- ਕੋਹਲੀ ਨੇ ਕਿਹਾ, 'ਮੁੱਖ ਮੰਤਰੀ ਭਗਵੰਤ ਮਾਨ ਨੇ ਹੜ੍ਹ ਪੀੜਤਾਂ ਦੀ ਬਾਂਹ ਫੜੀ'
ਪਟਿਆਲਾ, 21 ਜੁਲਾਈ : ਪਟਿਆਲਾ ਦੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਅੱਜ ਪਟਿਆਲਾ ਦੇ ਦੋ ਉਨ੍ਹਾਂ ਪੀੜਤ ਪਰਿਵਾਰਾਂ ਨੂੰ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਭੇਜੀ ਸਹਾਇਤਾ ਰਾਸ਼ੀ ਦੇ ਚਾਰ-ਚਾਰ ਲੱਖ ਰੁਪਏ ਦੇ ਚੈੱਕ ਸੌਂਪੇ, ਜਿਨ੍ਹਾਂ ਨੇ ਹੜ੍ਹ ਦੀ ਲਪੇਟ ਵਿੱਚ ਆਕੇ ਆਪਣੀ ਜਾਨ ਗਵਾ ਲਈ ਸੀ। ਵਿਧਾਇਕ ਕੋਹਲੀ ਨੇ ਇੱਥੇ ਸਰਕਟ ਹਾਊਸ ਵਿਖੇ ਹੜ੍ਹ ਦੇ ਪਾਣੀ ਵਿੱਚ 12 ਜੁਲਾਈ ਨੂੰ ਡੁੱਬਣ ਵਾਲੇ 16 ਸਾਲਾ ਬੱਚੇ ਆਊਬ ਪੁੱਤਰ ਮੁਰਲੀ, ਵਾਸੀ ਟਰੈਕਟਰ ਕਬਾੜੀ ਮਾਰਕੀਟ ਦੀਆਂ ਝੁੱਗੀਆਂ ਅਤੇ ਪਿੰਡ ਅਰਾਈਂ ਮਾਜਰਾ ਦੀ ਗੋਪਾਲ ਕਲੋਨੀ ਦੇ ਵਸਨੀਕ 36 ਸਾਲਾ ਅਜੇ ਸਹੋਤਾ ਪੁੱਤਰ ਸ਼ਾਮ ਲਾਲ ਦੇ ਪਰਿਵਾਰਾਂ ਨੂੰ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੀ ਸਹਾਇਤਾ ਰਾਸ਼ੀ ਦੇ ਚੈਕ ਸੌਂਪੇ। ਅਜੀਤਪਾਲ ਸਿੰਘ ਕੋਹਲੀ ਨੇ ਕਿਹਾ ਕਿ ਭਾਵੇਂ ਕਿ ਕੁਦਰਤੀ ਆਫ਼ਤ ਕਰਕੇ ਅਜਾਂਈ ਜਾਣ ਵਾਲੀਆਂ ਮਨੁੱਖੀ ਜਾਨਾਂ ਦੀ ਕੀਮਤ ਅਦਾ ਨਹੀਂ ਕੀਤਾ ਜਾ ਸਕਦੀ, ਪਰੰਤੂ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਨੇ ਪੀੜਤ ਪਰਿਵਾਰਾਂ ਦੀ ਹਰ ਸੰਭਵ ਸਹਾਇਤਾ ਕਰਦਿਆਂ ਔਖੇ ਵੇਲੇ ਬਾਂਹ ਜਰੂਰ ਫੜੀ ਹੈ। ਵਿਧਾਇਕ ਨੇ ਕਿਹਾ ਕਿ ਉਹ ਖ਼ੁਦ ਲੋਕਾਂ ਦੇ ਵਿੱਚ ਰਹਿਣ ਵਾਲੇ ਲੋਕਾਂ ਦੇ ਵਿਧਾਇਕ ਹਨ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਦੇ ਸਾਰੇ ਮੰਤਰੀ, ਵਿਧਾਇਕ, ਉਹ ਖ਼ੁਦ ਅਤੇ ਸਮੁੱਚੀ ਸਰਕਾਰ ਲੋਕਾਂ ਦੀ ਸੇਵਾ ਵਿੱਚ ਹਾਜ਼ਰ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਸਾਰੇ ਪੀੜਤਾਂ ਦੀ ਮਦਦ ਕੀਤੀ ਜਾਵੇਗੀ। ਇਸ ਦੌਰਾਨ ਮੌਕੇ ਐਸ.ਡੀ.ਐਮ. ਡਾ. ਇਸਮਤ ਵਿਜੇ ਸਿੰਘ, ਕਾਨੂੰਗੋ ਰਾਜ ਕੁਮਾਰ ਸਮੇਤ ਨਰੇਸ਼ ਕੁਮਾਰ ਕਾਕਾ, ਪ੍ਰਭਜੋਤ ਸਿੰਘ ਜੋਤੀ, ਰਣਜੀਤ ਚੰਡੌਕ, ਹਰਸ਼ਪਾਲ ਸਿੰਘ ਵਾਲੀਆ, ਯੋਗੇਸ਼ ਟੰਡਨ, ਜਗਤਾਰ ਸਿੰਘ ਤਾਰੀ, ਦਵਿੰਦਰਪਾਲ ਸਿੰਘ ਮਿੱਕੀ, ਇਤਵਿੰਦਰ ਸਿੰਘ ਹਨੀ ਲੂਥਰਾ, ਭਵਨਪੁਨੀਤ ਸਿੰਘ, ਸਿਮਰਪ੍ਰੀਤ ਸਿੰਘ, ਅੰਮ੍ਰਿਤਪਾਲ ਸਿੰਘ ਪਾਲੀ, ਸੁਖਵਿੰਦਰ ਸਿੰਘ ਗਾਗੂ ਤੇ ਰਜਤ ਜਿੰਦਲ ਆਦਿ ਵੀ ਮੌਜੂਦ ਸਨ।