ਆਪਣੇ ਆਲੇ-ਦੁਆਲੇ ਦੀ ਸਫ਼ਾਈ ਰੱਖਣਾ ਹਰੇਕ ਨਾਗਰਿਕ ਦੀ ਨੈਤਿਕ ਜ਼ਿੰਮੇਵਾਰੀ-ਡਾ. ਵਿਜੈ ਸਿੰਗਲਾ

  • ਸਫਾਈ ਅਭਿਆਨ ਸਿਰਫ ਪੰਦਰਵਾੜੇ ਜਾਂ ਮੁਹਿੰਮ ਤੱਕ ਸੀਮਤ ਨਾ ਰਹਿ ਕੇ ਨਿਰੰਤਰ ਜਾਰੀ ਰਹਿਣਾ ਚਾਹੀਦੈ-ਡਾ.ਵਿਜੈ ਸਿੰਗਲਾ
  • ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਨੇ ਸਕੂਲਾਂ ਦੇ ਵਿਕਾਸ ਕਾਰਜਾਂ ਆਈ 3 ਕਰੋੜ 60 ਲੱਖ ਰੁਪਏ ਦੀ ਰਾਸ਼ੀ ਦੇ ਸੈਂਕਸ਼ਨ ਪੱਤਰ ਹਲਕਾ ਸਰਦੂਲਗੜ੍ਹ ਦੇ ਸਕੂਲਾਂ ਨੂੰ ਸੌਂਪੇ
  • ਡਿਪਟੀ ਕਮਿਸ਼ਨਰ ਨੇ ਲੋਕਾਂ ਨੂੰ ਸਵੱਛਤਾ ਦਾ ਸੁਨੇਹਾ ਦੇਣ ਕੀਤੀ ਅਪੀਲ
  • ਇੰਡੀਅਨ ਸਵੱਛਤਾ ਲੀਗ 2.0 ਤਹਿਤ ਸੈਂਟਰਲ ਪਾਰਕ ਵਿਖੇ ਜ਼ਿਲ੍ਹਾ ਪੱਧਰੀ ਸਮਾਗਮ ਹੋਇਆ

ਮਾਨਸਾ, 30 ਸਤੰਬਰ : ਇੰਡੀਅਨ ਸਵੱਛਤਾ ਲੀਗ 2.0 ਸਵੱਛਤਾ ਹੀ ਸੇਵਾ ਮੁਹਿੰਮ ਤਹਿਤ ਡਿਪਟੀ ਕਮਿਸ਼ਨਰ ਮਾਨਸਾ ਸ੍ਰੀ ਪਰਮਵੀਰ ਸਿੰਘ ਦੀ ਅਗਵਾਈ ਹੇਠ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਸਥਾਨਕ ਸੈਂਟਰਲ ਪਾਰਕ ਵਿਖੇ ਜ਼ਿਲ੍ਹਾ ਪੱਧਰੀ ਸਮਾਗਮ ਦਾ ਆਯੋਜਨ ਕੀਤਾ ਗਿਆ। ਸਮਾਗਮ ਮੌਕੇ ਮੁੱਖ ਮਹਿਮਾਨ ਵਜੋਂ ਹਲਕਾ ਵਿਧਾਇਕ ਮਾਨਸਾ ਡਾ. ਵਿਜੈ ਸਿੰਗਲਾ ਵੱਲੋਂ ਸ਼ਿਰਕਤ ਕੀਤੀ ਗਈ। ਇਸ ਮੌਕੇ ਵਿਸ਼ੇਸ਼ ਤੌਰ ’ਤੇ  ਹਲਕਾ ਵਿਧਾਇਕ ਸਰਦੂਲਗੜ੍ਹ ਸ੍ਰੀ ਗੁਰਪ੍ਰੀਤ ਸਿੰਘ ਬਣਾਂਵਾਲੀ, ਚੇਅਰਮੈਨ ਜ਼ਿਲ੍ਹਾ ਯੋਜਨਾ ਕਮੇਟੀ ਚਰਨਜੀਤ ਸਿੰਘ ਅੱਕਾਂਵਾਲੀ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਰਵਿੰਦਰ ਸਿੰਘ, ਐਸ.ਡੀ.