ਕਿਸਾਨ ਮਜ਼ਦੂਰ ਜੱਥੇਬੰਦੀਆ ਦੀ ਮੀਟਿੰਗ ਗੁਰਦੁਆਰਾ ਟਾਹਲੀਆਣਾ ਸਾਹਿਬ ਵਿਖੇ ਹੋਈ

ਰਾਏਕੋਟ/ਮੁੱਲਾਂਪੁਰ ਦਾਖਾ 23 ਅਕਤੂਬਰ (ਚਮਕੌਰ ਸਿੰਘ ਦਿਓਲ, ਸਤਵਿੰਦਰ ਸਿੰਘ ਗਿੱਲ) : ਚਿੱਪ ਵਾਲੇ ਸਮਾਰਟ ਬਿਜਲੀ ਮੀਟਰ, ਪੰਜਾਬ ਦੀ ਭਗਵੰਤ ਮਾਨ ਹਕੂਮਤ, ਕੇਂਦਰੀ ਮੋਦੀ ਸਰਕਾਰ ਦੇ ਦਬਾਅ ਤਹਿਤ ਪੰਜਾਬੀ ਲੋਕਾਂ ਉਪਰ ਧੱਕੇ ਨਾਲ ਠੋਸ ਕੇ ਇਸ ਦੀ ਆੜ ਵਿੱਚ ਬਿਜਲੀ ਵੰਡ ਦੇ ਖ਼ੇਤਰ ਦਾ ਨਿੱਜੀਕਰਨ ਕਰਕੇ " ਬਿਜਲੀ ਸੋਧ ਬਿੱਲ 2020" ਲਾਗੂ ਕਰਨ ਚੁਹੰਦੀ ਹੈ। ਸਰਕਾਰ ਦੇ ਇਸ ਲੋਕ ਵਿਰੋਧੀ ਫੈਸਲੇ ਵਿਰੁੱਧ ਇਲਾਕੇ ਦੀਆਂ ਕਿਸਾਨ ਤੇ ਮਜ਼ਦੂਰ ਜੱਥੇਬੰਦੀਆਂ ਦੀ ਮੀਟਿੰਗ ਪੇਂਡੂ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਅਵਤਾਰ ਸਿੰਘ ਰਸੂਲਪੁਰ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਟਾਹਲੀ ਸਾਹਿਬ ਰਾਏਕੋਟ ਵਿਖੇ ਹੋਈ। ਇਸ ਮੌਕੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੇ ਜ਼ਿਲ੍ਹਾ ਪ੍ਰਧਾਨ ਮਹਿੰਦਰ ਸਿੰਘ ਕਮਾਲਪੁਰਾ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਹੇਠ ਦਿੱਲੀ ਕਿਸਾਨ ਮੋਰਚੇ ਦੇ ਦਬਾਅ ਤਹਿਤ, ਕੇਂਦਰੀ ਮੋਦੀ ਹਕੂਮਤ ਨੇ ਜਿੱਥੇ 'ਤਿੰਨੇ ਕਾਲੇ ਖੇਤੀ ਕਾਨੂੰਨ' ਵਾਪਿਸ ਲਏ ਸਨ, ਉੱਥੇ ਉਨ੍ਹਾਂ 'ਬਿਜਲੀ ਸੋਧ ਬਿੱਲ 2020' ਵੀ ਰੱਦ ਕਰ ਦਿੱਤਾ ਸੀ ਪਰ ਹੁਣ ਕੇਂਦਰ ਅਤੇ ਪੰਜਾਬ ਸਰਕਾਰ ਵੱਲੋਂ ਟੇਢੇ ਢੰਗ ਤਰੀਕੇ ਨਾਲ 'ਚਿੱਪ ਵਾਲੇ ਸਮਾਰਟ ਬਿਜਲੀ ਮੀਟਰ' ਲਾਕੇ 'ਬਿਜਲੀ ਸੋਧ ਬਿੱਲ 2020' ਦੀਆਂ ਮੱਦਾਂ ਲਾਗੂ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਹਾਲਤ ਵਿੱਚ ਪੰਜਾਬ ਅੰਦਰ 'ਚਿੱਪ ਵਾਲੇ ਸਮਾਰਟ ਬਿਜਲੀ ਮੀਟਰ' ਨਹੀਂ ਲੱਗਣ ਦਿਆਂਗੇ ਕਿਉਂਕਿ ਇਹ ਲੋਕ ਵਿਰੋਧੀ ਫੈਸਲਾ ਹੈ। ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਤਿਰਲੋਚਨ ਸਿੰਘ ਝੋਰੜਾਂ ਨੇ ਕਿਹਾ ਕਿ ਪੰਜਾਬ ਸਰਕਾਰ ਅਤੇ ਪਾਵਰਕਾਮ ਚਿੱਪ ਵਾਲੇ ਬਿਜਲੀ ਮੀਟਰ ਲਾਉਣ ਦਾ ਫੈਸਲਾ ਰੱਦ  ਕਰਕੇ ਇਸ ਦੀ ਜਗ੍ਹਾ ਪਹਿਲਾਂ ਵਾਲੇ ਬਿਨਾਂ ਚਿੱਪ ਤੋਂ ਬਿਜਲੀ ਮੀਟਰ ਹੀ ਲਾਉਣ ਦਾ ਫੈਸਲਾ ਲਾਗੂ ਕਰੇ। ਮੀਟਿੰਗ ਦੌਰਾਨ ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੇ ਜ਼ਿਲ੍ਹਾ ਪ੍ਰੈਸ ਸਕੱਤਰ ਹਰਬਖਸੀਸ਼ ਸਿੰਘ ਚੱਕ ਭਾਈਕਾ ਤਰਕਸ਼ੀਲ ਆਗੂ ਗੁਰਮੀਤ ਸਿੰਘ ਮੱਲਾ ਨੇ ਕਿਹਾ ਕਿ ਪਾਵਰਕਾਮ ਖੱਪਤਕਾਰਾਂ ਦੀ ਔਸਤ ਬਿਜਲੀ ਬਿੱਲਾਂ ਅਤੇ ਬਿਜਲੀ ਮੀਟਰਾਂ ਦੀ ਰੀਡਿੰਗ ਲੈਣ ਵਿੱਚ ਕੁਤਾਹੀ ਕਰਕੇ ਵੱਡੀ ਲੁੱਟ ਕਰ ਰਿਹਾ ਹੈ ਜੋ ਪੰਜਾਬ ਦੇ ਲੋਕ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕਰਨਗੇ। ਬੀਕੇਯੂ (ਡਕੌਂਦਾ) ਦੇ ਜ਼ਿਲ੍ਹਾ ਵਿੱਤ ਸਕੱਤਰ ਸਤਿਬੀਰ ਸਿੰਘ ਬੋਪਾਰਾਏ ਅਤੇ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਸਕੱਤਰ ਸਾਧੂ ਸਿੰਘ ਅੱਚਰਵਾਲ ਨੇ ਸਮੂਹ ਲੋਕਾਂ ਨੂੰ ਪੰਜਾਬ ਅੰਦਰ ਚਿੱਪ ਵਾਲੇ ਸਮਾਰਟ ਬਿਜਲੀ ਮੀਟਰਾਂ ਦਾ ਤਿੱਖਾ ਵਿਰੋਧ ਕਰਨ ਦਾ ਸੱਦਾ ਦਿੱਤਾ। ਇਸ ਮੌਕੇ ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ ਜੇਕਰ ਚਿੱਪ ਵਾਲੇ ਸਮਾਰਟ ਬਿਜਲੀ ਮੀਟਰ ਲਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਜੱਥੇਬੰਦੀਆਂ ਪਾਵਰਕੌਮ ਚੀਫ ਦਾ ਅਣ-ਮਿੱਥੇ ਸਮੇਂ ਲਈ ਘਿਰਾਓ ਕੀਤਾ ਜਾਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰਧਾਨ ਹਰਚੰਦ ਸਿੰਘ ਢੋਲਣ, ਬਲਵਿੰਦਰ ਸਿੰਘ ਜੌਹਲਾਂ, ਜਗਰੂਪ ਸਿੰਘ ਗਿੱਲ ਆਦਿ ਹਾਜ਼ਰ ਸਨ।