ਭੇਸ ਬਦਲ ਕੇ ਰਹਿ ਰਿਹਾ ਸੀ ਕਥਿਤ ਦੋਸ਼ੀ, ਕਤਲ ਦੀ ਕੋਸ਼ਿਸ਼ ਦੇ ਮਾਮਲਿਆਂ ਵਿੱਚ ਸੀ ਲੋੜੀਂਦਾ
ਜੇਲ੍ਹ ਵਿੱਚ ਇੱਕ ਮੁਲਜ਼ਮ ਦੇ ਸੰਪਰਕ ਵਿੱਚ ਸੀ ਅਤੇ ਕਿਸੇ ਦਾ ਕਤਲ ਕਰਨ ਦੀ ਵਿਉਂਤਬੰਦੀ ਚੱਲ ਰਹੀ ਸੀ- ਸੀ.ਪੀ.ਮਨਦੀਪ ਸਿੰਘ ਸਿੱਧੂ
ਲੁਧਿਆਣਾ 3 ਜਨਵਰੀ : ਲੁਧਿਆਣਾ ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਪੂਰੀ ਤਨਦੇਹੀ ਨਾਲ ਗੈਂਗਸਟਰਾਂ ਦੇ ਪਿੱਛੇ ਲੱਗੇ ਹੋਏ ਹਨ ਤੇ ਉਹਨਾਂ ਨੂੰ ਕਈ ਸਫਲਤਾਵਾਂ ਵੀ ਮਿਲੀਆਂ ਹਨ। ਇਸ ਤਰ੍ਹਾਂ ਉਹਨਾਂ ਵਲੋਂ ਲੁਧਿਆਣਾ ਦੇ ਐੱਸ. ਸੀਆਈਏ ਸਟਾਫ਼-2 ਤੇ ਜਮਾਲਪੁਰ ਦੀ ਗਠਿਤ ਟੀਮ ਵਲੋਂ ਇਕ ਗੁਪਤ ਸੂਚਨਾਂ ਦੇ ਅਧਾਰ ’ਤੇ ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਉਨਾ ਦੇ ਬਸੋਲੀ ਪਿੰਡ ਤੋਂ ਮੁਲਜ਼ਮ ਅਜੇ ਸ਼ਰਮਾ ਉਰਫ਼ ਅਜੈ ਪੰਡਿਤ ਨੂੰ ਕਾਬੂ ਕੀਤਾ ਹੈ। ਅਜੈ ਪੰਡਿਤ ਲੁਧਿਆਣਾ ਦੇ ਗੁਰੂ ਅਰਜੁਨ ਦੇਵ ਨਗਰ ਗਲੀ ਨੰਬਰ 8 ਦਾ ਰਹਿਣ ਵਾਲਾ ਹੈ। ਜਿਸ ਦੇ ਖਿਲਾਫ 11 ਅਪਰਾਧਿਕ ਮਾਮਲੇ ਦਰਜ ਹਨ। ਜਿਸ ਵਿੱਚ ਇੱਕ ਕਤਲ ਦੀ ਕੋਸ਼ਿਸ਼ ਥਾਣਾ ਸਦਰ ਊਨਾ ਵਿੱਚ ਅਤੇ ਬਾਕੀ ਮਾਮਲੇ ਥਾਣਾ ਡਿਵੀਜ਼ਨ ਸੱਤ, ਜਮਾਲਪੁਰ, ਡਵੀਜ਼ਨ 3, 4, 5 ਤੇ ਲੁਧਿਆਣਾ ਦੇ ਜੋਧੇਵਾਲ ਥਾਣੇ ਵਿੱਚ ਦਰਜ ਹਨ। ਜਿਨ੍ਹਾਂ ਵਿੱਚੋਂ ਚਾਰ ਕਤਲ ਦੀ ਕੋਸ਼ਿਸ਼, ਇੱਕ ਕਤਲ, ਹਮਲਾ ਕਰਨ, ਅਸਲਾ ਐਕਟ, ਆਬਕਾਰੀ ਐਕਟ ਸਮੇਤ ਵੱਖ-ਵੱਖ ਧਾਰਾਵਾਂ ਦੇ ਅਧੀਨ ਦਰਜ ਹਨ। ਸਾਲ 2020 ਦੇ ਅਪਰੈਲ ਅਤੇ ਜੁਲਾਈ ਵਿੱਚ ਮੁਲਜ਼ਮਾਂ ਵਿਰੁੱਧ ਥਾਣਾ ਡਵੀਜ਼ਨ ਨੰਬਰ ਸੱਤ ਵਿੱਚ ਕਤਲ ਦੀ ਕੋਸ਼ਿਸ਼, ਕੁੱਟਮਾਰ ਅਤੇ ਹਥਿਆਰ ਰੱਖਣ ਦੇ ਦੋ ਕੇਸ ਦਰਜ ਕੀਤੇ ਗਏ ਸਨ ਇਹਨਾਂ ’ਚੋਂ ਦੋਸ਼ੀ ਫਰਾਰ ਅਤੇ ਲੋੜੀਂਦਾ ਸੀ। ਦੋਸ਼ੀ ਦੀ ਪੁਲਿਸ ਲਗਾਤਾਰ ਭਾਲ ਕਰ ਰਹੀ ਸੀ। ਥਾਣਾ ਡਵੀਜ਼ਨ ਸੱਤ ਦੇ ਇੰਚਾਰਜ ਸਤਪਾਲ ਸਿੰਘ ਸਿੱਧੂ ਨੇ ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਅਤੇ 3 ਦਿਨ ਦਾ ਪੁਲਸ ਰਿਮਾਂਡ ਹਾਸਲ ਕੀਤਾ ਹੈ ਜਿਸ ਦੌਰਾਨ ਗੈਂਗ ਦੇ ਮੈਂਬਰਾਂ ਦਾ ਪਤਾ ਲਗਾਇਆ ਜਾਵੇਗਾ। ਅਜੈ ਪੰਡਿਤ ਭੇਸ ਬਦਲ ਕੇ ਹਿਮਾਚਲ ਪ੍ਰਦੇਸ਼ ’ਚ ਰਹਿ ਰਿਹਾ ਸੀ - ਉਸਦੇ ਕਬਜ਼ੇ ’ਚੋਂ ਦੋ ਨਜਾਇਜ਼ ਪਿਸਤੌਲ ਤੇ ਰੌਂਦ ਬਰਾਮਦ ਹੋਏ ਹਨ। ਇਸ ਸਬੰਧੀ ਲੁਧਿਆਣਾ ਪੁਲਿਸ ਨੂੰ ਸੀ.ਪੀ. ਸੂਚਨਾ ਮਿਲੀ ਸੀ ਕਿ ਮੁਲਜ਼ਮ ਹਿਮਾਚਲ ਦੇ ਊਨਾ ਇਲਾਕੇ ’ਚ ਰਹਿ ਰਿਹਾ ਹੈ। ਜਿਸ ਤੋਂ ਬਾਅਦ ਏਡੀਸੀਪੀ ਤੁਸ਼ਾਰ ਗੁਪਤਾ, ਸੀਆਈਏ-2 ਦੇ ਇੰਚਾਰਜ ਬੇਅੰਤ ਜੁਨੇਜਾ, ਜਮਾਲਪੁਰ ਇੰਚਾਰਜ ਬਿਕਰਮਜੀਤ ਸਿੰਘ ਦੀ ਗਠਿਤ ਟੀਮ ਊਨਾ ਗਈ। ਜਿੱਥੇ ਬੀਤੀ ਰਾਤ ਮੁਲਜ਼ਮ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ। ਜਿਨ੍ਹਾਂ ਦੇ ਕਬਜ਼ੇ ’ਚੋਂ ਦੋ ਪਿਸਤੌਲ 32 ਬੋਰ ਸਮੇਤ ਚਾਰ ਜਿੰਦਾ ਰੌਂਦ ਬਰਾਮਦ ਹੋਏ। ਮੁਲਜ਼ਮ ਭੇਸ ਵਿੱਚ ਪਿੰਡ ਬਸੋਲੀ ਵਿੱਚ ਭੇਸ ਬਦਲ ਕੇ ਤੇ ਆਪਣੀ ਦਾੜ੍ਹੀ ਵਧਾ ਕੇ ਰਹਿ ਰਿਹਾ ਸੀ। ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਕਥਿਤ ਦੋਸ਼ੀ 2016 ਤੋਂ ਹੀ ਫਰਾਰ ਸੀ ਤੇ ਉਹ ਵਾਰਦਾਤ ਕਰਨ ਲਈ ਹੀ ਲੁਧਿਆਣਾ ਆਉਂਦਾ ਸੀ। ਉਹਨਾਂ ਦੱਸਿਆ ਕਿ ਇਸ ਦਾ ਸਪਰੰਕ ਜੇਲ੍ਹ ’ਚ ਬੰਦ ਕਿਸੇ ਕੈਦੀ ਨਾਲ ਚੱਲ ਰਿਹਾ ਸੀ ਤੇ ਇਹ ਕਿਸੇ ਦੇ ਕਤਲ ਦੀ ਸਕੀਮ ਘੜ ਰਹੇ ਸਨ। ਉਹਨਾਂ ਦੱਸਿਆ ਕਿ ਬੰਦ ਕੈਦੀ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਲਿਆ ਜਾਵੇਗਾ ਤੇ ਪੁਛਿਗਿੱਠ ਕੀਤੀ ਜਾਵੇਗੀ ਜਿਸ ਨਾਲ ਹੋਰ ਵੀ ਕਈ ਖੁਲਾਸੇ ਹੋਣਗੇ।