ਐਮ. ਮਾਨਸਾ/ਬੁਢਲਾਡਾ ਸ੍ਰੀ ਪ੍ਰਮੋਦ ਸਿੰਗਲਾ ਵੀ ਮੌਜੂਦ ਸਨ। ਸਮਾਗਮ ਦੌਰਾਨ ਸੰਬੋਧਨ ਕਰਦਿਆਂ ਵਿਧਾਇਕ ਡਾ. ਵਿਜੈ ਸਿੰਗਲਾ ਨੇ ਕਿਹਾ ਕਿ ਆਪਣੇ ਆਲੇ ਦੁਆਲੇ ਦੀ ਸਫਾਈ ਰੱਖਣਾ ਸਾਡੀ ਸਾਰਿਆਂ ਦੀ ਨੈਤਿਕ ਜਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਸਾਫ ਸਫਾਈ ਨੂੰ ਸਾਨੂੰ ਸਿਰਫ ਇਕ ਮੁਹਿੰਮ  ਪੰਦਰਵਾੜੇ ਜਾਂ ਪ੍ਰਤੀਯੋਗਤਾ ਦੌਰਾਨ ਹੀ ਨਹੀਂ ਬਲਕਿ ਇਸਦੀ ਨਿਰੰਤਰ ਆਦਤ ਬਣਾਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸਕੂਲ ਬੱਚੇ ਦੀ ਸਿੱਖਿਆ ਅਤੇ ਗੁਣਾਂ ਦਾ ਮੁੱਢ ਹੁੰਦੇ ਹਨ, ਸਕੂਲਾਂ ਵਿਚ ਵੀ ਵਿਦਿਆਰਥੀਆਂ ਨੂੰ ਸਵੱਛਤਾ ਦਾ ਪਾਠ ਪੜ੍ਹਾਉਣਾ ਚਾਹੀਦਾ ਹੈ ਜਿਸ ਤੋਂ ਪ੍ਰੇਰਨਾ ਲੈ ਕੇ ਉਹ ਇਸ ਆਦਤ ਨੂੰ ਆਪਣੇ ਘਰ ਅਤੇ ਸਮਾਜ ਵਿਚ ਵੀ ਲਾਗੂ ਕਰ ਸਕਣਗੇ। ਉਨ੍ਹਾਂ ਕਿਹਾ ਕਿ ਪਾਲੀਥੀਨ ਦੀ ਵਰਤੋਂ ਨੂੰ ਛੱਡ ਕੇ ਕੱਪੜੇ ਦੇ ਬੈਗ ਦੀ ਵਰਤੋਂ ਸਬੰਧੀ ਸਾਨੂੰ ਸਭ ਨੂੰ ਜਾਗਰੂਕ ਹੋਣ ਦੀ ਲੋੜ ਹੈ, ਕਿਉਂਕਿ ਪਲਾਸਟਿਕ ਇਕ ਅਜਿਹਾ ਪਦਾਰਥ ਹੈ ਜੋ ਗਲਦਾ ਨਹੀਂ ਅਤੇ ਕੂੜਾ ਕਰਕਟ ਫੈਲਾਉਣ ਦੇ ਨਾਲ ਨਾਲ ਪਸ਼ੂਆਂ ਲਈ ਵੀ ਹਾਨੀਕਾਰਕ ਸਿੱਧ ਹੁੰਦਾ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਅੰਦਰ ਚਲ ਰਹੀ 3-ਡੀ ਸੁਸਾਇਟੀ ਦਾ ਸਮਰਥਨ ਕਰਕੇ ਕੂੜਾ ਕਰਕਟ ਨੂੰ ਖ਼ਤਮ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਵਾਸੀਆਂ ਨੂੰ ਗਿੱਲਾ ਤੇ ਸੁੱਕਾ ਕੂੜਾ ਅਲੱਗ ਅਲੱਗ ਕਰਕੇ ਰੇਹੜ੍ਹੀਆਂ ਵਿਚ ਪਾਉਣਾ ਚਾਹੀਦਾ ਹੈ ਤਾਂ ਜੋ ਗਲੀਆਂ, ਬਾਜ਼ਾਰਾਂ, ਸੜ੍ਹਕਾਂ ’ਤੇ ਕੂੜੇ ਦੇ ਢੇਰ ਨਜ਼ਰ ਨਾ ਆਉਣ ਅਤੇ ਘਰਾਂ ਤੋਂ ਇਕੱਤਰ ਇਸ ਕੂੜੇ ਨੂੰ ਐਮ.ਆਰ.