ਦੱਧਾਹੂਰ ਨਹਿਰ ਤੇ ਗਾਂ ਅਤੇ ਵੱਛੇ ਦੇ ਵੱਢੇ ਹੋਏ ਮਿਲੇ ਅੰਗ, ਪੁਲਿਸ ਨੇ ਕੀਤਾ ਮੁੱਕਦਮਾਂ ਦਰਜ

  • ਦੋਸ਼ੀ ਕਾਬੂ ਨਾ ਕੀਤੇ ਤਾਂ ਕਰਾਂਗੇ ਹਾਈਵੇ ਜਾਮ : ਗਊਸ਼ਾਲਾ ਪ੍ਰਬੰਧਕ

ਰਾਏਕੋਟ, 07 ਫਰਵਰੀ (ਰਘਵੀਰ ਸਿੰਘ ਜੱਗਾ) : ਨੇੜਲੇ ਪਿੰਡ ਦੱਧਹੂਰ ਕੋਲੋਂ ਦੀ ਲੰਘਦੀ ਨਹਿਰ ਦੀ ਪਟੜੀ ਤੇ ਇੱਕ ਮਰੀ ਗਾਂ, ਵੱਛੇ ਦੇ ਕੱਟੇ ਹੋਏ ਸਿਰ, ਲੱਤਾਂ ਸਮੇਤ ਸਰੀਰ ਤੇ ਕੁੱਝ ਹੋਰ ਅੰਗ ਮਿਲਣ ਕਾਰਨ ਇਲਾਕੇ ਵਿੱਚ ਸਨਸਨੀ ਫੈਲ ਗਈ। ਇਸ ਘਟਨਾਂ ਦਾ ਪਤਾ ਲੱਗਣ ਤੇ ਰਾਏਕੋਟ ਤੋਂ ਗਊਸ਼ਾਲਾ ਪ੍ਰਬੰਧਕ ਘਟਨਾਂ ਵਾਲੀ ਥਾਂ ਪੁੱਜੇ ਅਤੇ ਇਸ ਬਾਰੇ ਰਾਏਕੋਟ ਅਤੇ ਮਹਿਲ ਕਲਾਂ ਪੁਲਿਸ ਨੂੰ ਸੂਚਿਤ ਕੀਤਾ। ਜਿਸ ਤੋਂ ਬਾਅਦ ਡੀਐਸਪੀ ਰਾਏਕੋਟ ਹਰਜਿੰਦਰ ਸਿੰਘ, ਥਾਣਾ ਸਦਰ ਦੇ ਇੰਚਾਰਜ ਕੁਲਵਿੰਦਰ ਸਿੰਘ ਅਤੇ ਮਹਿਲ ਕਲਾਂ ਦੇ ਡੀਐਸਪੀ ਸੁਬੇਗ ਸਿੰਘ ਅਤੇ ਮਹਿਲ ਕਲਾਂ ਥਾਣੇ ਦੇ ਇੰਚਾਰਜ ਜਗਜੀਤ ਸਿੰਘ ਪੁਲਿਸ ਪਾਰਟੀ ਨਾਲ ਘਟਨਾਂ ਵਾਲੀ ਜਗ੍ਹਾ ਤੇ ਪੁੱਜੇ ਅਤੇ ਗਊ ਅਤੇ ਵੱਛੇ ਦੇ ਮਿਲੇ ਅੰਗਾਂ ਦੀ ਜਾਂਚ ਪੜਤਾਲ ਕੀਤੀ। ਸ੍ਰੀ ਕ੍ਰਿਸ਼ਨ ਗਊਸ਼ਾਲਾ ਕਮੇਟੀ ਦੇ ਪ੍ਰਧਾਨ ਪ੍ਰਵੀਨ ਅੱਗਰਵਾਲ, ਰਾਜ ਕੁਮਾਰ ਰਾਜੂ, ਗਊਸ਼ਾਲਾ ਸ੍ਰੀ ਸ੍ਰੀ 108 ਸ੍ਰੀ ਮਹੇਸ਼ ਮੁਨੀ ਜੀ ਮਹਾਰਾਜ਼ ਬੋਰੇਵਾਲੇ ਦੇ ਮੈਨੇਜ਼ਰ ਰਾਜਨ ਸੱਭਰਵਾਲ, ਮਨੋਜ ਜੈਨ, ਸੁਭਾਸ਼ ਕੁਮਾਰ, ਜੈ ਪ੍ਰਕਾਸ਼ ਕਨੌਜੀਆ, ਪਰਮਜੀਤ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ ਇਸ ਘਟਨਾਂ ਬਾਰੇ ਉਨ੍ਹਾਂ ਨੂੰ ਨਿਹਾਲੂਵਾਲ ਦੇ ਸਾਬਕਾ ਸਰਪੰਚ ਨੇ ਦੱਸਿਆ ਸੀ ਜਿਸ ਤੋਂ ਬਾਅਦ ਉਕਤ ਘਟਨਾਂ ਵਾਲੀ ਥਾਂ ਪੁੱਜੇ ਸਨ। ਪ੍ਰਧਾਨ ਪ੍ਰਵੀਨ ਅੱਗਰਵਾਲ ਨੇ ਦੱਸਿਆ ਕਿ ਉਨ੍ਹਾਂ ਇਸ ਮਾਮਲੇ ਸਬੰਧੀ ਐਸਐਸਪੀ ਬਰਨਾਲਾ ਸੰਦੀਪ ਮਲਿਕ ਨਾਲ ਗੱਲ ਕਰਕੇ ਸਾਰੀ ਘਟਨਾਂ ਬਾਰੇ ਜਾਣੂੰ ਕਰਵਾਇਆ, ਜਿੰਨ੍ਹਾਂ ਨੇ ਭਰੋਸਾ ਦਿਵਾਇਆ ਕਿ ਜਲਦੀ ਹੀ ਉਕਤ ਦੋਸ਼ੀਆਂ ਨੂੰ ਕਾਬੂ ਕਰਲਿਆ ਜਾਵੇਗਾ। ਇਸ ਸਬੰਧੀ ਜਦੋਂ ਮਹਿਲ ਕਲਾਂ ਦੇ ਡੀਐਸਪੀ ਸੁਬੇਗ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਵੈਸੇ ਇਹ ਘਟਨਾਂ ਕਾਫੀ ਦਿਨ ਪੁਰਾਣੀ ਹੈ ਤੇ ਮਹਿਲ ਕਲਾਂ ਪੁਲਿਸ ਵੱਲੋਂ ਗਊਸ਼ਾਲਾ ਪ੍ਰਬੰਧਕਾਂ ਦੇ ਬਿਆਨਾਂ ਤੇ ਕਾਰਵਾਈ ਕਰਦਿਆਂ ਵੱਖ ਵੱਖ ਧਰਾਵਾਂ ਤਹਿਤ ਅਣਪਛਾਤਿਆਂ ਖਿਲਾਫ ਮੁਕੱਦਮਾ ਦਰਜ ਕਰਕੇ ਭਾਲ ਸ਼ੁਰੂ ਕਰ ਦਿੱਤੀ ਗਈ ਹੈ।

11 ਮਹੀਨੇ ਪਹਿਲਾਂ ਵੀ ਮਿਲੇ ਸਨ ਗਊਆਂ ਦੇ ਅੰਗ
ਪਿਛਲੇ ਸਾਲ 07 ਮਾਰਚ 2024 ਨੂੰ ਵੀ ਇਸੇ ਨਹਿਰ ਦੇ ਕੰਢੇ ਤਕਰੀਬਨ 15 ਤੋਂ 20 ਪਸ਼ੂਆਂ ਦੇ ਅੰਗ ਮਿਲੇ ਸਨ, ਜਿੰਨ੍ਹਾਂ ਨੂੰ ਬੇਰਹਿਮੀ ਨਾਲ ਵੱਢਿਆ ਗਿਆ ਸੀ। ਇਸ ਘਟਨਾਂ ਸਬੰਧੀ ਮਹਿਲ ਕਲਾਂ ਪੁਲਿਸ ਵੱਲੋਂ ਮੁਕੱਦਮਾਂ ਵੀ ਦਰਜ ਕੀਤਾ ਗਿਆ ਸੀ। ਪਰ ਅੱਜ ਤੱਕ ਕੋਈ ਗ੍ਰਿਫਤਾਰੀ ਨਹੀਂ ਹੋ ਸਕੀ।

ਦੋਸ਼ੀ ਕਾਬੂ ਨਾ ਕੀਤੇ ਤਾਂ ਕਰਾਂਗੇ ਹਾਈਵੇ ਜਾਮ : ਗਊਸ਼ਾਲਾ ਪ੍ਰਬੰਧਕ
ਸ੍ਰੀ ਕ੍ਰਿਸ਼ਨ ਗਊਸ਼ਾਲਾ ਕਮੇਟੀ ਦੇ ਪ੍ਰਧਾਨ ਪ੍ਰਵੀਨ ਅੱਗਰਵਾਲ, ਗਊਸ਼ਾਲਾ ਸ੍ਰੀ ਸ੍ਰੀ 108 ਸ੍ਰੀ ਮਹੇਸ਼ ਮੁਨੀ ਜੀ ਮਹਾਰਾਜ਼ ਬੋਰੇਵਾਲੇ ਦੇ ਮੈਨੇਜ਼ਰ ਰਾਜਨ ਸੱਭਰਵਾਲ ਨੇ ਪੁਲਿਸ ਦੀ ਢਿੱਲੀ ਕਾਰਗੁਜਾਰੀ ਤੇ ਸਵਾਲ ਉਠਾਉਂਦਿਆਂ ਕਿਹਾ ਕਿ ਪਹਿਲਾਂ ਦਰਜ ਕਰਵਾਏ ਕੇਸ ਵਿੱਚ ਪੁਲਿਸ ਨੇ ਅੱਜ ਤੱਕ 11 ਮਹੀਨੇ ਬੀਤ ਜਾਣ ਦੇ ਬਾਅਦ ਵੀ ਕਿਸੇ ਨੂੰ ਵੀ ਗ੍ਰਿਫਤਾਰ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਜੇਕਰ ਪੁਲਿਸ ਨੇ ਉਕਤ ਘਟਨਾਂ ਨੂੰ ਅੰਜ਼ਾਮ ਦੇਣ ਵਾਲਿਆਂ ਨੂੰ ਕਾਬੂ ਨਾ ਕੀਤਾ ਤਾਂ ਉਹ ਰਾਏਕੋਟ ਅਤੇ ਮਹਿਲ ਕਲਾਂ ਬਜ਼ਾਰ ਬੰਦ ਕਰਕੇ ਹਾਈਵੇ ਜਾਮ ਕਰਨਗੇ ਅਤੇ ਰੋਸ਼ ਪ੍ਰਦਰਸ਼ਨ ਕਰਨਗੇ।