ਵਿਧਾਇਕ ਪਰਾਸ਼ਰ ਨੇ ਇੰਦਰਾ ਕਲੋਨੀ ਵਿੱਚ ਸੜਕ ਨਿਰਮਾਣ ਦੇ ਕੰਮ ਦੀ ਕੀਤੀ ਸ਼ੁਰੂਆਤ ਅਤੇ ਬਾਜੜਾ ਮੁਹੱਲੇ ਵਿੱਚ ਟਿਊਬਵੈੱਲ ਦਾ ਕੀਤਾ ਉਦਘਾਟਨ

ਲੁਧਿਆਣਾ, 23 ਅਕਤੂਬਰ : ਸ਼ਹਿਰ ਵਾਸੀਆਂ ਦੀ ਸਹੂਲਤ ਲਈ ਲੁਧਿਆਣਾ ਕੇਂਦਰੀ ਦੇ ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਨੇ ਸੋਮਵਾਰ ਨੂੰ ਇੰਦਰਾ ਕਲੋਨੀ (ਵਾਰਡ ਨੰਬਰ 30) ਵਿੱਚ ਸੜਕ ਨਿਰਮਾਣ ਦੇ ਕੰਮ ਦੀ ਸ਼ੁਰੂਆਤ ਕੀਤੀ ਅਤੇ ਬਾਜੜਾ ਮੁਹੱਲਾ (ਚੌੜੀ ਸੜਕ - ਵਾਰਡ ਨੰਬਰ 82) ਵਿੱਚ ਨਵੇਂ ਲਗਾਏ ਗਏ ਟਿਊਬਵੈੱਲ ਦਾ ਉਦਘਾਟਨ ਕੀਤਾ। ਇੰਦਰਾ ਕਲੋਨੀ ਵਿੱਚ ਸੜਕ ਬਣਾਉਣ ਦਾ ਕੰਮ 20.90 ਲੱਖ ਰੁਪਏ ਦੀ ਲਾਗਤ ਨਾਲ ਕੀਤਾ ਜਾ ਰਿਹਾ ਹੈ ਅਤੇ ਬਾਜੜਾ ਮੁਹੱਲੇ ਵਿੱਚ 5.44 ਲੱਖ ਰੁਪਏ ਦੀ ਲਾਗਤ ਨਾਲ 12.5 ਐਚ.ਪੀ. ਟਿਊਬਵੈੱਲ ਲਗਾਇਆ ਗਿਆ ਹੈ। ਵਿਧਾਇਕ ਪਰਾਸ਼ਰ ਨੇ ਦੱਸਿਆ ਕਿ ਕੇਂਦਰੀ ਹਲਕੇ ਵਿੱਚ ਸੜਕਾਂ ਦੇ ਬੁਨਿਆਦੀ ਢਾਂਚੇ ਨੂੰ ਬਿਹਤਰ ਬਣਾਉਣ ਲਈ ਵੱਖ-ਵੱਖ ਸੜਕ ਨਿਰਮਾਣ ਪ੍ਰੋਜੈਕਟ ਕੀਤੇ ਜਾ ਰਹੇ ਹਨ। ਪਾਣੀ ਦੀ ਸਪਲਾਈ ਨੂੰ ਸੁਚਾਰੂ ਬਣਾਉਣ ਲਈ ਜਿੱਥੇ ਵੀ ਲੋੜ ਹੋਵੇ, ਨਵੇਂ ਟਿਊਬਵੈੱਲ ਵੀ ਲਗਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ (ਆਪ) ਦੀ ਅਗਵਾਈ ਵਾਲੀ ਸੂਬਾ ਸਰਕਾਰ ਸੂਬੇ ਭਰ ਵਿੱਚ ਬੁਨਿਆਦੀ ਢਾਂਚੇ ਦੇ ਸੁਧਾਰ ਲਈ ਲਗਾਤਾਰ ਉਪਰਾਲੇ ਕਰ ਰਹੀ ਹੈ ਅਤੇ ਕੇਂਦਰੀ ਹਲਕੇ ਵਿੱਚ ਵਿਕਾਸ ਕਾਰਜ ਕਰਵਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ ਹੈ। ਵਿਧਾਇਕ ਪਰਾਸ਼ਰ ਨੇ ਦੱਸਿਆ ਕਿ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਕੰਮਾਂ ਦੀ ਗੁਣਵੱਤਾ ਨਾਲ ਕੋਈ ਸਮਝੌਤਾ ਨਾ ਕੀਤਾ ਜਾਵੇ। ਇਲਾਕਾ ਨਿਵਾਸੀਆਂ ਨੂੰ ਵੀ ਅਪੀਲ ਕੀਤੀ ਜਾਂਦੀ ਹੈ ਕਿ ਉਹ ਵਿਕਾਸ ਕਾਰਜਾਂ 'ਤੇ ਨਜ਼ਰ ਰੱਖਣ ਅਤੇ ਆਪਣੇ-ਆਪਣੇ ਇਲਾਕਿਆਂ 'ਚ ਕੀਤੇ ਜਾ ਰਹੇ ਵਿਕਾਸ ਕਾਰਜਾਂ ਨਾਲ ਸਬੰਧਤ ਜੇਕਰ ਕੋਈ ਸਮੱਸਿਆ ਹੈ ਤਾਂ ਉਸ ਨੂੰ ਉਜਾਗਰ ਕਰਨ।