ਫਾਜਿ਼ਲਕਾ 27 ਮਈ : ਫਾਜਿ਼ਲਕਾ ਦੇ ਵਿਧਾਇਕ ਸ੍ਰੀ ਨਰਿੰਦਰ ਪਾਲ ਸਿੰਘ ਸਵਨਾ ਨੇ ਸੂਬੇ ਦੇ ਵਿੱਤ ਮੰਤਰੀ ਸ: ਹਰਪਾਲ ਸਿੰਘ ਚੀਮਾ ਨੂੰ ਮਿਲ ਕੇ ਸਹਿਕਾਰੀ ਖੰਡ ਮਿੱਲ ਬੋਦੀ ਵਾਲਾ ਪੀਥਾ ਦੇ ਕਰਮਚਾਰੀਆਂ ਦੇ ਤਨਖਾਹਾਂ ਦੇ ਬਕਾਏ ਜਾਰੀ ਕਰਨ ਦੀ ਮੰਗ ਰੱਖੀ ਹੈ। ਵਿਧਾਇਕ ਸ੍ਰੀ ਨਰਿੰਦਰ ਪਾਲ ਸਿੰਘ ਸਵਨਾ ਨੇ ਇਸ ਮੁਲਾਕਾਤ ਦੌਰਾਨ ਕਰਮਚਾਰੀਆਂ ਦੀ ਬਕਾਇਆ ਤਨਖਾਹ ਦੇਣ ਲਈ ਪਹਿਲੀ ਕਿਸਤ ਵਜੋਂ ਜਾਰੀ ਕੀਤੇ 10 ਕਰੋੜ ਰੁਪਏ ਲਈ ਵਿੱਤ ਮੰਤਰੀ ਦਾ ਧੰਨਵਾਦ ਵੀ ਕੀਤਾ ਅਤੇ ਦੱਸਿਆ ਕਿ ਹਾਲੇ ਵੀ ਲਗਭਗ 9 ਕਰੋੜ ਰੁਪਏ ਤਨਖਾਹਾਂ ਦੇ ਬਕਾਇਆ ਹਨ। ਵਿਧਾਇਕ ਸ੍ਰੀ ਨਰਿੰਦਰ ਪਾਲ ਸਿੰਘ ਸਵਨਾ ਨੇ ਦੱਸਿਆ ਕਿ ਪਿੱਛਲੀਆਂ ਸਰਕਾਰਾਂ ਦੀਆਂ ਗਲਤ ਨੀਤੀਆਂ ਕਾਰਨ ਫਾਜਿ਼ਲਕਾ ਜਿ਼ਲ੍ਹੇ ਦੀ ਸਹਿਕਾਰੀ ਖੰਡ ਮਿੱਲ ਦੀ ਆਰਥਿਕ ਹਾਲਤ ਇਸ ਕਦਰ ਖਰਾਬ ਕਰ ਦਿੱਤੀ ਗਈ ਸੀ ਕਿ ਮੁਲਾਜਮਾਂ ਨੂੰ ਤਨਖਾਹਾਂ ਵੀ ਨਹੀਂ ਸੀ ਦਿੱਤੀਆਂ ਗਈਆਂ।ਜਦ ਕਿ ਮੁੱਖ ਮੰਤਰੀ ਸ: ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਇਸ ਤੋਂ ਪਹਿਲਾਂ ਬਕਾਇਆ ਤਨਖਾਹਾਂ ਲਈ 10 ਕਰੋੜ ਰੁਪਏ ਜਾਰੀ ਕਰਨ ਦੇ ਨਾਲ ਨਾਲ ਕਿਸਾਨਾਂ ਨੂੰ ਗੰਨੇ ਦੀ ਅਦਾਇਗੀ ਵੀ ਸਮੇਂ ਸਿਰ ਕੀਤੀ ਜਾ ਰਹੀ ਹੈ। ਵਿਧਾਇਕ ਸ੍ਰੀ ਨਰਿੰਦਰ ਪਾਲ ਸਿੰਘ ਸਵਨਾ ਨੇ ਵਿੱਤ ਮੰਤਰੀ ਨੂੰ ਦੱਸਿਆ ਕਿ ਸਹਿਕਾਰੀ ਖੰਡ ਮਿੱਲ ਫਾਜਿ਼ਲਕਾ ਜਿ਼ਲ੍ਹੇ ਦੀ ਇਕਲੌਤੀ ਵੱਡੀ ਇੰਡਸਟਰੀ ਹੈ ਅਤੇ ਇਸ ਨੂੰ ਕਾਮਯਾਬ ਕੀਤਾ ਜਾਣਾ ਸਮੇਂ ਦੀ ਲੋੜ ਹੈ। ਉਨ੍ਹਾਂ ਨੇ ਦੱਸਿਆ ਕਿ ਮਾਨ ਸਰਕਾਰ ਵੱਲੋਂ ਕਿਸਾਨਾਂ ਨੂੰ ਸਮੇਂ ਸਿਰ ਅਦਾਇਗੀ ਕਰਨ ਦੀ ਪਹਿਲ ਨਾਲ ਇਸ ਸਾਲ ਵੱਡੀ ਗਿਣਤੀ ਵਿਚ ਕਿਸਾਨ ਗੰਨਾ ਲਗਾ ਰਹੇ ਹਨ ਅਤੇ ਅਗਲੇ ਸਾਲ ਮਿੱਲ ਨੂੰ ਜਿਆਦਾ ਗੰਨਾਂ ਉਪਲਬੱਧ ਹੋਵੇਗਾ ਉਥੇ ਹੀ ਮਿੱਲ ਜਿਆਦਾ ਖੰਡ ਦੀ ਪੈਦਾਵਾਰ ਕਰਕੇ ਆਰਥਿਕ ਤੌਰ ਤੇ ਮਜਬੂਤ ਹੋਵੇਗੀ ਅਤੇ ਗੰੰਨੇ ਨਾਲ ਜਿ਼ਲ੍ਹੇ ਵਿਚ ਫਸਲੀ ਵਿਭਿੰਨਤਾ ਵੀ ਆਵੇਗੀ। ਪਰ ਫਿਲਹਾਲ ਮੁਲਾਜਮਾਂ ਨੂੰ ਤਨਖਾਹ ਦੇ ਬਕਾਏ ਦਿੱਤੇ ਜਾਣ ਤਾਂ ਇਹ ਮੁਲਾਜਮ ਮਿੱਲ ਦੀ ਬਿਹਤਰੀ ਲਈ ਹੋਰ ਵੀ ਤਨਦੇਹੀ ਨਾਲ ਕੰਮ ਕਰਣਗੇ। ਵਿਧਾਇਕ ਸ੍ਰੀ ਨਰਿੰਦਰ ਪਾਲ ਸਿੰਘ ਸਵਨਾ ਨੇ ਦੱਸਿਆ ਕਿ ਵਿੱਤ ਮੰਤਰੀ ਸ: ਹਰਪਾਲ ਸਿੰਘ ਚੀਮਾ ਨੇ ਉਨ੍ਹਾਂ ਦੀ ਮੰਗ ਤੇ ਜਲਦ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਹੈ।