ਲੁਧਿਆਣਾ, 5 ਜੁਲਾਈ 2024 : ਲੁਧਿਆਣਾ ‘ਚ ਸ਼ਿਵ ਸੈਨਾ ਪੰਜਾਬ ਦੇ ਆਗੂ ਸੰਦੀਪ ਥਾਪਰ ਗੋਰਾ ‘ਤੇ ਕਾਤਲਾਨਾ ਹਮਲਾ ਹੋਇਆ ਹੈ। ਇਹ ਘਟਨਾ ਸਿਵਲ ਹਸਪਤਾਲ ਦੇ ਬਾਹਰ ਵਾਪਰੀ। ਨਿਹੰਗ ਬਾਣੇ ‘ਚ ਆਏ ਚਾਰ ਦੋਸ਼ੀਆਂ ਨੇ ਗੋਰਾ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਉਸ ਨੂੰ ਗੰਭੀਰ ਹਾਲਤ ‘ਚ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਸ਼ੁੱਕਰਵਾਰ ਸਵੇਰੇ ਸੰਦੀਪ ਥਾਪਰ ਗੋਰਾ ਆਪਣੇ ਗੰਨਮੈਨ ਨਾਲ ਸਿਵਲ ਹਸਪਤਾਲ ‘ਚ ਚੱਲ ਰਹੇ ਸੰਵੇਦਨਾ ਟਰੱਸਟ ਦੇ ਮੁਖੀ ਰਵਿੰਦਰ ਅਰੋੜਾ ਦੀ ਬਰਸੀ ਸਮਾਗਮ ‘ਚ ਆਏ ਸਨ। ਜਿਵੇਂ ਹੀ ਉਹ ਮੱਥਾ ਟੇਕ ਕੇ ਬਾਹਰ ਨਿਕਲੇ ਤਾਂ ਨਿਹੰਗਾਂ ਦੇ ਬਾਣੇ ਵਾਲੇ ਚਾਰ ਨੌਜਵਾਨਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਉਨ੍ਹਾਂ ‘ਤੇ ਹਮਲਾ ਕਰ ਦਿੱਤਾ। ਖੂਨ ਨਾਲ ਲੱਥਪੱਥ ਹਾਲਤ ‘ਚ ਗੋਰਾ ਨੂੰ ਸਿਵਲ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਜਿੱਥੋਂ ਉਸ ਨੂੰ ਰੈਫਰ ਕਰ ਦਿੱਤਾ ਗਿਆ। ਉਨ੍ਹਾਂ ਦੀ ਹਾਲਤ ਅਜੇ ਵੀ ਨਾਜ਼ੁਕ ਬਣੀ ਹੋਈ ਹੈ। ਜਾਣਕਾਰੀ ਅਨੁਸਾਰ ਚਾਰ ਵਿਅਕਤੀ ਪਹਿਲਾਂ ਹੀ ਸਿਵਲ ਹਸਪਤਾਲ ਦੇ ਚੱਕਰ ਕੱਟ ਰਹੇ ਸਨ। ਜਿਉਂ ਹੀ ਗੋਰਾ ਥਾਪਰ ਹਸਪਤਾਲ ਤੋਂ ਬਾਹਰ ਨਿਕਲੇ, ਉਨ੍ਹਾਂ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਮੌਕੇ 'ਤੇ ਹੀ ਸ਼ਿਵ ਸੈਨਾ ਆਗੂਆਂ ਨੇ ਗੰਭੀਰ ਜ਼ਖ਼ਮੀ ਹੋਏ ਸ਼ਿਵ ਸੈਨਾ ਆਗੂ ਗੋਰਾ ਥਾਪਰ ਨੂੰ ਸਿਵਲ ਹਸਪਤਾਲ 'ਚ ਐਮਰਜੈਂਸੀ 'ਚ ਦਾਖ਼ਲ ਕਰਵਾਇਆ ਜਿੱਥੇ ਡਾਕਟਰਾਂ ਨੇ ਗੰਭੀਰ ਹਾਲਤ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਪੀਜੀਆਈ ਰੈਫਰ ਕਰ ਦਿੱਤਾ। ਹਾਲਾਂਕਿ ਸ਼ਿਵ ਸੈਨਾ ਆਗੂਆਂ ਦਾ ਕਹਿਣਾ ਹੈ ਕਿ ਪੀਜੀਆਈ ਜਾਂ ਕਿਸੇ ਹੋਰ ਸਰਕਾਰੀ ਹਸਪਤਾਲ 'ਚ ਗੋਰਾ ਥਾਪਰ ਨੂੰ ਇਲਾਜ ਲਈ ਨਹੀਂ ਲੈ ਕੇ ਜਾਵਾਂਗੇ। ਸੀਐਮਸੀ ਹਸਪਤਾਲ 'ਚ ਹੀ ਇਲਾਜ ਕਰਵਾਵਾਂਗੇ। ਸ਼ਿਵ ਸੈਨਾ ਆਗੂ ਨੂੰ ਚਾਰ ਵਿਅਕਤੀਆਂ ਵੱਲੋਂ ਗੰਭੀਰ ਜ਼ਖ਼ਮੀ ਕਰਨ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਸਨਸਨੀ ਵਾਂਗ ਫੈਲੀ ਖਬਰ ਜਦੋਂ ਪੁਲਿਸ ਅਧਿਕਾਰੀਆਂ ਨੂੰ ਪਤਾ ਲੱਗੀ ਤਾਂ ਉਨ੍ਹਾਂ ਨੇ ਸਿਵਲ ਹਸਪਤਾਲ ਵਿਖੇ ਭਾਰੀ ਫੋਰਸ ਤਾਇਨਾਤ ਕਰ ਦਿੱਤੀ ਹੈ।