- ਇੰਟਰਲਾਕ ਟਾਈਲਾਂ ਨਾਲ ਤਿਆਰ ਕੀਤੇ ਸਕੂਲ ਅੰਦਰਲੇ ਰਸਤੇ ਨੂੰ ਵੀ ਕੀਤਾ ਵਿਦਿਆਰਥੀਆਂ ਨੂੰ ਸਮਰਪਿਤ
- ਅਧਿਆਪਕ ਦਿਵਸ ਦੀ ਦਿੱਤੀ ਵਧਾਈ
- ਸਕੂਲ ਸਟਾਫ਼ ਤੇ ਵਿਦਿਆਰਥੀਆਂ ਵੱਲੋਂ ਹਲਕਾ ਵਿਧਾਇਕ ਦਾ ਸਨਮਾਨ
ਫ਼ਤਹਿਗੜ੍ਹ ਸਾਹਿਬ, 05 ਸਤੰਬਰ 2024 : ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ਹੇਠ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਵਿੱਦਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਕੀਤੇ ਜਾ ਰਹੇ ਉਪਰਾਲਿਆਂ ਤਹਿਤ ਅੱਜ ਅਧਿਆਪਕ ਦਿਵਸ ਮੌਕੇ ਸਰਕਾਰੀ ਹਾਈ ਸਕੂਲ, ਮਾਧੋਪੁਰ ਦੀ 30 ਸਾਲ ਬਾਅਦ ਕਰੀਬ 06 ਲੱਖ ਰੁਪਏ ਦੀ ਲਾਗਤ ਨਾਲ ਬਣੀ ਚਾਰਦੀਵਾਰੀ ਹਲਕਾ ਵਿਧਾਇਕ ਸ. ਲਖਬੀਰ ਸਿੰਘ ਰਾਏ ਵੱਲੋਂ ਲੋਕ ਅਰਪਿਤ ਕੀਤੀ ਗਈ। ਇਸ ਦੇ ਨਾਲ ਹੀ ਇੰਟਰਲਾਕ ਟਾਈਲਾਂ ਨਾਲ ਤਿਆਰ ਕੀਤਾ ਸਕੂਲ ਅੰਦਰਲਾ ਰਸਤਾ ਵੀ ਵਿਦਿਆਰਥੀਆਂ ਨੂੰ ਸਮਰਪਿਤ ਕੀਤਾ ਗਿਆ। ਹਲਕਾ ਵਿਧਾਇਕ ਨੇ ਇਸ ਮੌਕੇ ਅਧਿਆਪਕ ਦਿਵਸ ਦੀ ਵਧਾਈ ਵੀ ਦਿੱਤੀ। ਹਲਕਾ ਵਿਧਾਇਕ ਸ. ਰਾਏ ਨੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਵਿੱਚ ਸਿੱਖਿਆ ਢਾਂਚੇ ਨੂੰ ਮਜ਼ਬੂਤ ਕਰਨ ਲਈ ਦਿਨ ਰਾਤ ਇੱਕ ਕਰ ਕੇ ਕੰਮ ਕਰ ਰਹੀ ਹੈ। ਉਹਨਾਂ ਕਿਹਾ ਕਿ ਸਕੂਲ ਦੇ ਮੁੱਖ ਗੇਟ ਤੋਂ ਲੈ ਕੇ ਕਲਾਸ ਰੂਮਜ਼ ਤੱਕ ਦੀ ਥਾਂ ਕੱਚੀ ਹੋਣ ਕਾਰਨ ਬਰਸਾਤਾਂ ਵਿੱਚ ਵਿਦਿਆਰਥੀਆਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਪਰ ਇੰਟਰਲਾਕ ਟਾਈਲਾਂ ਲੱਗਣ ਨਾਲ ਇਹ ਮੁਸ਼ਕਲ ਹੱਲ ਹੋ ਗਈ ਹੈ। ਕਰੀਬ 30 ਸਾਲ ਬਾਅਦ ਬਣੀ ਚਾਰਦੀਵਾਰੀ ਨਾਲ ਸਕੂਲ ਦੀ ਦਿੱਖ ਅਤੇ ਵਿਦਿਆਰਥੀਆਂ ਤੇ ਸਟਾਫ਼ ਦੀ ਸੁਰੱਖਿਆ ਯਕੀਨੀ ਬਣਾਈ ਗਈ ਹੈ। ਹਲਕਾ ਵਿਧਾਇਕ ਨੇ ਕਿਹਾ ਕਿ ਮੌਜੂਦਾ ਸਰਕਾਰ ਦੇ ਯਤਨਾਂ ਸਦਕਾ ਅੱਜ ਪੰਜਾਬ ਵਿੱਚ ਕੋਈ ਅਜਿਹਾ ਸਕੂਲ ਨਹੀਂ ਜਿੱਥੇ ਚਾਰਦੀਵਾਰੀ ਨਾ ਹੋਵੇ। ਵਿਦਿਆਰਥੀਆਂ ਲਈ ਸਕੂਲਾਂ ਵਿੱਚ ਪਖਾਨੇ ਲਗਾਤਾਰ ਬਣਾਏ ਜਾ ਰਹੇ ਹਨ। ਬੁਨਿਆਦੀ ਢਾਂਚੇ ਦੇ ਨਾਲ ਵਿਦਿਆਰਥੀਆਂ ਦੇ ਜੀਵਨ ਵਿੱਚ ਅਧਿਆਪਕਾਂ ਦਾ ਯੋਗਦਾਨ ਅਹਿਮ ਹੁੰਦਾ ਹੈ। ਮਿਹਨਤ ਨਾਲ ਕਰਨ ਵਾਲੇ ਅਧਿਆਪਕ ਕਿਸੇ ਨੂੰ ਵੀ ਬੁਲੰਦੀਆਂ ਉੱਤੇ ਪੁਚਾ ਸਕਦੇ ਹਨ। ਸਰਕਾਰੀ ਸਕੂਲਾਂ ਵਿੱਚ ਪੜ੍ਹ ਕੇ ਅਫ਼ਸਰ ਬਣੇ ਅਧਿਕਾਰੀ ਇਸ ਗੱਲ ਦੀ ਮਿਸਾਲ ਹਨ। ਉਹਨਾਂ ਨੇ ਮਹਾਭਾਰਤ ਦੇ ਹਵਾਲੇ ਨਾਲ ਵੀ ਅਧਿਆਪਕਾਂ ਦੀ ਅਹਿਮੀਅਤ ਵੀ ਸਮਝਾਈ। ਹਲਕਾ ਵਿਧਾਇਕ ਨੇ ਕਿਹਾ ਕਿ ਵਿਦੇਸ਼ਾਂ ਵਿੱਚ ਅੱਜ ਸਾਡੇ ਬੱਚੇ ਤੇ ਨੌਜਵਾਨ ਖੱਜਲ ਹੋ ਰਹੇ ਹਨ। ਇਸ ਲਈ ਲੋੜ ਹੈ ਕਿ ਸਾਡੇ ਬੱਚੇ ਵੱਧ ਤੋਂ ਵੱਧ ਪੜ੍ਹਨ। ਇਹ ਜ਼ਰੂਰੀ ਨਹੀਂ ਹੈ ਕਿ ਪੜ੍ਹ ਕੇ ਸਰਕਾਰੀ ਨੌਕਰੀ ਹੀ ਲੈਣੀ ਹੈ। ਪੜ੍ਹਿਆ ਲਿਖਿਆ ਇਨਸਾਨ ਬਹੁਤ ਕੁਝ ਕਰ ਸਕਦਾ ਹੈ। ਅੱਜ ਹੋਰ ਸੂਬਿਆਂ ਦੇ ਲੋਕ ਪੰਜਾਬ ਵਿੱਚ ਆ ਕੇ ਕਾਮਯਾਬ ਹੋ ਰਹੇ ਹਨ ਤਾਂ ਪੰਜਾਬੀ ਕਿਉਂ ਨਹੀਂ ਕਾਮਯਾਬ ਹੋ ਸਕਦੇ। ਉਹਨਾਂ ਕਿਹਾ ਕਿ ਅਸੀਂ ਇਸ ਇਤਿਹਾਸਕ ਧਰਤੀ ਸ੍ਰੀ ਫ਼ਤਹਿਗੜ੍ਹ ਸਾਹਿਬ ਨੂੰ ਵਿਕਾਸ ਪੱਖੋਂ ਦੁਨੀਆ ਦੇ ਨਕਸ਼ੇ ਉੱਤੇ ਉਭਾਰਨਾ ਹੈ। ਹਲਕਾ ਵਿਧਾਇਕ ਨੇ ਕਿਹਾ ਕਿ ਪੰਜਾਬ ਵਿੱਚ ਸਰਕਾਰ ਬਦਲਣ ਤੋਂ ਬਾਅਦ ਸੂਬੇ ਨੇ ਸਿੱਖਿਆ ਦੇ ਖੇਤਰ ਵਿੱਚ ਨਵੀਂ ਉਡਾਣ ਭਰੀ ਹੈ। ਉਹਨਾਂ ਕਿਹਾ ਕਿ ਸਰਕਾਰਾਂ ਦਾ ਰੁਖ਼ ਬਦਲਣ ਨਾਲ ਰੁਝਾਨ ਬਦਲ ਜਾਂਦਾ ਹੈ। ਪਿਛਲੀਆਂ ਸਰਕਾਰਾਂ ਦਾ ਉਦੇਸ਼ ਸਿੱਖਿਆ ਸੁਧਾਰ ਨਹੀਂ ਸੀ। ਪੰਜਾਬ ਵਿੱਚ ਸਕੂਲਾਂ ਨੂੰ ਵੱਧ ਤੋਂ ਵੱਧ ਸਹੂਲਤਾਂ ਦੇ ਕੇ ਸਿੱਖਿਆ ਕ੍ਰਾਂਤੀ ਲਈ ਵੱਡੇ ਪੱਧਰ ਉੱਤੇ ਕਦਮ ਚੁੱਕੇ ਜਾ ਰਹੇ ਹਨ। ਸਿੱਖਿਆ ਦੇ ਪੱਧਰ ਵਿੱਚ ਸੁਧਾਰ ਕਰਨ ਲਈ ਦੇਸ਼ ਵਿੱਚ ਪਹਿਲੀ ਵਾਰ ਸਰਕਾਰੀ ਸਕੂਲਾਂ ਦੇ ਪ੍ਰਿੰਸੀਪਲਾਂ ਨੂੰ ਸਿੰਗਾਪੁਰ ਵਿਖੇ ਪੜ੍ਹਾਈ ਦਾ ਮਿਆਰ ਅਤੇ ਢੰਗ ਤਰੀਕਿਆਂ ਬਾਰੇ ਜਾਣਕਾਰੀ ਹਾਸਿਲ ਕਰਨ ਦੇ ਲਈ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਭੇਜਿਆ ਗਿਆ, ਤਾਂ ਜੋ ਪੰਜਾਬ ਦੇ ਵਿਦਿਆਰਥੀਆਂ ਦੇ ਆਤਮ -ਵਿਸ਼ਵਾਸ ਵਿੱਚ ਵਾਧਾ ਕੀਤਾ ਜਾ ਸਕੇ ਅਤੇ ਉਹ ਸਫਲਤਾ ਹਾਸਿਲ ਕਰ ਸਕਣ। ਸਰਕਾਰ ਸਿੱਖਿਆ ਦੇ ਖੇਤਰ ਵਿੱਚ ਇਨਕਲਾਬੀ ਤਬਦੀਲੀਆਂ ਲਿਆਉਣ ਵਾਸਤੇ ਯਤਨਸ਼ੀਲ ਹੈ, ਜਿਸ ਵਿੱਚ ਸਕੂਲਾਂ ਦੀਆਂ ਇਮਾਰਤਾਂ ਦੇ ਸੁੰਦਰੀਕਰਨ ਦੇ ਨਾਲ-ਨਾਲ ਸਿੱਖਿਆ ਦੀ ਗੁਣਵੱਤਾ ਦੇ ਸੁਧਾਰ ਵਾਸਤੇ ਵੀ ਕੰਮ ਕੀਤਾ ਜਾ ਰਿਹਾ ਹੈ। ਸਿੱਖਿਆ ਦੇ ਨਾਲ-ਨਾਲ ਪੰਜਾਬ ਸਰਕਾਰ ਖੇਡਾਂ ਵੱਲ ਵੀ ਉਚੇਚਾ ਧਿਆਨ ਦੇ ਰਹੀ ਹੈ। ਭਾਰਤ ਦੀ ਹਾਕੀ ਦੀ ਟੀਮ ਓਲੰਪਿਕ ਵਿੱਚੋਂ ਤਗ਼ਮਾ ਲੈ ਕੇ ਆਈ ਹੈ ਤੇ ਉਸ ਟੀਮ ਵਿੱਚ ਵੱਡੀ ਗਿਣਤੀ ਖਿਡਾਰੀ ਪੰਜਾਬੀ ਹਨ। ਉਹਨਾਂ ਕਿਹਾ ਕਿ ਬੇਸ਼ਕ ਭਾਰਤ ਵਿੱਚ ਪੰਜਾਬੀਆਂ ਦੀ ਗਿਣਤੀ ਕਰੀਬ 02 ਫੀਸਦ ਹੈ ਪਰ ਖੇਡਾਂ ਵਿਚ ਪੰਜਾਬੀਆਂ ਦੀ ਸ਼ਮੂਲੀਅਤ ਕਰੀਬ 18 ਫੀਸਦ ਹੈ, ਜਿਹੜੀ ਕਿ ਮਾਣ ਵਾਲੀ ਗੱਲ ਹੈ। ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਹੀ ਖੇਡਾਂ ਵਤਨ ਪੰਜਾਬ ਦੀਆਂ ਵਰਗਾ ਅਹਿਮ ਉਪਰਾਲਾ ਕੀਤਾ ਗਿਆ ਹੈ। ਇਸ ਮੌਕੇ ਬੀ.ਡੀ.ਪੀ.ਓ. ਚੰਦ ਸਿੰਘ ਤੇ ਦੀਪ ਸ਼ਿਖਾ, ਹਰਗੁਲਜ਼ਾਰ ਸਿੰਘ ਕੰਗ, ਜਥੇਦਾਰ ਕਰਨੈਲ ਸਿੰਘ, ਜਸਵੀਰ ਕੌਰ, ਸ.ਜੱਗੀ ਸਿੰਘ ਪੰਚ , ਸ.ਪਾਲ ਸਿੰਘ, ਸ. ਹਰਜੀਤ ਸਿੰਘ, ਸਕੂਲ ਮੁਖੀ ਸ਼੍ਰੀ ਜਤਿੰਦਰ ਸਿੰਘ, ਪ੍ਰਿ. ਸਰਬਜੀਤ ਸਿੰਘ, ਰਿਟਾਇਰਡ ਡੀ. ਈ. ਓ. ਅਵਤਾਰ ਸਿੰਘ, ਰਿਟਾਇਰਡ ਡਿਪਟੀ ਕਮਿਸ਼ਨਰ ਗੁਰਪਾਲ ਸਿੰਘ ਚਾਹਲ, ਸ.ਗੁਰਸਤਿੰਦਰ ਜੱਲ੍ਹਾ, ਮਾਨ ਮਾਧੋਪੁਰ, ਬਿੱਲਾ ਮਾਧੋਪੁਰ, ਸ਼੍ਰੀ ਮਨਦੀਪ ਪੋਲਾ, ਸ਼੍ਰੀ ਹਰਸ਼ ਰੁੜਕੀ, ਡੀ.ਐਮ. ਖੇਡਾਂ ਜਸਵੀਰ ਸਿੰਘ, ਸਕੂਲ ਸਟਾਫ਼ ਸ੍ਰੀਮਤੀ ਪ੍ਰਵੀਨ ਕੌਰ, ਸ਼੍ਰੀਮਤੀ ਅਰੁਣ ਬਾਲਾ ਸ਼ਰਮਾ, ਸ਼੍ਰੀਮਤੀ ਅਮਰਪ੍ਰੀਤ ਕੌਰ,ਸ਼੍ਰੀਮਤੀ ਹਿਮਾਨੀ ਸ਼ਰਮਾ, ਸ਼੍ਰੀਮਤੀ ਰਾਜਿੰਦਰ ਕੌਰ,ਸ਼੍ਰੀਮਤੀ ਅਲਕਾ ਸਿੱਧੂ, ਸ਼੍ਰੀਮਤੀ ਸਰਬਜੀਤ ਕੌਰ,ਸ਼੍ਰੀ ਹਰਬੰਸ ਸਿੰਘ, ਸ਼੍ਰੀ ਧੀਰਜ ਮੋਹਨ ਸ਼ਰਮਾ, ਸ਼੍ਰੀ ਤਰੁਨ ਖੋਸਲਾ, ਸ਼੍ਰੀ ਰਣਜੋਧ ਸਿੰਘ, ਸ਼੍ਰੀ ਸ਼ਮਸ਼ੇਰ ਸਿੰਘ, ਸ਼੍ਰੀ ਜਸ਼ਨਪ੍ਰੀਤ ਸਿੰਘ ਸਮੇਤ ਪਿੰਡ ਵਾਸੀ ਵੱਡੀ ਗਿਣਤੀ ਵਿਦਿਆਰਥੀ ਤੇ ਪਤਵੰਤੇ ਹਾਜ਼ਰ ਸਨ।