ਸ੍ਰੀ ਮੁਕਤਸਰ ਸਾਹਿਬ ਵਿਖੇ ਜਿ਼ਲ੍ਹਾ ਪੱਧਰ ਤੇ ਅੰਤਰਰਾਸ਼ਟਰੀ ਦਿਵਿਆਂਗਤਾ ਅਤੇ ਸੰਕੇਤਕ ਭਾਸ਼ਾ ਦਿਵਸ ਦਾ ਕੀਤਾ ਗਿਆ ਆਯੋਜਨ

  • ਵਿਭਾਗ ਵਲੋਂ 8481 ਦਿਵਿਆਂਗ ਵਿਅਕਤੀਆਂ ਨੂੰ ਦਿੱਤੀ ਜਾ ਰਹੀ ਹੈ ਵਿੱਤੀ ਸਹਾਇਤਾ

ਸ੍ਰੀ ਮੁਕਤਸਰ ਸਾਹਿਬ 4 ਫਰਵਰੀ 2025 : ਜਿ਼ਲ੍ਹਾ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਭਾਗ ਵਲੋਂ ਅੱਜ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਲਈ ਜਿ਼ਲ੍ਹਾ ਪੱਧਰ ਤੇ ਅੰਤਰਰਾਸ਼ਟਰੀ ਦਿਵਿਆਂਗਤਾ ਅਤੇ ਸੰਕੇਤਕ ਭਾਸ਼ਾ  ਦਿਵਸ ਦਾ ਆਯੋਜਨ ਸਪੈਸ਼ਲ ਰੀਸੋਰਸ ਸੈਂਟਰ ਸਰਕਾਰੀ ਪ੍ਰਾਇਮਰੀ ਸਕੂਲ ਸ੍ਰੀ ਮੁਕਤਸਰ ਸਾਹਿਬ ਵਿਖੇ ਆਯੋਜਿਤ ਕੀਤਾ ਗਿਆ। ਇਸ ਸਮਾਗਮ ਦੀ ਪ੍ਰਧਾਨਗੀ ਸ੍ਰੀ ਰਾਜੇਸ਼ ਤ੍ਰਿਪਾਠੀ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਨੇ ਕੀਤੀ। ਇਸ ਮੌਕੇ ਤੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਉਹ ਨਾਗਰਿਕ ਬਹੁਤ ਹੀ ਭਾਗਾਂ ਵਾਲੇ ਹਨ, ਜਿਹਨਾਂ ਨੂੰ ਦਿਵਿਆਂਗ ਬੱਚਿਆਂ  ਦੀ ਸੇਵਾ ਕਰਨ ਦਾ ਮੌਕਾ ਮਿਲਦਾ ਹੈ। ਉਹਨਾਂ ਅੱਗੇ ਕਿਹਾ ਕਿ ਦਿਵਿਆਂਗ ਬੱਚੇ ਕਿਸੇ ਤਰ੍ਹਾਂ ਵੀ ਆਮ ਬੱਚਿਆਂ ਨਾਲੋਂ  ਘੱਟ ਨਹੀਂ ਹਨ ਅਤੇ ਇਹ ਬੱਚੇ ਰੱਬ ਦਾ ਰੂਪ ਹਨ, ਜੇਕਰ ਇਹਨਾਂ ਬੱਚਿਆਂ ਨੂੰ ਪੂਰਾ ਸਹਿਯੋਗ ਅਤੇ ਹੌਂਸਲਾ ਅਫਜ਼ਾਈ ਕੀਤੀ ਜਾਵੇ ਤਾਂ ਇਹ ਕਿਸੇ ਵੀ ਮੁਕਾਮ ਨੂੰ ਹਾਸਲ ਕਰਨ ਦੀ ਤਾਕਤ ਰੱਖਦੇ ਹਨ । ਇਸ ਮੌਕੇ ਤੇ  ਜਿਲ੍ਹਾ ਸਮਾਜਿਕ ਸੁਰੱਖਿਆ ਅਫਸਰ, ਨਵੀਨ ਗਡਵਾਲ ਨੇ ਜਾਣਕਾਰੀ ਦਿੰਦਿਆਂ  ਦਸਿਆ ਕਿ  ਅਜਿਹੇ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਦੀ ਭਲਾਈ ਲਈ ਵਿਭਾਗ ਸਰਗਰਮ ਹੈ ਅਤੇ ਸਮੇਂ ਸਮੇਂ ਤੇ ਉਪਰਾਲੇ ਵੀ ਕੀਤੇ ਜਾ ਰਹੇ ਹਨ ।ਉਹਨਾਂ ਕਿਹਾ ਕਿ ਵਿਭਾਗ ਵੱਲੋਂ ਦਿਵਿਆਂਗ ਬੱਚਿਆਂ ਦੀ ਸੁਰੱਖਿਆ ਲਈ ਸਕੀਮਾਂ ਵੀ ਚਲਾਈਆਂ ਜਾ ਰਹੀਆਂ ਹਨ  ਅਤੇ ਇਸ ਸਮੇਂ ਜਿਲ੍ਹੇ ਵਿੱਚ 8481 ਦਿਵਿਆਂਗ ਵਿਅਕਤੀਆਂ ਨੂੰ ਵਿੱਤੀ ਸਹਾਇਤਾ ਦਿੱਤੀ ਜਾ ਰਹੀ ਹੈ। ਇਸ ਸੈਂਟਰ ਦੇ ਸਟਾਫ ਦੀ ਡੀਮਾਂਡ ਤੇ ਬੱਚਿਆਂ ਲਈ ਜਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਵੱਲੋਂ ਇਕ ਇੰਨਵਰਟਰ ਸੈੱਟ ਮੁਹੱਈਆ ਕਰਵਾਇਆ ਗਿਆ ਅਤੇ ਬੱਚਿਆਂ ਨੂੰ ਰਿਫਰੈਸ਼ਮੈਂਟ ਅਤੇ ਕਾਪੀਆਂ, ਪੈਨਸਲਾਂ ਆਦਿ ਵੀ ਵੰਡੀਆਂ ਗਈਆਂ। ਇਸ ਮੌਕੇ ਸ੍ਰੀ ਜਸਪਾਲ ਮੌਂਗਾ, ਜਿਲ੍ਹਾ ਸਿੱਖਿਆ ਅਫਸਰ (ਸੈਸਿ), ਉਪ ਜਿਲ੍ਹਾ ਸਿੱਖਿਆ ਅਫਸਰ, ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਅਤੇ ਸਪੈਸ਼ਲ ਰੀਸੋਰਸ ਸੈਂਟਰ ਅਤੇ ਦਫਤਰ ਜਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਦਾ ਸਟਾਫ ਹਾਜ਼ਰ ਸਨ। ਇਸ ਮੌਕੇ ਤੇ ਦਿਵਿਆਂਗ ਬੱਚਿਆ ਵਲੋਂ ਆਪਣੀ ਸਮਰਥਾ ਅਨੁਸਾਰ ਪੇਸ਼ਕਾਰੀਆਂ ਵੀ ਪੇਸ਼ ਕੀਤੀਆਂ  ਗਈਆਂ।