ਜਗਰਾਉਂ (ਰਛਪਾਲ ਸਿੰਘ ਸ਼ੇਰਪੁਰੀ) : ਕਿਰਤੀ ਕਿਸਾਨ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਤਰਲੋਚਨ ਸਿੰਘ ਝੋਰੜਾਂ ਤੇ ਜਿਲ੍ਹਾ ਸਕੱਤਰ ਸਾਧੂ ਸਿੰਘ ਅੱਚਰਵਾਲ, ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਗੁਰਦਿਆਲ ਸਿੰਘ ਤਲਵੰਡੀ ਤੇ ਸਕੱਤਰ ਜਸਦੇਵ ਸਿੰਘ ਲਲਤੋਂ, ਕੁੱਲ ਹਿੰਦ ਕਿਸਾਨ ਸਭਾ ਦੇ ਆਗੂ ਨਿਰਮਲ ਸਿੰਘ ਧਾਲੀਵਾਲ ਬੂਟਾ ਸਿੰਘ ਹਾਂਸ, ਪੇਂਡੂ ਮਜ਼ਦੂਰ ਯੂਨੀਅਨ ਜਿਲ੍ਹਾ ਪ੍ਰਧਾਨ ਅਵਤਾਰ ਸਿੰਘ ਰਸੂਲਪੁਰ ਤੇ ਸੁਖਦੇਵ ਸਿੰਘ ਮਾਣੂੰਕੇ, (ਮਸ਼ਾਲ) ਦੇ ਆਗੂ ਬਲ਼ਦੇਵ ਸਿੰਘ, ਭਾਰਤੀ ਕਿਸਾਨ ਯੂਨੀਅਨ(ਡਕੌਂਦਾ) ਦੇ ਜਿਲ੍ਹਾ ਸਕੱਤਰ ਇੰਦਰਜੀਤ ਸਿੰਘ ਧਾਲੀਵਾਲ ਤੇ ਬਲਾਕ ਪ੍ਰਧਾਨ ਜੱਗਾ ਸਿੰਘ ਢਿਲੋਂ, ਮੈਂਬਰ ਰਾਮਤੀਰਥ ਸਿੰਘ ਲੀਲ੍ਹਾ ਤੇ ਕੁੰਡਾ ਸਿੰਘ ਕਉਂਕੇ, ਸਤਿਕਾਰ ਕਮੇਟੀ ਦੇ ਪ੍ਰਧਾਨ ਜਸਪ੍ਰੀਤ ਸਿੰਘ ਢੋਲ਼ਣ ਤੇ ਮੋਹਣ ਸਿੰਘ ਬੰਗਸੀਪੁਰਾ, ਏਟਕ ਆਗੂ ਜਗਦੀਸ਼ ਸਿੰਘ ਕਾਉਂਕੇ, ਕੇਕੇਯੂ ਦੇ ਬਲਾਕ ਪ੍ਰਧਾਨ ਬਲਵਿੰਦਰ ਸਿੰਘ ਕੋਠੇ ਪੋਨਾ ਨੇ ਪ੍ਰੈਸ ਨੂੰ ਜਾਰੀ ਸਾਂਝੇ ਬਿਆਨ 'ਚ ਦੱਸਿਆ ਕਿ 23 ਮਾਰਚ ਤੋਂ ਸ਼ੁਰੂ ਹੋਏ ਪੱਕੇ ਧਰਨਾਲੇ ਦੇ 264ਵੇੰ ਦਿਨ ਸਾਰੀਆਂ ਹੀ ਧਰਨਾਕਾਰੀ ਜੱਥੇਬੰਦੀਆਂ ਵਲੋਂ 10 ਦਸੰਬਰ 2022 ਨੂੰ ਕੌਮਾਂਤਰੀ ਮਨੁੱਖੀ ਅਧਿਕਾਰ ਦਿਵਸ ਮੌਕੇ ਥਾਣੇ ਮੂਹਰੇ 11.00 ਵਜੇ ਇਕੱਠੇ ਹੋ ਕੇ ਮਨੁੱਖੀ ਦੇ ਹੋ ਰਹੇ ਘਾਣ ਦੀ ਚਰਚਾ ਕੀਤੀ ਜਾਵੇਗੀ। ਆਗੂਆਂ ਨੇ ਕਿਹਾ ਕਿ 10 ਦਸੰਬਰ ਦੇ ਦਿਨ ਪੂਰੀ ਦੁਨੀਆਂ ਵਿੱਚ ਮਨੁੱਖੀ ਹੱਕਾਂ ਸਬੰਧੀ ਚਰਚਾ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਦੁਨੀਆਂ ਭਰ ਦੀਆਂ ਇਨਸਾਫ਼ਪਸੰਦ ਜਮਹੂਰੀ ਜੱਥੇਬੰਦੀਆਂ ਇਸ ਦਿਨ ਥਾਂ-ਥਾਂ ਹੋ ਰਹੇ ਮਨੁੱਖੀ ਹੱਕਾਂ ਦੇ ਘਾਣ ਸਬੰਧੀ ਸਿਰ ਜੋੜ ਕੇ ਚਰਚਾ ਕਰਦੀਆਂ ਹਨ। ਜ਼ਿਕਰਯੋਗ ਹੈ ਕਿ ਪੀੜ੍ਹਤ ਲੜਕੀ ਦੀ ਮੌਤ ਤੋਂ ਬਾਦ ਦੋਸ਼ੀਆਂ ਦੀ ਗ੍ਰਿਫਤਾਰੀ ਅਤੇ ਪੀੜ੍ਹਤ ਪਰਿਵਾਰ ਲਈ ਨਿਆਂ ਵਾਸਤੇ ਸ਼ੁਰੂ ਹੋਇਆ ਇਹ ਧਰਨਾ ਅੱਜ 252ਵੇਂ ਦਿਨ ਵਿੱਚ ਸ਼ਾਮਿਲ ਹੋ ਗਿਆ ਹੈ। ਪ੍ਰੈਸ ਨੂੰ ਜਾਰੀ ਬਿਆਨ 'ਚ ਮੁਦਈ ਮੁਕੱਦਮਾ ਇਕਬਾਲ ਸਿੰਘ ਰਸੂਲਪੁਰ ਨੇ ਕਿਹਾ ਕਿ ਪਹਿਲਾਂ ਤਾਂ ਕਿਸਾਨ 14 ਜੁਲਾਈ 2005 ਨੂੰ ਮੌਕੇ ਦੇ ਥਾਣੇਮੁਖੀ ਗੁਰਿੰਦਰ ਬੱਲ ਤੇ ਏਅੈਸਆਈ ਰਾਜਵੀਰ ਨੇ ਮਾਤਾ ਤੇ ਭੈਣ ਨੂੰ ਘਰੋਂ ਅਗਵਾ ਕਰਕੇ ਥਾਣੇ ਰਾਤ ਨੂੰ ਤਸੀਹੇ ਦੇ ਕੇ ਮਨੁੱਖੀ ਹੱਕਾਂ ਦਾ ਘਾਣ ਕੀਤਾ ਸੀ ਦੂਜਾ ਹੁਣ ਲੋਕਾਂ ਦੇ ਮਸੀਹਾ ਕਹਾਉਂਦੇ ਸੀਨੀਅਰ ਪੁਲਿਸ ਅਧਿਕਾਰੀ ਅਤੇ ਸਤਾਧਾਰੀ ਲੋਕ ਪੀੜ੍ਤ ਪਰਿਵਾਰ ਨੂੰ ਇਨਸਾਫ਼ ਨਾਂ ਦੇ ਅਤੇ ਦੋਸ਼ੀਆਂ ਦੀ ਅੰਦਰ ਖਾਤੇ ਮੱਦਦ ਕਰਕੇ ਮਨੁੱਖੀ ਹੱਕਾਂ ਦਾ ਘਾਣ ਕਰ ਰਹੇ ਹਨ। ਇੱਕ ਸਵਾਲ ਦੇ ਜਵਾਬ 'ਚ ਉਨ੍ਹਾਂ ਕਿਹਾ ਕਿ ਪੀੜ੍ਹਤ ਮਾਰਾ ਸੁਰਿੰਦਰ ਕੌਰ ਵਲੋ ਪੱਕੇ ਧਰਨੇ ਦੇ 16ਵੇਂ ਦਿਨ ਆਪਣੇ ਖੂਨ ਨਾਲ ਇੱਕ ਖਤ ਲਿਖ ਕੇ ਹਲਕਾ ਵਿਧਾਇਕ ਸਰਬਜੀਤ ਕੌਰ ਮਾਣੂੰਕੇ ਰਾਹੀਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਭੇਜਿਆ ਸੀ, ਜਿਸ ਤੇ ਅੱਜ ਤੱਕ ਕੋਈ ਕਾਰਵਾਈ ਨਹੀਂ ਹੋਈ। ਉਨ੍ਹਾਂ ਭਰੇ ਮਨ ਨਾਲ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਗਰੀਬ ਪਰਿਵਾਰ ਅਤੇ ਧਰਨਾਕਾਰੀ ਕਿਰਤੀ ਲੋਕਾਂ 'ਤੇ ਬਿਲਕੁੱਲ ਤਰਸ ਨਹੀਂ ਆ ਰਿਹਾ। ਉਨ੍ਹਾਂ ਦੱਸਿਆ ਕਿ ਪੀੜ੍ਹਤ ਪਰਿਵਾਰ ਲੰਬੇ ਸਮੇਂ ਤੋਂ ਇਨਸਾਫ਼ ਦੀ ਮੰਗ ਕਰ ਰਿਹਾ ਹੈ। ਇਸ ਸਮੇਂ ਬੀਕੇਯੂ (ਡਕੌਂਦਾ) ਦੇ ਆਗ ਬਾਬਾ ਬੰਤਾ ਸਿੰਘ ਡੱਲਾ, ਦਸਮੇਸ਼ ਕਿਸਾਨ- ਮਜ਼ਦੂਰ ਯੂਨੀਅਨ (ਰਜ਼ਿ.) ਦੇ ਆਗੂ ਹਰੀ ਸਿੰਘ ਚਚਰਾੜੀ, ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਆਗੂ ਸਬਜਾ ਸਰਪੰਚ ਜਸਵੀਰ ਸਿੰਘ ਟੂਸਾ, ਕਿਰਤੀ ਕਿਸਾਨ ਯੂਨੀਅਨ ਦੇ ਜਗਰੂਪ ਸਿੰਘ ਝੋਰੜਾਂ, ਜਬਰ ਜੁਲਮ ਵਿਰੋਧੀ ਫਰੰਟ ਦੇ ਜਿਲ੍ਹਾ ਪ੍ਰਧਾਨ ਕੁਲਦੀਪ ਸਿੰਘ ਚੌਹਾਨ ਨੇ ਵੀ ਪੀੜ੍ਹਤ ਪਰਿਵਾਰ ਲਈ ਨਿਆਂ ਦੀ ਮੰਗ ਕਰਦਿਆਂ ਦੋਸ਼ੀਆਂ ਖਿਲਾਫ਼ ਕਾਰਵਾਈ ਲਈ ਸੰਘਰਸ਼ ਨੂੰ ਚਾਲੂ ਰੱਖਣ ਦਾ ਅਹਿਦ ਲਿਆ।