ਲੁਧਿਆਣਾ : ਪੰਜਾਬੀ ਲੋਕ ਵਿਰਾਸਤ ਅਕਾਦਮੀ ਦੇ ਚੇਅਰਮੈਨ ਪ੍ਰੋ ਗੁਰਭਜਨ ਸਿੰਘ ਗਿੱਲ , ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਮੀਤ ਪ੍ਰਧਾਨ ਤ੍ਰੈਲੋਚਨ ਲੋਚੀ ਤੇ ਪੰਜਾਬੀ ਕਵੀ ਸਤੀਸ਼ ਗੁਲਾਟੀ (ਚੇਤਨਾ ਪ੍ਰਕਾਸ਼ਨ) ਨੇ 16 ਨਵੰਬਰ 1915 ਨੂੰ ਗਦਰ ਪਾਰਟੀ ਦੇ ਇਨਕਲਾਬੀ ਸ਼ਹੀਦਾਂ ਸ਼ਹੀਦ ਕਰਤਾਰ ਸਿੰਘ ਸਰਾਭਾ ਅਤੇ ਉਨ੍ਹਾਂ ਦੇ ਛੇ ਸਾਥੀਆਂ ਦਾ ਸਾਂਝਾ ਪੋਸਟਰ ਪੰਜਾਬੀ ਭਵਨ ਲੁਧਿਆਣਾ ਵਿਖੇ ਲੋਕ ਅਰਪਨ ਕੀਤਾ। ਇਨ੍ਹਾਂ ਸੱਤ ਸੂਰਮਿਆਂ ਨੂੰ ਲਾਹੌਰ ਸੈਂਟਰਲ ਜੇਲ੍ਹ ਲਾਹੌਰ ਵਿਚ ਇਕੱਠਿਆਂ 16 ਨਵੰਬਰ ਇੱਕੋ ਵੇਲੇ ਲਾਹੌਰ ਸੈਂਟਰਲ ਜੇਲ੍ਹ ਵਿੱਚ ਫਾਂਸੀ ਚੜ੍ਹਾਇਆ ਗਿਆ ਸੀ। ਪ੍ਰੋ ਗੁਰਭਜਨ ਸਿੰਘ ਗਿੱਲ ਨੇ ਇਸ ਮੌਕੇ ਬੋਲਦਿਆ ਦੱਸਿਆ ਕਿ ਸ਼ਹੀਦ ਕਰਤਾਰ ਸਿੰਘ ਸਰਾਭਾ ਪਿੰਡ ਸਰਾਭਾ (ਲੁਧਿਆਣਾ) ਸ਼ਹੀਦ ਜਗਤ ਸਿੰਘ ਪਿੰਡ ਸੁਰ ਸਿੰਘ (ਤਰਨ ਤਾਰਨ) ਸ਼ਹੀਦ ਬਖਸ਼ੀਸ਼ ਸਿੰਘ,ਸ਼ਹੀਦ ਸੁਰਾਇਣ ਸਿੰਘ (ਵੱਡਾ) ਸ਼ਹੀਦ ਸੁਰਾਇਣ ਸਿੰਘ (ਛੋਟਾਾ)ਸ਼ਹੀਦ ਹਰਨਾਮ ਸਿੰਘ ਸਿਆਲਕੋਟੀ (ਪਿੰਡ ਭੱਟੀ ਗੁਰਾਇਆ) ਤੇ ਸ਼ਹੀਦ ਵਿਸ਼ਨੂੰ ਗਣੇਸ਼ ਪਿੰਗਲੇ ਤਾਲੇਗਾਊਂ (ਪੂਨਾ) ਮਹਾਂਰਾਸ਼ਟਰਾ ਨੂੰ ਕੱਲ੍ਹ 16 ਨਵੰਬਰ 2022 ਨੂੰ ਪੂਰੇ ਦੇਸ਼ ਵਿੱਚ ਇਕੱਠਿਆਂ ਸ਼ਰਧਾਂਜਲੀ ਦੇਣਾ ਬਣਦਾ ਹੈ। ਵਰਨਣਯੋਗ ਗੱਲ ਇਹ ਹੈ ਹੈ ਕਿ ਪਿਛਲੇ ਕਈ ਸਾਲਾਂ ਤੋਂ ਪੰਜਾਬ ਸਰਕਾਰ ਨੂੰ ਚੇਤਾ ਕਰਵਾਉਣ ਦੇ ਬਾਵਜੂਦ ਦੇਸ਼ ਵੰਡ ਮਗਰੋਂ ਅੱਜ ਤੀਕ ਕਦੇ ਵੀ ਇਨ੍ਹਾਂ ਸੱਤਾਂ ਸੂਰਮਿਆਂ ਦਾ ਇਕੱਠਿਆਂ ਸ਼ਹਾਦਤ ਦਿਹਾੜਾ ਇਕੱਠਿਆਂ ਨਹੀਂ ਮਨਾਇਆ ਗਿਆ। ਪੰਜਾਬੀ ਲੋਕ ਵਿਰਾਸਤ ਅਕਾਡਮੀ ਲੁਧਿਆਣਾ ਵੱਲੋਂ ਪਿਛਲੇ ਸਾਲ ਵੀ 16 ਨਵੰਬਰ ਦੇ ਸੱਤ ਸ਼ਹੀਦਾਂ ਦਾ ਸਾਂਝਾ ਕੈਲੰਡਰ ਛਾਪ ਕੇ ਵੰਡਿਆ ਗਿਆ ਸੀ। ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਮੀਤ ਪ੍ਰਧਾਨ ਤ੍ਰੈਲੋਚਨ ਲੋਚੀ ਨੇ ਕਿਹਾ ਕਿ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਤਾਂ ਜੋ 16 ਨਵੰਬਰ ਦੇ ਸ਼ਹੀਦਾਂ ਦੀ ਸਾਂਝੀ ਜੀਵਨੀ ਵੀ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਿਲੇਬਸ ਦਾ ਹਿੱਸਾ ਬਣੇ। ਸਤੀਸ਼ ਗੁਲਾਟੀ ਨੇ ਕਿਹਾ ਕਿ ਉਹ ਚੇਤਨਾ ਪ੍ਰਕਾਸ਼ਨ ਵੱਲੋਂ ਇਨ੍ਹਾਂ ਸੱਤ ਸ਼ਹੀਦਾਂ ਬਾਰੇ ਸਾਂਝੀ ਪੁਸਤਕ ਅਗਲੇ ਸਾਲ ਤੀਕ ਤਿਆਰ ਕਰਵਾਈ ਜਾਵੇਗੀ। ਸੱਤ ਸ਼ਹੀਦਾਂ ਦਾ ਸਾਂਝਾ ਪੋਸਟਰ ਵੀ ਛਾਪ ਕੇ ਉਹ ਦੇਸ਼ ਬਦੇਸ਼ ਵਿੱਚ ਪਹੁੰਚਾਉਣਗੇ। ਇਸ ਮੌਕੇ ਪੰਜਾਬੀ ਕਹਾਣੀਕਾਰ ਸੁਰਿੰਦਰਦੀਪ ਅਤੇ ਸੁਮਿਤ ਗੁਲਾਟੀ ਤੋਂ ਇਲਾਵਾ ਕੁਝ ਹੋਰ ਸ਼ੁਭਚਿੰਤਕ ਵੀ ਹਾਜ਼ਰ ਸਨ।