- ਨਰਮੇ ਦੀ ਫਸਲ ਉਪਰ ਕੀੜਿਆਂ ਦੀ ਰੋਕਥਾਮ ਲਈ ਕੀਟ ਨਾਸ਼ਕ ਵਿਕ੍ਰੇਤਾਵਾਂ ਲਈ ਟਰੇਨਿੰਗ ਦਾ ਆਯੋਜਨ
ਫਰੀਦਕੋਟ: 5 ਜੂਨ 2024 : ਸਾਲ 2023-24 ਦੌਰਾਨ ਜ਼ਿਲਾ ਫ਼ਰੀਦਕੋਟ ਵਿੱਚ ਨਰਮੇ ਦੀ ਫਸਲ ਵਿੱਚ ਗੁਲਾਬੀ ਸੁੰਡੀ ਅਤੇ ਕੁਝ ਮੌਸਮੀ ਸਮੱਸਿਆਵਾਂ ਵੇਖਣ ਵਿੱਚ ਆਈਆਂ ,ਨਤੀਜੇ ਵਜੋਂ ਨਰਮੇ ਦੀ ਫਸਲ ਦਾ ਝਾੜ ਘਟਣ ਕਾਰਨ ਇਸ ਵਾਰ ਨਰਮੇ ਹੇਠ ਰਕਬੇ ਵਿੱਚ ਗਿਰਾਵਟ ਆਈ ਹੈ ਅਤੇ ਨਰਮੇ ਦੀ ਫ਼ਸਲ ਨੂੰ ਕੀੜਿਆਂ ਤੋਂ ਬਚਾਉਣ ਲਈ ਖ਼ੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ ਤਾਂ ਜੋਂ ਜ਼ਿਲਾ ਫਰੀਦਕੋਟ ਵਿੱਚ ਨਰਮੇ ਹੇਠ ਰਕਬੇ ਨੂੰ ਵਧਾਇਆ ਜਾ ਸਕੇ। ਇਸ ਮੁਹਿੰਮ ਤਹਿਤ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਸਹਿਯੋਗ ਨਾਲ ਕੀਟ ਨਾਸ਼ਕ ਵਿਕ੍ਰੇਤਾਵਾਂ ਲਈ ਨਰਮੇ ਦੀ ਫ਼ਸਲ ਵਿੱਚ ਕੀੜਿਆਂ ਦੀ ਪਹਿਚਾਣ ਅਤੇ ਸੁਚੱਜੀ ਰੋਕਥਾਮ ਸਬੰਧੀ ਇਕ ਦਿਨਾ ਵਿਸ਼ੇਸ਼ ਸਿਖਲਾਈ ਕੈਂਪ ਲਗਾਇਆ ਗਿਆ ,ਜਿਸ ਦੀ ਪ੍ਰਧਾਨਗੀ ਮੁੱਖ ਖੇਤੀਬਾੜੀ ਅਫ਼ਸਰ ਡਾ.ਅਮਰੀਕ ਸਿੰਘ ਨੇ ਕੀਤੀ । ਇਸ ਸਿਖਲਾਈ ਕੈਂਪ ਦਾ ਮੁੱਖ ਮਕਸਦ ਕੀਟਨਾਸ਼ਕ ਨੂੰ ਤਕਨੀਕੀ ਤੌਰ ਤੇ ਹੋਰ ਮਜ਼ਬੂਤ ਕਰਨਾ ਸੀ ਤਾਂ ਜੋ ਕਿਸਾਨਾਂ ਨੂੰ ਨਰਮੇ ਦੀ ਸਫਲਤਾ ਪੂਰਵਕ ਕਾਸ਼ਤ ਕਰਨ ਲਈ ਸਹੀ ਅਗਵਾਈ ਦਿੱਤੀ ਜਾ ਸਕੇ। ਇਸ ਟਰੇਨਿੰਗ ਦੌਰਾਨ ਕੀਟ ਨਾਸ਼ਕ ਵਿਕ੍ਰੇਤਾਵਾਂ ਨੂੰ ਸੰਬੋਧਨ ਕਰਦਿਆਂ ਡਾ. ਅਮਰੀਕ ਸਿੰਘ ਮੁੱਖ ਖੇਤੀਬਾੜੀ ਅਫਸਰ ਫਰੀਦਕੋਟ ਜੀ ਨੇ ਦੱਸਿਆ ਕਿ ਨਰਮੇ ਦੀ ਫਸਲ ਉੱਪਰ ਵੱਖ-ਵੱਖ ਕੀੜਿਆਂ ਅਤੇ ਕਈ ਬਿਮਾਰੀਆਂ ਦਾ ਹਮਲਾ ਹੁੰਦਾ ਹੈ ਜਿਸ ਪ੍ਰਤੀ ਕਿਸਾਨਾਂ ਨੂੰ ਸਮੇਂ ਉੱਪਰ ਸੁਚੇਤ ਕੀਤਾ ਜਾਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਜੇਕਰ ਸਮੇਂ ਉੱਪਰ ਕੀਟ ਸਰਵੇਖਣ ਹੁੰਦਾ ਰਹੇ ਤਾਂ ਕਿਸਾਨ ਨਰਮੇ ਦੀ ਫਸਲ ਤੋ ਵਧੇਰੇ ਮੁਨਾਫਾ ਵੱਟ ਸਕਦੇ ਹਨ । ਉਹਨਾਂ ਕਿਹਾ ਕਿ ਪਿਛਲੇ ਸਾਲ ਨਾਲੋਂ ਨਰਮੇ ਦੀ ਫ਼ਸਲ ਹੇਠ ਰਕਬਾ ਭਾਵੇਂ ਘੱਟ ਹੈ ਪਰ ਹੁਣ ਸਾਡਾ ਸਾਰਿਆਂ ਦਾ ਫ਼ਰਜ਼ ਬਣਦਾ ਹੈ ਕਿ ਨਰਮੇ ਦੀ ਫਸਲ ਨੂੰ ਸਫਲਤਾਪੂਰਵਕ ਨੇਪਰੇ ਚਾੜ੍ਹਨ ਲਈ ਨਰਮਾ ਕਾਸ਼ਤਕਾਰਾਂ ਦੀ ਯੋਗ ਅਗਵਾਈ ਕੀਤੀ ਜਾਵੇ ਤਾਂ ਜੋਂ ਨਰਮਾ ਉਤਪਾਦਕਾਂ ਵਿਚ ਮੁੜ ਵਿਸ਼ਵਾਸ਼ ਬਹਾਲ ਹੋ ਸਕੇ ਅਤੇ ਅਗਲੇ ਸਾਲ ਝੋਨੇ ਦੀ ਫ਼ਸਲ ਹੇਠੋ ਰਕਬਾ ਕਢ ਕੇ ਨਰਮੇ ਹੇਠ ਰਕਬਾ ਵਧਾਇਆ ਜਾ ਸਕੇ। ਉਹਨਾਂ ਕੀਟ ਨਾਸ਼ਕ ਵਿਕ੍ਰੇਤਾਵਾਂ ਨੂੰ ਅਪੀਲ ਕੀਤੀ ਕਿ ਕਿਸਾਨਾਂ ਨੂੰ ਨਰਮੇ ਦੀ ਫਸਲ ਉੱਪਰ ਕੀੜਿਆਂ ਦੀ ਰੋਕਥਾਮ ਲਈ ਗੈਰ ਸਿਫਾਰਸ਼ਸ਼ੁਦਾ ਕੀਟਨਾਸ਼ਕਾਂ ਦੀ ਵਰਤੋਂ ਨਾਂ ਕਰਨ ਲਈ ਉਤਸ਼ਾਹਿਤ ਕੀਤਾ ਜਾਵੇ। ਪ੍ਰਿੰਸੀਪਲ ਕੀਟ ਵਿਗਿਆਨ ਡਾ.ਵਿਜੇ ਕੁਮਾਰ ਨੇ ਭਾਗ ਲੈਣ ਵਾਲੇ ਕੀਟ ਨਾਸ਼ਕ ਵਿਕ੍ਰੇਤਾਵਾਂ ਨੂੰ ਕੰਪਿਊਟਰ ਦੀ ਮਦਦ ਨਾਲ ਕੀੜਿਆਂ ਖਾਸ ਕਰਕੇ ਚਿੱਟੀ ਮੱਖੀ ਅਤੇ ਗੁਲਾਬੀ ਸੁੰਡੀ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਸ ਵਕਤ ਨਰਮੇ ਦੀ ਫ਼ਸਲ ਉੱਪਰ ਚਿੱਟੀ ਮੱਖੀ ਦਾ ਹਮਲਾ ਦੇਖਿਆ ਗਿਆ ਹੈ ਇਸ ਲਈ ਕਿਸਾਨਾਂ ਨੂੰ ਚਿੱਟੀ ਮੱਖੀ ਦੀ ਰੋਕਥਾਮ ਲਈ ਪੀ ਏ ਯੂ ਵਲੋਂ ਸਿਫਾਰਸ਼ਸ਼ੁਦਾ ਕੀਟਨਾਸ਼ਕਾਂ ਦੀ ਵਰਤੋਂ ਕਰਨ ਪ੍ਰੇਰਿਤ ਕੀਤਾ ਜਾਵੇ । ਉਨਾਂ ਕਿਹਾ ਨਰਮੇ ਦੀ ਫਸਲ ਉੱਪਰ ਗੁਲਾਬੀ ਸੁੰਡੀ ਦੇ ਹਮਲੇ ਦੀ ਨਿਗਰਾਨੀ ਪ੍ਰਤੀ ਏਕੜ ਇਕ ਸੈਕਸ ਫਿਰੋਮੋਨ ਟ੍ਰੈਪ ਲਗਾ ਦੇਣਾ ਚਾਹੀਦਾ ਹੈ ਅਤੇ ਜੇਕਰ ਟ੍ਰੈਪ ਵਿਚ ਗੁਲਾਬੀ ਸੁੰਡੀ ਦੇ ਪਤੰਗੇ ਆ ਰਹੇ ਹਨ ਤਾਂ ਫੁੱਲਾਂ ਤੇ ਆਈ ਫ਼ਸਲ ਨੂੰ ਸਿਫਾਰਸ਼ਸ਼ੁਦਾ ਕੀਟਨਾਸ਼ਕ ਦਾ ਇਕ ਛਿਰਕਾਅ ਕਰ ਦੇਣਾ ਚਾਹੀਦਾ ਹੈ। ਡਾ.ਅਮਨ ਕੇਸ਼ਵ ਨੇ ਦੱਸਿਆ ਕਿ ਆਤਮਾ ਤਹਿਤ ਨਰਮਾ ਉਤਪਾਦਕਾਂ ਦੀ ਨਰਮੇ ਦੀ ਫਸਲ ਵਿਚ ਫੀਰੋਮਨ ਟ੍ਰੈਪ ਲਗਾ ਦਿੱਤੇ ਗਏ ਹਨ ਤਾਂ ਜੋਂ ਗੁਲਾਬੀ ਸੁੰਡੀ ਦੇ ਹਮਲੇ ਬਾਰੇ ਅਗਾਂਹ ਜਾਣਕਾਰੀ ਮਿਲ ਸਕੇ। ਪ੍ਰਧਾਨ ਸੁਰਿੰਦਰ ਸਿੰਘ ਅਤੇ ਰਾਜਨ ਗੋਇਲ ਨੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਨਰਮੇ ਦੀ ਫਸਲ ਨੂੰ ਕੀੜਿਆਂ ਤੋਂ ਬਚਾਉਣ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕੀਤੀ ਅਤੇ ਯਕੀਨ ਦਵਾਇਆ ਕਿ ਵਿਭਾਗ ਨਾਲ ਮੋਢੇ ਨਾਲ ਮੋਢਾ ਜੋੜ ਕੇ ਕਿਸਾਨਾਂ ਦੀ ਯੋਗ ਅਗਵਾਈ ਕੀਤੀ ਜਾਵੇਗੀ। ਉਹਨਾਂ ਮੰਗ ਕੀਤੀ ਕਿ ਕੀਟ ਨਾਸ਼ਕ ਵਿਕ੍ਰੇਤਾਵਾਂ ਨੂੰ ਨਰਮੇ ਦੇ ਖੇਤਾਂ ਵਿਚ ਲਿਜਾ ਕੇ ਕੀੜਿਆਂ ਅਤੇ ਮਿੱਤਰ ਕੀੜਿਆਂ ਦੀ ਪਹਿਚਾਣ ਵੀ ਕਰਵਾਈ ਜਾਵੇ। ਇਕ ਰੋਜ਼ਾ ਸਿਖਲਾਈ ਪ੍ਰੋਗਰਾਮ ਵਿੱਚ ਹੋਰਨਾਂ ਤੋਂ ਇਲਾਵਾ ਡਾ ਗੁਰਪ੍ਰੀਤ ਸਿੰਘ ਬਲਾਕ ਖੇਤੀਬਾੜੀ ਅਫਸਰ ਕੋਟਕਪੂਰਾ ਰਮਨਦੀਪ ਸਿੰਘ ,ਪਰਮਿੰਦਰ ਸਿੰਘ ,ਸੁਰਿੰਦਰ ਸਿੰਘ ਬੜੀਵਾਲਾ ਪ੍ਰਧਾਨ ਇਨਪੁਟ ਡੀਲਰ ਐਸੋਸੀਏਸ਼ਨ,ਰਾਜਨ ਪ੍ਰਧਾਨ ਆਦਿ ਹਾਜ਼ਰ ਸਨ।