ਫ਼ਰੀਦਕੋਟ 28 ਸਤੰਬਰ : ਜਿਲੇ ਦੇ ਪਿੰਡ ਕੋਟਕਪੂਰਾ ਦਿਹਾਤੀ ਦੇ ਅਗਾਂਹ ਵਧੂ ਕਿਸਾਨ ਮਨਪ੍ਰੀਤ ਸਿੰਘ ਨੇ ਪਿਛਲੇ 12 ਸਾਲਾਂ ਤੋ ਝੋਨੇ ਦੀ ਪਰਾਲੀ ਨੂੰ ਖੇਤ ਵਿੱਚ ਵਾਹ ਕੇ ਦੂਸਰੇ ਕਿਸਾਨਾਂ ਲਈ ਮਿਸਾਲ ਬਣ ਕੇ ਸੁਚੱਜਾ ਪਰਾਲੀ ਪ੍ਰਬੰਧਨ ਸਬੰਧੀ ਜਾਗਰੂਕ ਕਰ ਰਿਹਾ ਹੈ। ਕਿਸਾਨ ਮਨਪ੍ਰੀਤ ਸਿੰਘ ਬਿਨ੍ਹਾਂ ਅੱਗ ਲਗਾਏ ਕਣਕ ਦੀ ਬਿਜਾਈ ਕਰਕੇ ਸਫਲ ਕਿਸਾਨ ਵੱਜੋਂ ਉੱਭਰ ਰਿਹਾ ਹੈ। ਕਿਸਾਨ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਪਿਛਲੇ 12 ਸਾਲਾਂ ਤੋ 8 ਏਕੜ ਵਿੱਚ ਕਣਕ, ਝੋਨਾ, ਬਾਸਮਤੀ ਦੀ ਖੇਤੀ ਇਨ-ਸਿਟੂ ਮੈਨੇਜਮੈਂਟ ਦੁਆਰਾ ਕਰ ਰਹੇ ਹਨ। ਪਿਛਲੇ 12 ਸਾਲਾਂ ਤੋ ਝੋਨਾ/ਬਾਸਮਤੀ ਵੀ ਪਰਾਲੀ ਨੂੰ ਖੇਤ ਵਿੱਚ ਪਾਣੀ ਲਾ ਕੇ ਰੋਟਾਵੇਟਰ ਨਾਲ ਮੈਨੇਜ਼ ਕਰਕੇ ਕਣਕ ਦੀ ਬਿਜਾਈ ਕਰ ਰਿਹਾ ਹੈ।ਇਸ ਤੋ ਇਲਾਵਾ ਐਮ.ਪੀ.ਪਲਾਓ ਚਲਾ ਕੇ ਅਤੇ ਸੁਪਰ ਸਟਰਾਅ ਮੈਨੇਜਮੈਂਟ (ਐਸ ਐਸ ਐਮ ) ਚਲਾ ਕੇ ਸੁਪਰ ਸੀਡਰ ਨਾਲ ਕਣਕ ਦੀ ਬਿਜਾਈ ਕਰ ਰਿਹਾ ਹੈ।ਉਸ ਨੇ ਦੱਸਿਆ ਕਿ ਇਸ ਤਕਨੀਕ ਨਾਲ ਉਹ ਪਿਛਲੇ 3-4 ਸਾਲਾਂ ਤੋ ਆਪਣੇ ਖੇਤ ਵਿੱਚ ਕਣਕ ਲਈ ਇੱਕ ਏਕੜ ਵਿੱਚ 60-80 ਕਿਲੋ ਯੂਰੀਆਂ ਅਤੇ 25-30 ਕਿਲੋ ਡੀ.ਏ.ਪੀ. ਦੀ ਵਰਤੋ ਕਰਦੇ ਹਨ।ਉਨ੍ਹਾਂ ਨੇ ਆਪਣੇ ਖੇਤ ਵਿੱਚ ਝੋਨੇ ਲਈ ਵੀ ਖਾਦ ਦੀ ਵਰਤੋ ਘੱਟ ਕਰਕੇ ਵੱਧ ਮੁਨਾਫਾ ਲਿਆ ਹੈ। ਬਲਾਕ ਖੇਤੀਬਾੜੀ ਅਫਸਰ ਡਾ. ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਇਸ ਕਿਸਾਨ ਨੇ ਖੇਤੀਬਾੜੀ ਵਿਭਾਗ ਤੋ (ਐਸ ਐਸ ਐਮ ) ਤੇ ਸਬਸਿਡੀ ਪ੍ਰਾਪਤ ਕਰਕੇ ਆਪਣੀ ਕੰਬਾਇਨ ਤੇ ਲਗਾ ਕੇ ਉਸਦੇ ਨਾਲ ਵਾਢੀ ਕੀਤੀ ਹੈ।ਕਿਸਾਨ ਮਨਪ੍ਰੀਤ ਸਿੰਘ ਨੇ ਆਤਮਾ ਸਕੀਮ ਅਧੀਨ ਝੋਨੇ ਦੀ ਪਰਾਲੀ ਨੂੰ ਵਿੱਚ ਵਾਹ ਕੇ ਕਣਕ ਦੇ ਪ੍ਰਦਰਸ਼ਨੀ ਪਲਾਟ ਵੀ ਲਗਾਏ ਹਨ। ਇਸ ਮੌਕੇ ਮੁੱਖ ਖੇਤੀਬਾੜੀ ਅਫਸਰ ਡਾ. ਕਰਨਜੀਤ ਸਿੰਘ ਗਿੱਲ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਵੀ ਕਿਸਾਨ ਮਨਪ੍ਰੀਤ ਸਿੰਘ ਦੀ ਤਰ੍ਹਾਂ ਆਪਣੇ ਖੇਤਾਂ ਵਿੱਚ ਝੋਨੇ ਦੀ ਫਸਲ ਦੀ ਰਹਿਦ ਖੂੰਦ ਨੂੰ ਅੱਗ ਨਾ ਲਗਾਉਣ ਤਾ ਜ਼ੋ ਜਮੀਨ ਦੀ ਉਪਜਾਊ ਸ਼ਕਤੀ ਬਣੀ ਰਹੇ।