ਐਫ. ਸ਼ੈੱਡ ਵਿਚ ਪਹੁੰਚਾਇਆ ਜਾ ਸਕੇ। ਉਨਾਂ ਇਸ ਸਬੰਧੀ ਦੁਕਾਨਦਾਰਾਂ ਨੂੰ ਵੀ ਸਹਿਯੋਗ ਕਰਨ ਦੀ ਅਪੀਲ ਕੀਤੀ। ਵਿਧਾਇਕ ਵਿਜੈ ਸਿੰਗਲਾ ਨੇ ਸਮਾਗਮ ਦੌਰਾਨ ਹਾਜ਼ਰ ਸਫਾਈ ਕਰਮਚਾਰੀਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਮਾਣ ਸਤਿਕਾਰ ਜ਼ਰੂਰੀ ਹੈ। ਸਫਾਈ ਕਰਮਚਾਰੀਆਂ ਦਾ ਸ਼ਹਿਰ ਦੀ ਸਫਾਈ ਵਿਚ ਅਹਿਮ ਯੋਗਦਾਨ ਹੁੰਦਾ ਹੈ। ਉਨ੍ਹਾਂ ਇਸ ਦੌਰਾਨ ਸਵੱਛਤਾ ਹੀ ਸੇਵਾ ਵਿਸ਼ੇ ਤਹਿਤ ਕਰਵਾਏ ਭਾਸ਼ਣ, ਕੁਇੱਜ ਅਤੇ ਪੇਂਟਿੰਗ ਮੁਕਾਬਲਿਆਂ ਲਈ ਅਧਿਆਪਕਾਂ ਅਤੇ ਬੱਚਿਆਂ ਦੀ ਸ਼ਲਾਘਾ ਕੀਤੀ। ਇਸ ਮੌਕੇ ਵਿਧਾਇਕ ਸ੍ਰੀ ਗੁਰਪ੍ਰੀਤ ਸਿੰਘ ਬਣਾਂਵਾਲੀ ਨੇ ਕਿਹਾ ਕਿ ਲੋਕਾਂ ਨੂੰ ਸਵੱਛਤਾ ਮੁਹਿੰਮ ਨਾਲ ਜੋੜਨਾ ਸ਼ਲਾਘਾਯੋਗ  ਉਪਰਾਲਾ ਹੈ। ਇਸ ਤਰ੍ਹਾਂ ਦੇ ਸਮਾਗਮ ਲੋਕਾਂ ਵਿਚ ਸਮਾਜ ਪ੍ਰਤੀ ਚੇਤਨਾ ਪੈਦਾ ਕਰਦੇ ਹਨ। ਸਾਨੂੰ ਸਮਾਜ ਪ੍ਰਤੀ, ਆਪਣੇ ਆਲੇ ਦੁਆਲੇ ਅਤੇ ਵਾਤਾਵਰਣ ਸਬੰਧੀ ਆਪਣੇ ਫਰਜ਼ ਪਛਾਣਦਿਆਂ ਇਸ ਦੀ ਭਲਾਈ ਲਈ ਕਾਰਜ ਕਰਦੇ ਰਹਿਣਾ ਚਾਹੀਦਾ ਹੈ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਨੂੰ ਤੰਦਰੁਸਤ ਵਾਤਾਵਰਣ ਮੁਹੱਈਆ ਕਰਵਾ ਸਕੀਏ। ਉਨ੍ਹਾਂ ਇਸ ਮੌਕੇ ਸਕੂਲਾਂ ਦੇ ਵਿਕਾਸ ਕਾਰਜਾਂ ਲਈ ਆਈ 3 ਕਰੋੜ 60 ਲੱਖ ਰੁਪਏ ਦੀ ਰਾਸ਼ੀ ਦੇ ਸੈਕਸ਼ਨ ਲੈਟਰ ਸਰਦੂਲਗੜ੍ਹ ਦੇ ਸਕੂਲਾਂ ਨੂੰ ਸੌਂਪੇ। ਡਿਪਟੀ ਕਮਿਸ਼ਨਰ ਸ੍ਰੀ ਪਰਮਵੀਰ ਸਿੰਘ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਆਪਣੇ ਸ਼ਹਿਰ ਨੂੰ ਸਾਫ ਰੱਖਣਾ ਸਾਡੀ ਸਭ ਦੀ ਜਿੰਮੇਵਾਰੀ ਹੈ। ਘਰ ਦੇ ਨਾਲ ਨਾਲ ਆਪਣਾ ਆਸ ਪਾਸ ਵੀ ਸਵੱਛ ਰੱਖੋ ਅਤੇ ਹੋਰਨਾਂ ਨੂੰ ਪ੍ਰੇਰਨਾ ਦਿਓ ਤਾਂ ਜੋ ਸਮਾਜ ਵਿਚ ਸਵੱਛਤਾ ਦਾ ਸੁਨੇਹਾ ਫੈਲਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਜਦੋਂ ਹਰ ਨਾਗਰਿਕ ਇਸ ਪ੍ਰਤੀ ਸੁਚੇਤ ਹੋਵੇਗਾ ਤਾਂ ਪੂਰਾ ਸਮਾਜ ਆਪਣੇ ਆਪ ਹੀ ਤੰਦਰੁਸਤ ਹੋ ਜਾਵੇਗਾ। ਇਸ ਲਈ ਸਾਫ ਸਫਾਈ ਨੂੰ ਆਪਣੀ ਰੋਜ਼ਾਨਾ ਦੀ ਆਦਤ ਬਣਾ ਕੇ ਲਾਗੂ ਕਰਨ ਦੀ ਜ਼ਰੂਰਤ ਹੈ। ਸਮਾਗਮ ਦੌਰਾਨ ਸਵੱਛਤਾ ਹੀ ਸੇਵਾ ਵਿਸ਼ੇ ’ਤੇ ਸਕੂਲੀ ਵਿਦਿਆਰਥੀਆਂ ਦੇ ਭਾਸ਼ਣ ਅਤੇ ਕੁਇਜ਼ ਮੁਕਾਬਲੇ ਕਰਵਾਏ ਗਏ ਜਿੰਨ੍ਹਾਂ ਦੀ ਜੱਜਮੈਂਟ ਡਾ. ਗੁਰਪ੍ਰੀਤ ਕੌਰ, ਡਾ. ਵਿਨੋਦ ਮਿੱਤਲ, ਸ੍ਰੀ ਕੁਲਵਿੰਦਰ ਸਿੰਘ, ਸ੍ਰੀ ਕਾਲਾ ਸਿੰਘ ਅਤੇ ਸ੍ਰੀ ਗੁਰਵਿੰਦਰ ਸਿੰਘ ਨੇ ਕੀਤੀ। ਨਾਟਿਅਮ ਪੰਜਾਬ ਵੱਲੋਂ ਜਸਪ੍ਰੀਤ ਜੱਸੀ ਦੀ ਰਚਨਾ ਅਤੇ ਕੀਰਤੀ ਕਿਰਪਾਲ ਦੇ ਨਿਰਦੇਸ਼ਨ ਹੇਠ ਪੰਜਾਬੀ ਨਾਟਕ ਦੀ ਪੇਸ਼ਕਾਰੀ ਕੀਤੀ ਗਈ। ਮੁਕਾਬਲਿਆਂ ਵਿਚ ਜੇਤੂ ਵਿਦਿਆਰਥੀਆਂ ਨੂੰ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਆਪ ਆਗੂ ਗੁਰਪ੍ਰੀਤ ਸਿੰਘ ਭੁੱਚਰ, ਚੇਅਰਮੈਨ ਮਾਰਕਿਟ ਕਮੇਟੀ ਬੁਢਲਾਡਾ ਸਤੀਸ਼ ਸਿੰਗਲਾ, ਪ੍ਰਧਾਨ ਨਗਰ ਕੌਂਸਲ ਮਾਨਸਾ ਵਿਜੇ ਕੁਮਾਰ, ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਹਰਿੰਦਰ ਸਿੰਘ ਭੁੱਲਰ, ਜ਼ਿਲ੍ਹਾ ਸਿੱਖਿਆ ਅਫ਼ਸਰ ਪ੍ਰਾਇਮਰੀ ਰੂਬੀ ਬਾਂਸਲ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਅਸ਼ੋਕ ਕੁਮਾਰ, ਕਾਰਜਸਾਧਕ ਅਫ਼ਸਰ ਮਾਨਸਾ ਬਿਪਨ ਕੁਮਾਰ,  ਪ੍ਰਧਾਨ ਬਾਰ ਕੌਂਸਲ ਵਿਜੇ, ਸੀ.ਐਫ. ਨਗਰ ਕੌਂਸਲ ਮਾਨਸਾ ਜਸਵਿੰਦਰ ਸਿੰਘ, ਬਲਜਿੰਦਰ ਸਿੰਘ ਜੌੜਕੀਆਂ, ਸੰਜੀਵ ਪਿੰਕਾ, ਡਾ. ਸ਼ੇਰਜੰਗ ਸਿੰਘ ਸਿੱਧੂ, ਲਖਵਿੰਦਰ ਮੂਸਾ ਤੋਂ ਇਲਾਵਾ ਹੋਰ ਪਤਵੰਤੇ ਹਾਜ਼ਰ ਸਨ।