ਪੁੱਜੇ ਸਰਪੰਚਾਂ ਤੇ ਪੰਚਾ ਦੇ ਉਮੀਦਵਾਰਾਂ ਵੱਲੋਂ ਜਿਹਨਾਂ ਦੇ ਕਾਗਜ਼ ਰੱਦ ਹੋਏ ਹਨ ਉਹਨਾਂ ਵੱਲੋਂ ਡਿਪਟੀ ਕਮਿਸ਼ਨਰ ਪਟਿਆਲਾ ਦੇ ਨਾਂਅ ਤੇ ਤਹਿਸੀਲਦਾਰ ਅਮਨਦੀਪ ਸਿੰਘ ਨੂੰ ਹੋਈ ਧੱਕੇਸ਼ਾਹੀ ਖ਼ਿਲਾਫ਼ ਇੱਕ ਮੰਗ ਪੱਤਰ ਵੀ ਦਿੱਤਾ ਗਿਆ।ਇਸ ਰੋਸ਼ ਪ੍ਰਦਰਸਨ ਵਿੱਚ ਜਥੇਦਾਰ ਹਰਫੂਲ ਸਿੰਘ ਭੰਗੂ, ਸਤਨਾਮ ਸਿੰਘ ਲਚਕਾਣੀ, ਕਰਨੈਲ ਸਿੰਘ ਸਾਬਕਾ ਪ੍ਰਧਾਨ, ਚਮਕੌਰ ਸਿੰਘ ਲੰਗ, ਨਰਿੰਦਰਜੀਤ ਸਿੰਘ ਗਿੱਲ, ਮਨਪ੍ਰੀਤ ਸਿੰਘ ਮਾਜਰੀ,ਕਰਨ ਸਾਹਨੀ ਪਟਿਆਲਾ, ਗੁਰਪ੍ਰੀਤ ਸਿੰਘ ਬਾਰਨ, ਗੁਰਦੀਪ ਸਿੰਘ ਲਾਡੀ ਚਲੈਲਾ ,ਮੋਹਣ ਸਿੰਘ ਉਬਰਾਏ,ਆਈ ਐਸ ਬਿੰਦਰਾ ਕਿੱਟੀ, ਸੋਨੂੰ ਮਾਜਰੀ, ਗਗਨਦੀਪ ਸਿੰਘ ਮੋਨੀ , ਗੁਰਚਰਨ ਸਿੰਘ ਖਾਲਸਾ, ਅਮਰਜੀਤ ਸਿੰਘ ਬੱਟਲਾ, ਦਰਸ਼ਨ ਸਿੰਘ ਪ੍ਰਿਸ,ਸੁਮੀਲ ਕੂਰੈਸੀ,ਭਰਤ ਕੁਮਾਰ, ਵਿਵੇਕ ਮੱਟੂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਵੱਖ ਵੱਖ ਹਲਕਿਆਂ ਤੋਂ ਆਪ ਸਰਕਾਰ ਦੇ ਸਤਾਏ ਲੋਕ ਹਾਜ਼ਰ ਸਨ।