- ਆਪਸੀ ਤਾਲਮੇਲ ਵਧਾ ਕੇ ਜ਼ਿਲ੍ਹੇ ਨੂੰ ਨਸ਼ਾ ਮੁਕਤੀ ਵੱਲ ਲਿਜਾਣ ਲਈ ਪੁਰਜ਼ੋਰ ਯਤਨ ਕਰਨ ਸਮੂਹ ਮਹਿਕਮੇ – ਸੰਯਮ ਅਗਰਵਾਲ
- ਜਨਵਰੀ 2023 ਤੋਂ ਹੁਣ ਤੱਕ ਜ਼ਿਲ੍ਹੇ ’ਚ ਐਨ ਡੀ ਪੀ ਐਸ ਐਕਟ ਤਹਿਤ 116 ਮੁਕੱਦਮਿਆਂ ’ਚ 162 ਦੋਸ਼ੀਆਂ ਦੀ ਗ੍ਰਿਫ਼ਤਾਰ : ਡੀ.ਐਸ.ਪੀ
- ਇਨ੍ਹਾਂ ਮੁਕੱਦਮਿਆਂ ’ਚ ਕਰੀਬ 08 ਲੱਖ 09 ਹਜ਼ਾਰ ਰੁਪਏ ਦੀ ਡਰੱਗ ਮਨੀ ਬਰਾਮਦ
ਮਾਲੇਰਕੋਟਲਾ 28 ਜੂਨ : ਡਿਪਟੀ ਕਮਿਸ਼ਨਰ ਸ੍ਰੀ ਸੰਯਮ ਅਗਰਵਾਲ ਦੀ ਅਗਵਾਈ ਵਿੱਚ ਜ਼ਿਲ੍ਹੇ ’ਚ ਨਸ਼ਾ ਰੋਕੂ ਗਤੀਵਿਧੀਆਂ ਨਾਲ ਸਬੰਧਿਤ “ ਨਾਰਕੋ ਕੋਆਰਡੀਨੇਸ਼ਨ ਸੈਂਟਰ ਮੈਕਾਨਿਜ਼ਮ ” ਤਹਿਤ ਗਠਿਤ ਜ਼ਿਲ੍ਹਾ ਪੱਧਰੀ ਕਮੇਟੀ ਦੀ ਮੀਟਿੰਗ ਦਾ ਆਯੋਜਨ ਕੀਤਾ ਗਿਆ । ਡਿਪਟੀ ਕਮਿਸ਼ਨਰ ਸੰਯਮ ਅਗਰਵਾਲ ਨੇ ਜ਼ਿਲ੍ਹੇ ’ਚ ਤਸਕਰੀ ਖ਼ਿਲਾਫ਼ ਪੁਲਿਸ ਵੱਲੋਂ ਆਰੰਭੀ ਮੁਹਿੰਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਪਲਾਈ ਚੇਨ ਤੋੜਨ ਦੇ ਨਾਲ-ਨਾਲ ਡਿਮਾਂਡ (ਮੰਗ) ਨੂੰ ਖ਼ਤਮ ਕਰਨ ਲਈ ਯਤਨਾਂ ’ਚ ਤੇਜ਼ੀ ਲਿਆਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਨਸ਼ਿਆਂ ਖ਼ਿਲਾਫ਼ ਜਾਗਰੂਕਤਾ, ਨਸ਼ਾ ਛੁਡਾਊ ਕੇਂਦਰਾਂ ਤੇ ਪੁਨਰ ਵਸੇਬਾ ਕੇਂਦਰਾਂ ’ਚ ਆਉਂਦੇ ਨਸ਼ਾ ਪੀੜਤਾਂ ਨੂੰ ਇਸ ਬੁਰਾਈ ਤੋਂ ਦ੍ਰਿੜ੍ਹਤਾ ਨਾਲ ਛੁਟਕਾਰਾ ਦਿਵਾਉਣ, ਉਨ੍ਹਾਂ ਦੀ ਉਚਿਤ ਕੌਂਸਲਿੰਗ, ਉਨ੍ਹਾਂ ਨੂੰ ਧਾਰਮਿਕ ਸਿੱਖਿਆ ਨਾਲ ਜੋੜਨ, ਰੋਜ਼ਗਾਰ ਦੀ ਮੰਗ ’ਤੇ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਰਾਹੀਂ ਰੋਜ਼ਗਾਰ ਮੁਹੱਈਆ ਕਰਵਾਉਣ ਜਿਹੇ ਤਰੀਕਿਆਂ ’ਤੇ ਵੀ ਜ਼ੋਰ ਦੇਣ ਦੀ ਲੋੜ ਹੈ। ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ’ਚ ਨਸ਼ਾ ਰੋਕੂ ਗਤੀਵਿਧੀਆਂ ਤਹਿਤ ਤਸਕਰਾਂ ਖ਼ਿਲਾਫ਼ ਕਾਰਵਾਈ ਦੇ ਨਾਲ-ਨਾਲ ਜਾਗਰੂਕਤਾ ’ਤੇ ਅਭਿਆਨ ਅਰੰਭਣ ਲਈ ਨਿਰਦੇਸ਼ ਦਿੱਤੇ । ਉਨ੍ਹਾਂ ਸਮੂਹ ਮਹਿਕਮਿਆਂ ਨੂੰ ਆਪਸੀ ਤਾਲਮੇਲ ਵਧਾ ਕੇ ਜ਼ਿਲ੍ਹੇ ਨੂੰ ਨਸ਼ਾ ਮੁਕਤੀ ਵੱਲ ਲਿਜਾਣ ਲਈ ਪੁਰਜ਼ੋਰ ਯਤਨ ਕਰਨ ਲਈ ਕਿਹਾ।ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਜ਼ਿਲ੍ਹੇ ਦੀਆਂ ਦਵਾਈ ਵਿਕ੍ਰੇਤਾਵਾਂ ਦੀ ਚੈਕਿੰਗ ਲਗਾਤਾਰ ਕਰਨ ਨੂੰ ਯਕੀਨੀ ਬਣਾਇਆ ਜਾਵੇ । ਬਿਨਾਂ ਪਰਚੀ ਤੋਂ ਪਾਬੰਦੀ ਸ਼ੁਦਾ ਦਵਾਈਆਂ ਵੇਚਣ ਵਾਲੇ ਦੁਕਾਨਦਾਰਾਂ ਖ਼ਿਲਾਫ਼ ਵਿਭਾਗੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ । ਉਨ੍ਹਾਂ ਜ਼ਿਲ੍ਹਾ ਸਿੱਖਿਆ ਅਫ਼ਸਰ ਨੂੰ ਹਦਾਇਤ ਕੀਤੀ ਕਿ ਉਹ ਜ਼ਿਲ੍ਹੇ ਦੇ ਸਮੁੱਚੇ ਸਕੂਲਾਂ ਵਿੱਚ ਨਸ਼ਾ ਰੋਕੂ ਗਤੀਵਿਧੀਆਂ ਨਾਲ ਸਬੰਧਿਤ ਸੈਮੀਨਾਰ ਦਾ ਆਯੋਜਨ ਕਰਨ ਨੂੰ ਯਕੀਨੀ ਬਣਾਉਣ ਅਤੇ ਸੈਮੀਨਾਰਾਂ ਦੀਆਂ ਗਤੀਵਿਧੀਆਂ ਵੱਖ ਵੱਖ ਸੋਸ਼ਲ ਮੀਡੀਆ ਪਲੇਟਫ਼ਾਰਮਾਂ ਤੇ ਸ਼ੇਅਰ ਕਰਨ ਤਾਂ ਜੋ ਲੋਕਾਂ ਵਿੱਚ ਜਾਗਰੂਕਤਾ ਪੈਦਾ ਹੋ ਸਕੇ । ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਓਟ ਸੈਂਟਰਾਂ ਅਤੇ ਪ੍ਰਾਈਵੇਟ ਨਸ਼ਾ ਛਡਾਓ ਕੇਂਦਰ ਵਿਖੇ ਆਉਣ ਵਾਲੇ ਮਰੀਜ਼ਾਂ ਦਾ ਪੁਖ਼ਤਾ ਰਿਕਾਰਡ ਰੱਖਣ ਅਤੇ ਉਨ੍ਹਾਂ ਦੀ ਦਵਾਈ ਸਬੰਧੀ ਫਲੋਅੱਪ ਵੀ ਲੈਣ । ਡੀ.ਐਸ.ਪੀ ਸ੍ਰੀ ਰਣਜੀਤ ਸਿੰਘ ਨੇ ਦੱਸਿਆ ਕਿ ਜਨਵਰੀ 2023 ਤੋਂ ਹੁਣ ਤੱਕ ਜ਼ਿਲ੍ਹੇ ’ਚ ਐਨ ਡੀ ਪੀ ਐਸ ਐਕਟ ਤਹਿਤ 116 ਮੁਕੱਦਮਿਆਂ ’ਚ162 ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਨਸ਼ਾ ਬਰਾਮਦਗੀ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਨ੍ਹਾਂ ਮੁਕੱਦਮਿਆਂ ’ਚ ਕਰੀਬ 08 ਲੱਖ 09 ਹਜ਼ਾਰ ਰੁਪਏ ਦੀ ਡਰੱਗ ਮਨੀ, 360 ਕਿੱਲੋ 500 ਗਰਾਮ ਭੁੱਕੀ, 2,90,015 ਗੋਲੀਆਂ, 1 ਕਿੱਲੋ 210.5 ਗ੍ਰਾਮ ਹੀਰੋਇਨ, 369 ਸ਼ੀਸ਼ੀਆਂ, 1200 ਨਸ਼ੀਲੇ ਕੈਪਸੂਲ, 12 ਕਿੱਲੋ 50 ਗਰਾਮ ਅਫ਼ੀਮ, 50 ਗਰਾਮ ਸਮੈਕ, 900 ਗਰਾਮ ਸੁਲਫ਼ਾ ਅਤੇ 30 ਕਿੱਲੋ ਗਰਾਮ ਹਰੇ ਪੌਦੇ(ਖਸਖਸ) ਸ਼ਾਮਲ ਹੈ । ਇਸ ਮੌਕੇ ਐਸ.ਡੀ.ਐਮ.ਅਹਿਮਦਗੜ੍ਹ ਸ੍ਰੀ ਹਰਬੰਸ ਸਿੰਘ, ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰੀਮਤੀ ਜਸਵਿੰਦਰ ਕੌਰ, ਆਬਕਾਰੀ ਵਿਭਾਗ ਤੋਂ ਸ੍ਰੀ ਅਮਨਦੀਪ ਸਿੰਘ ,ਸ੍ਰੀ ਅਮਨਦੀਪ ਸਿੰਘ, ਵਣ ਰੇਂਜ ਅਫ਼ਸਰ ਸ੍ਰੀ ਨਰਿੰਦਰ ਸਿੰਘ, ਤਹਿਸੀਲ ਭਲਾਈ ਅਫ਼ਸਰ ਸ੍ਰੀਮਤੀ ਇਨਾਇਤ ਵਾਲਿਆਂ ਐਨ.ਬੀ.ਸੀ ਚੰਡੀਗੜ੍ਹ ਤੋਂ ਸ੍ਰੀ ਸੰਜੀਵ ਕੁਮਾਰ,ਤਹਿਸੀਲ ਕੋਆਰਡੀਨੇਟਰ ਸ੍ਰੀ ਮਨਜੀਤ ਸਿੰਘ. ਤੋਂ ਇਲਾਵਾ ਹੋਰ ਅਧਿਕਾਰੀ ਹਾਜ਼ਰ ਸਨ