ਮਹਿਲ ਕਲਾਂ, 2 ਸਤੰਬਰ 2024 : ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਸਿਵਲ ਸਰਜਨ ਬਰਨਾਲਾ ਡਾ. ਹਰਿੰਦਰ ਸ਼ਰਮਾ ਦੇ ਨਿਰਦੇਸ਼ਾਂ ਅਤੇ ਸੀਐਚਸੀ ਮਹਿਲ ਕਲਾਂ ਦੇ ਸੀਨੀਅਰ ਮੈਡੀਕਲ ਅਫਸਰ ਡਾ. ਗੁਰਤੇਜਿੰਦਰ ਕੌਰ ਦੀ ਅਗੁਵਾਈ ਹੇਠ ਸੀ ਐਚ ਸੀ ਮਹਿਲ ਕਲਾਂ ਵਿਖੇ ਕੌਮੀ ਅੱਖਾਂ ਦਾਨ ਪੰਦਰਵਾੜਾ ਮਨਾਇਆ ਗਿਆ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਐੱਸ.ਐੱਮ.ਓ ਡਾ. ਗੁਰਤੇਜਿੰਦਰ ਕੌਰ ਨੇ ਦੱਸਿਆ ਕਿ ਇਸ ਪੰਦਰਵਾੜੇ ਦਾ ਉਦੇਸ਼ ਲੋਕਾਂ ਨੂੰ ਮੌਤ ਉਪਰੰਤ ਅੱਖਾਂ ਦਾਨ ਕਰਨ ਦੇ ਮਹਾਨ ਕਾਰਜ ਬਾਰੇ ਜਾਗਰੂਕ ਕਰਨਾ ਹੈ। ਉਨ੍ਹਾਂ ਦੱਸਿਆ ਕਿ ਅੱਖਾਂ ਦਾ ਦਾਨ ਮੌਤ ਤੋਂ 4 ਤੋਂ 6 ਘੰਟਿਆਂ ਦੌਰਾਨ ਹੋ ਜਾਣਾ ਚਾਹੀਦਾ ਹੈ। ਆਈ ਬੈਂਕ ਦੀ ਟੀਮ ਦੁਆਰਾ ਅੱਖਾਂ ਦਾਨ ਦੀ ਪ੍ਰਕਿਰਿਆ 10-15 ਮਿੰਟ ਵਿੱਚ ਹੀ ਪੂਰੀ ਕਰ ਲਈ ਜਾਂਦੀ ਹੈ। ਉਨ੍ਹਾਂ ਦੱਸਿਆ ਕਿਸੇ ਵੀ ਉਮਰ, ਚਾਹੇ ਐਨਕਾਂ ਲੱਗੀਆਂ ਹੋਣ, ਲੈਨਜ਼ ਪਏ ਹੋਣ, ਅੱਖਾਂ ਦਾ ਆਪ੍ਰੇਸ਼ਨ ਹੋਇਆ ਹੋਵੇ, ਤਾਂ ਵੀ ਅੱਖਾਂ ਦਾਨ ਹੋ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਏਡਸ, ਪੀਲੀਆ, ਬਲੱਡ ਕੈਂਸਰ ਅਤੇ ਦਿਮਾਗੀ ਬੁਖਾਰ ਵਿੱਚ ਅੱਖਾਂ ਦਾਨ ਨਹੀਂ ਕੀਤੀਆਂ ਜਾ ਸਕਦੀਆਂ। ਇਸ ਮੌਕੇ ਬੀ.ਈ.ਈ ਸ਼ਿਵਾਨੀ ਨੇ ਅਪੀਲ ਕਰਦਿਆਂ ਕਿਹਾ ਕਿ ਮੌਤ ਤੋਂ ਬਾਅਦ ਸਾਡੀਆਂ ਅੱਖਾਂ ਕਿਸੇ ਨੇਤਰਹੀਨ ਵਿਅਕਤੀ ਦੀ ਜ਼ਿੰਦਗੀ ਨੂੰ ਰੋਸ਼ਨ ਕਰ ਸਕਦੀਆਂ ਹਨ। ਇਸ ਲਈ ਸਾਨੂੰ ਸਾਰਿਆਂ ਨੂੰ ਮੌਤ ਤੋਂ ਬਾਅਦ ਅੱਖਾਂ ਦਾਨ ਕਰਨ ਦਾ ਪ੍ਰਣ ਜ਼ਰੂਰ ਲੈਣਾ ਚਾਹੀਦਾ ਹੈ। ਇਸ ਮੌਕੇ ਫਾਰਮੇਸੀ ਅਫਸਰ ਬਲਵਿੰਦਰ ਕੁਮਾਰ, ਐਲ ਐਚ ਵੀ ਬਲਵਿੰਦਰ ਕੌਰ, ਏ.ਐਨ.ਐਮ ਹਰਮਨ, ਹੈਲਥ ਵਰਕਰ ਬੂਟਾ ਸਿੰਘ, ਸਟਾਫ ਨਰਸ ਜਸਵਿੰਦਰ ਕੌਰ, ਰੇਡੀਓਗ੍ਰਾਫਰ ਸਿੰਪਲ, ਆਸ਼ਾ ਵਰਕਰ ਅਤੇ ਹੋਰ ਸਟਾਫ ਮੈਂਬਰ ਮੌਜੂਦ ਸਨ।