- ਫਰੀਦਕੋਟ ਜਿਲ੍ਹੇ ਦੀ ਨੁਹਾਰ ਬਦਲਣ ਲਈ ਨਵੀਆਂ ਯੋਜਨਾਵਾਂ ਬਣਾਈਆਂ ਜਾਣਗੀਆਂ-ਚੇਅਰਮੈਨ ਢਿੱਲਵਾਂ
ਫਰੀਦਕੋਟ 25 ਮਈ : ਫਰੀਦਕੋਟ ਜਿਲ੍ਹੇ ਦੀ ਨੁਹਾਰ ਬਦਲਣ ਲਈ ਡਿਸਟ੍ਰਿਕ ਡਿਵੈਲਪਮੈਂਟ ਪਲਾਨ ਤਿਆਰ ਕਰਨ ਲਈ ਵਿਸ਼ੇਸ਼ ਮੀਟਿੰਗ ਜਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਸ. ਸੁਖਜੀਤ ਸਿੰਘ ਢਿੱਲਵਾਂ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਸ. ਰਾਜਪਾਲ ਸਿੰਘ, ਵਧੀਕ ਡਿਪਟੀ ਕਮਿਸ਼ਨਰ ਸ. ਲਖਵਿੰਦਰ ਸਿੰਘ ਰੰਧਾਵਾ, ਐਸ.ਡੀ.ਐਮ. ਫਰੀਦਕੋਟ ਮੈਡਮ ਬਲਜੀਤ ਕੌਰ, ਐਸ.ਡੀ.ਐਮ. ਜੈਤੋ ਡਾ. ਨਿਰਮਲ ਓਸੇਪਚਨ ਵਿਸ਼ੇਸ਼ ਤੌਰ ਤੇ ਹਾਜ਼ਰ ਸਨ। ਇਸ ਮੌਕੇ ਚੇਅਰਮੈਨ ਸ. ਸੁਖਜੀਤ ਸਿੰਘ ਢਿੱਲਵਾਂ ਨੇ ਕਿਹਾ ਕਿ ਜਿਲ੍ਹੇ ਵਿੱਚ ਜਿਹੜੇ ਵੀ ਵਿਕਾਸ ਕਾਰਜਾਂ ਸਬੰਧੀ ਕੰਮ ਚੱਲ ਰਹੇ ਹਨ, ਉਸ ਵਿੱਚ ਤੇਜ਼ੀ ਲਿਆਂਦੀ ਜਾਵੇ। ਉਨ੍ਹਾਂ ਕਿਹਾ ਕਿ ਜਮੀਨੀ ਪੱਧਰ ਤੇ ਜਿਲ੍ਹਾ ਨਿਵਾਸੀਆਂ ਨੂੰ ਜੋ ਸਮੱਸਿਆਵਾਂ ਆਉਂਦੀਆਂ ਹਨ, ਉਸ ਸਬੰਧੀ ਹੀ ਯੋਜਨਾਵਾਂ ਬਣਾਈਆਂ ਜਾਣ। ਉਨ੍ਹਾਂ ਕਿਹਾ ਕਿ ਫਰੀਦਕੋਟ ਜਿਲ੍ਹੇ ਦੀ ਨੁਹਾਰ ਬਦਲਣ ਲਈ ਆਪਣੇ ਆਪਣੇ ਪਲਾਨ ਤਿਆਰ ਕੇ ਯੋਜਨਾਵਾਂ ਬਣਾਈਆਂ ਜਾਣ ਅਤੇ ਉਨ੍ਹਾਂ ਦੇ ਧਿਆਨ ਵਿੱਚ ਲਿਆਂਦਾ ਜਾਵੇ। ਉਨ੍ਹਾਂ ਕਿਹਾ ਕਿ ਉਹ ਫਰੀਦਕੋਟ ਜਿਲ੍ਹੇ ਦੀ ਨੁਹਾਰ ਬਦਲਣ ਲਈ ਫੰਡਾਂ ਦੀ ਕਮੀ ਨਹੀਂ ਆਉਣ ਦੇਣਗੇ ਅਤੇ ਜੇਕਰ ਕਿਸੇ ਕਿਸਮ ਦੀ ਦਿੱਕਤ ਆਉਂਦੀ ਹੈ ਤਾਂ ਉੱਚ ਪੱਧਰ ਤੇ ਅਧਿਕਾਰੀਆਂ ਨਾਲ ਰਾਬਤਾ ਕਾਇਮ ਕਰਨਗੇ।