- ਚੰਦਰਯਾਨ 3 ਵਿਚ ਫਾਜਿ਼ਲਕਾ ਦੇ 3 ਵਿਗਿਆਨੀਆਂ ਨੇ ਨਿਭਾਈ ਭੁਮਿਕਾ
ਫਾਜਿ਼ਲਕਾ, 25 ਅਗਸਤ : ਭਾਰਤ ਦਾ ਮਾਣ, ਚੰਦਰਯਾਨ 3 ਚੰਦ ਦੀ ਸਤਾ ਤੇ ਪਹੁੰਚ ਕੇ ਆਪਣੀ ਖੋਜ਼ ਸ਼ੁਰੂ ਕਰ ਚੁੱਕਾ ਹੈ। ਪਰ ਨਾਲ ਹੀ ਇਸ ਚੰਦਰਯਾਨ ਨੂੰ ਇਸ ਮੁਕਾਮ ਤੇ ਲੈ ਕੇ ਜਾਣ ਵਾਲੇ ਇਸਰੋ ਨਾਲ ਜ਼ੁੜੇ ਸਿਤਾਰਿਆਂ ਦੇ ਨਾਂਅ ਵੀ ਸਾਹਮਣੇ ਆ ਰਹੇ ਹਨ। ਫਾਜਿ਼ਲਕਾ ਦੇ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਆਈਏਐਸ ਨੇ ਦੱਸਿਆ ਹੈ ਕਿ ਫਾਜਿ਼ਲਕਾ ਜਿ਼ਲ੍ਹੇ ਦੇ ਤਿੰਨ ਯੁਵਾ ਵਿਗਿਆਨੀਆਂ ਦੀ ਇਸ ਪ੍ਰੋਜ਼ੈਕਟ ਵਿਚ ਸਮੂਲੀਅਤ ਰਹੀ ਹੈ।ਉਨ੍ਹਾਂ ਨੇ ਇਨ੍ਹਾਂ ਵਿਗਿਆਨੀਆਂ ਨੂੰ ਵਧਾਈ ਦਿੰਦਿਆਂ ਕਿਹਾ ਹੈ ਕਿ ਇੰਨ੍ਹਾਂ ਦਾ ਇਹ ਕਾਰਜ ਸਾਡੀ ਅਗਲੀ ਪੀੜ੍ਹੀ ਨੂੰ ਵਿਗਿਆਨ ਵਿਚ ਰੂਚੀ ਪੈਦਾ ਕਰਨ ਵਿਚ ਸਹਾਈ ਸਿੱਧ ਹੋਵੇਗਾ। ਫਾਜਿ਼ਲਕਾ ਦੇ ਇੰਨ੍ਹਾਂ ਤਿੰਨ ਵਿਗਿਆਨੀਆਂ ਵਿਚ ਹੀ ਸ਼ਾਮਿਲ ਹੈ ਜਿ਼ਲ੍ਹੇ ਦੇ ਪਿੰਡ ਚੱਕ ਸੁਹੇਲੇਵਾਲਾ ਦੇ ਇਕ ਕਿਸਾਨ ਪਰਿਵਾਰ ਨਾਲ ਸਬੰਧਤ ਜਗਮੀਤ ਸਿੰਘ। ਜਗਮੀਤ ਸਿੰਘ ਦੇ ਮਾਤਾ ਪਿਤਾ ਸੁਖਮੰਦਰ ਕੌਰ ਤੇ ਸਮਸ਼ੇਰ ਸਿੰਘ ਨੇ ਦੱਸਿਆ ਕਿ ਜਗਮੀਤ ਨੇ ਆਪਣੀ ਮੁੱਢਲੀ ਪੜਾਈ ਸ੍ਰੀ ਮੁਕਤਸਰ ਸਾਹਿਬ ਅਤੇ ਪਿੰਡ ਦੇ ਸਕੂਲ ਤੋਂ ਕੀਤੀ ਸੀ। ਜਦ ਕਿ ਆਈਆਈਟੀ ਰੋਪੜ ਤੋਂ ਆਪਣੀ ਉਚੇਰੀ ਵਿਦਿਆ ਪ੍ਰਾਪਤ ਕਰਕੇ ਉਹ ਇਸਰੋ ਨਾਲ ਜ਼ੁੜਿਆ ਅਤੇ ਦੇਸ਼ ਦੇ ਇਸ ਵਕਾਰੀ ਪ੍ਰੋਜ਼ੈਕਟ ਦਾ ਹਿੱਸਾ ਬਣਿਆ ਹੈ। ਉਹ ਆਖਦੇ ਹਨ ਕਿ ਇਹ ਨਾ ਕੇਵਲ ਉਨ੍ਹਾਂ ਲਈ ਸਗੋਂ ਉਨ੍ਹਾਂ ਦੇ ਪਿੰਡ, ਜਿ਼ਲ੍ਹੇ ਤੇ ਸੂਬੇ ਲਈ ਵੀ ਮਾਣ ਦੀ ਗੱਲ ਹੈ ਕਿ ਜਗਮੀਤ ਸਿੰਘ ਇਸ ਵੱਡੇ ਪ੍ਰੋਜ਼ੈਕਟ ਵਿਚ ਕੰਮ ਕਰਨ ਦਾ ਮਾਣ ਹਾਸਲ ਕਰ ਸਕਿਆ ਹੈ। ਜਿਕਰਯੋਗ ਹੈ ਕਿ ਜਗਮੀਤ ਸਿੰਘ ਦਾ ਵੱਡਾ ਭਰਾ ਵੀ ਵਿਗਿਆਨੀ ਹੀ ਹੈ ਜਿਸਨੇ ਆਪਣੀ ਆਈਆਈਟੀ ਬਨਾਰਸ ਤੋਂ ਕੀਤੀ ਸੀ ਅਤੇ ਇਕ ਮਲਟੀਨੈਸਨਲ ਕੰਪਨੀ ਵਿਚ ਕੰਮ ਕਰ ਰਿਹਾ ਹੈ। ਜਦ ਕਿ ਉਨ੍ਹਾਂ ਦੀ ਭੈਣ ਵੀ ਵਿਦੇਸ਼ ਵਿਚ ਨੌਕਰੀ ਕਰਦੀ ਹੈ। ਫਾਜਿ਼ਲਕਾ ਜਿ਼ਲ੍ਹੇ ਨੂੰ ਆਪਣੇ ਇੰਨ੍ਹਾਂ ਯੁਵਾ ਵਿਗਿਆਨੀਆਂ ਦੇ ਫਖ਼ਰ ਹੈ।