- 14 ਸੁਵਿਧਾ ਕੈਂਪਾਂ ਵਿੱਚ 77 ਪਿੰਡਾਂ ਦੇ ਲੋਕਾਂ ਨੇ ਲਿਆ ਫਾਇਦਾ
ਫਰੀਦਕੋਟ 13 ਸੰਤਬਰ 2024 : ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਲੋਕਾਂ ਨੂੰ ਉਨ੍ਹਾਂ ਦੇ ਘਰ ਦੇ ਨਜਦੀਕ ਸਰਕਾਰੀ ਸੇਵਾਵਾਂ/ ਲੋਕ ਭਲਾਈ ਸਕੀਮਾਂ ਦਾ ਲਾਭ ਦੇਣ ਲਈ ਸ਼ੁਰੂ ਕੀਤੇ ਗਏ ਸੁਵਿਧਾ ਕੈਂਪਾਂ ਤਹਿਤ ਲੋਕਾਂ ਨੂੰ ਵੱਖ ਵੱਖ ਵਿਭਾਗਾਂ ਦੀਆਂ ਸੇਵਾਵਾਂ ਦਾ ਲਾਭ ਮੌਕੇ ਤੇ ਪ੍ਰਦਾਨ ਕੀਤਾ ਜਾਂਦਾ ਹੈ ਅਤੇ ਕੁਝ ਸ਼ਿਕਾਇਤਾ ਦਾ ਨਿਪਟਾਰਾ ਸਮਾਂਬੱਧ ਤਰੀਕੇ ਨਾਲ ਕੀਤਾ ਜਾਂਦਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ੍ਰੀ ਵਿਨੀਤ ਕੁਮਾਰ ਨੇ ਮਹੀਨਾ ਜੂਨ, ਜੁਲਾਈ, ਅਗਸਤ ਅਤੇ ਸਤੰਬਰ ਵਿੱਚ ਹੁਣ ਤੱਕ ਲਗਾਏ ਗਏ ਸੁਵਿਧਾ ਕੈਂਪਾਂ ਸਬੰਧੀ ਵਿਸਥਾਰ ਸਹਿਤ ਜਾਣਕਾਰੀ ਦਿੰਦਿਆ ਕੀਤਾ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਨ੍ਹਾਂ ਮਹੀਨਿਆਂ ਦੌਰਾਨ ਫਰੀਦਕੋਟ ਜਿਲ੍ਹੇ ਵਿੱਚ ਕੁੱਲ 14 ਸੁਵਿਧਾ ਕੈਂਪਾਂ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ 77 ਦੇ ਕਰੀਬ ਪਿੰਡਾਂ ਦੇ ਵਸਨੀਕਾਂ ਨੇ ਪਹੁੰਚ ਕੇ ਆਪਣੀਆਂ ਸ਼ਿਕਾਇਤਾਂ/ਸਮੱਸਿਆਵਾਂ ਦੱਸੀਆਂ। ਉਨ੍ਹਾਂ ਦੱਸਿਆ ਕਿ ਕੈਂਪਾਂ ਦੌਰਾਨ ਕੁੱਲ 65 ਸ਼ਿਕਾਇਤਾਂ ਪ੍ਰਾਪਤ ਕੀਤੀਆਂ, ਜਿੰਨਾਂ ਵਿੱਚ 48 ਦਾ ਮੌਕੇ ਤੇ ਹੱਲ ਕਰ ਦਿੱਤਾ ਗਿਆ। ਇਸੇ ਤਰ੍ਹਾਂ ਕੁੱਲ ਪ੍ਰਾਪਤ ਮੰਗਾਂ 67 ਸਨ, ਜਿੰਨਾਂ ਵਿੱਚ 58 ਦਾ ਮੌਕੇ ਤੇ ਹੱਲ ਕਰ ਦਿੱਤਾ ਗਿਆ। ਜਦੋਂ ਕਿ ਕਾਰਵਾਈ ਅਧੀਨ ਮੰਗਾਂ/ਸਮੱਸਿਆਵਾਂ 109 ਸਨ, ਜਿੰਨਾਂ ਦਾ ਨਿਪਟਾਰਾਂ ਸਮਾਂਬੱਧ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਨ੍ਹਾਂ ਮਹੀਨਿਆਂ ਦੌਰਾਨ 14 ਪਿੰਡਾਂ ਜਿੰਨਾਂ ਵਿੱਚ ਘੁਗਿਆਣਾ, ਦੀਪ ਸਿੰਘ ਵਾਲਾ, ਖਾਰਾ, ਸਾਦਿਕ, ਕੰਮੇਆਣਾ, ਪੱਖੀ ਕਲਾਂ, ਬਰਗਾੜੀ, ਧੂੜਕੋਟ, ਗੋਲੇਵਾਲਾ, ਸੁੱਖਣਵਾਲਾ, ਸਾਧਾਂਵਾਲਾ, ਕਾਉਣੀ, ਮੱਤਾ, ਢਿੱਲਵਾਂ ਖੁਰਦ, ਮੁਮਾਰਾ ਦੇ ਨਾਮ ਸ਼ਾਮਲ ਹਨ, ਵਿੱਚ ਕੈਂਪ ਲਗਾਏ ਗਏ, ਜਿੰਨਾ ਵਿੱਚ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ/ਕਰਮਚਾਰੀਆਂ ਤੋਂ ਇਲਾਵਾ ਸਬੰਧਤ ਵਿਧਾਇਕ ਸਾਹਿਬਾਨਾਂ ਨੇ ਵੀ ਸ਼ਿਰਕਤ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਜਿਲ੍ਹੇ ਦੇ ਲੋਕਾਂ ਨੂੰ ਸਰਕਾਰੀ ਦਫਤਰਾਂ ਵਿੱਚ ਵੀ ਸਰਕਾਰੀ ਕੰਮ-ਕਾਰ ਸਬੰਧੀ ਕਿਸੇ ਕਿਸਮ ਦੀ ਦਿੱਕਤ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਉਹ ਖੁਦ ਵੀ ਰੋਜ਼ਾਨਾ ਆਪਣੇ ਦਫਤਰ ਵਿੱਚ ਵੀ ਲੋਕਾਂ ਦੀਆਂ ਸਮੱਸਿਆਵਾਂ ਸੁਣਦੇ ਹਨ ਤੇ ਉਨ੍ਹਾਂ ਦੇ ਹੱਲ ਲਈ ਸਬੰਧਤ ਵਿਭਾਗਾਂ ਨੂੰ ਆਦੇਸ਼ ਦਿੱਤੇ ਜਾਂਦੇ ਹਨ। ਉਨ੍ਹਾਂ ਜਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਨਜ਼ਦੀਕ ਲੱਗਦੇ ਸੁਵਿਧਾ ਕੈਂਪਾਂ ਵਿੱਚ ਪਹੁੰਚ ਕੇ ਪੰਜਾਬ ਸਰਕਾਰ ਦੇ ਸੁਵਿਧਾ ਕੈਂਪਾਂ ਦਾ ਵੱਧ ਤੋਂ ਵੱਧ ਲਾਭ ਉਠਾਉਣ ਤਾਂ ਜੋ ਉਨ੍ਹਾਂ ਨੂੰ ਸਰਕਾਰੀ ਦਫਤਰਾਂ ਵਿੱਚ ਨਾ ਆਉਣਾ ਪਵੇ।