ਪਟਿਆਲਾ, 26 ਜੂਨ : ਜ਼ਿਲ੍ਹਾ ਸਿਹਤ ਵਿਭਾਗ ਅਤੇ ਪੰਜਾਬ ਰੈੱਡ ਕਰਾਸ ਸਾਕੇਤ ਹਸਪਤਾਲ ਵੱਲੋਂ ਆਈ ਟੀ ਆਈ (ਲੜਕੇ ), ਪਟਿਆਲਾ ਵਿਖੇ ਅੰਤਰਰਾਸ਼ਟਰੀ ਨਸ਼ਾ ਵਿਰੋਧੀ ਦਿਵਸ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਸਕੱਤਰ ਇੰਡੀਅਨ ਰੈੱਡ ਕਰਾਸ ਸੋਸਾਇਟੀ ਸ਼ਿਵ ਦੁਲਾਰ ਸਿੰਘ ਢਿੱਲੋਂ ਨੇ ਕਿਹਾ ਕਿ ਨਸ਼ੇ ਕਰਨ ਵਾਲਾ ਹਰ ਵਿਅਕਤੀ ਸ਼ੁਰੂ ਵਿੱਚ ਆਪਣੇ ਆਪ ਨੂੰ ਲੁਕਾਉਂਦਾ ਹੈ, ਫਿਰ ਉਸ ਦਾ ਪਰਿਵਾਰ ਵੀ ਇਸ ਨੂੰ ਲੁਕਾਉਣ ਦੀ ਕੋਸ਼ਿਸ਼ ਕਰਦਾ ਹੈ। ਕਿਉਂ ਕਿ ਉਹ ਜਾਣਦੇ ਹਨ ਕਿ ਨਸ਼ਾ ਲੈਣ ਵਾਲੇ ਨੂੰ ਲੋਕ ਨਫ਼ਰਤ ਕਰਦੇ ਹਨ। ਇਸ ਲਈ ਸਭ ਤੋਂ ਪਹਿਲਾਂ ਸਾਨੂੰ ਚਾਹੀਦਾ ਹੈ ਕਿ ਅਸੀਂ ਨਸ਼ਾ ਕਰਨ ਵਾਲਿਆਂ ਨੂੰ ਨਫ਼ਰਤ ਨਾ ਕਰੀਏ, ਸਗੋਂ ਉਨ੍ਹਾਂ ਦੀ ਨਸ਼ਾ ਛੱਡਣ ਵਿੱਚ ਮਦਦ ਕਰੀਏ । ਜੇਕਰ ਤੁਸੀਂ ਕਿਸੇ ਨੂੰ ਨਸ਼ੇ ਵਿੱਚ ਜਾਣ ਤੋਂ ਰੋਕ ਲਿਆ ਜਾਂ ਨਸ਼ਾ ਕਰਦੇ ਵਿਅਕਤੀ ਨੂੰ ਇਲਾਜ ਲਈ ਸਿਹਤ ਕੇਂਦਰ ਲਿਜਾ ਕੇ ਇਲਾਜ ਕਰਵਾ ਦਿੱਤਾ ਤਾਂ ਸਮਝੋ ਤੁਸੀਂ ਕਿਸੇ ਦੀ ਜਾਨ ਬਚਾ ਲਈ। ਇਸ ਮੌਕੇ ਸਿਵਲ ਸਰਜਨ ਡਾ. ਰਮਿੰਦਰ ਕੌਰ ਨੇ ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਹਰ ਵਿਅਕਤੀ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਨਸ਼ੇ ਦੀ ਆਦਤ ਨਾ ਸਿਰਫ਼ ਉਨ੍ਹਾਂ ਦੇ ਸਰੀਰ ਅਤੇ ਦਿਮਾਗ਼ ਨੂੰ ਬਹੁਤ ਪ੍ਰਭਾਵਿਤ ਕਰਦੀ ਹੈ, ਸਗੋਂ ਉਨ੍ਹਾਂ ਦੇ ਉੱਜਵਲ ਭਵਿੱਖ ਨੂੰ ਵੀ ਖ਼ਤਮ ਕਰ ਦਿੰਦੀ ਹੈ। ਇਸ ਲਈ ਸਾਨੂੰ ਨਸ਼ਿਆਂ ਨੂੰ ਸਖ਼ਤੀ ਨਾਲ 'ਨਹੀਂ' ਕਹਿਣਾ ਚਾਹੀਦਾ ਹੈ ਅਤੇ ਆਪਣੇ ਆਲੇ-ਦੁਆਲੇ ਜਾਗਰੂਕਤਾ ਫੈਲਾ ਕੇ ਆਪਣੀਆਂ ਜ਼ਿੰਦਗੀਆਂ ਦੇ ਨਾਲ-ਨਾਲ ਆਪਣੇ ਪਿਆਰਿਆਂ ਦੀਆਂ ਜਾਨਾਂ ਵੀ ਬਚਾਉਣੀਆਂ ਚਾਹੀਦੀਆਂ ਹਨ ਅਤੇ ਪੰਜਾਬ ਨੂੰ ਰੰਗਲਾ ਬਣਾਉਣ ਵਿੱਚ ਯੋਗਦਾਨ ਪਾਉਣਾ ਚਾਹੀਦਾ ਹੈ। ਸਾਨੂੰ ਸਾਰਿਆਂ ਨੂੰ ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਵਿਰੁੱਧ ਇਕੱਠੇ ਹੋ ਕੇ ਮਜ਼ਬੂਤੀ ਨਾਲ ਕਦਮ ਚੁੱਕਣੇ ਚਾਹੀਦੇ ਹਨ, ਜਿਹੜੇ ਵਿਅਕਤੀ ਨਸ਼ਿਆਂ ਦੀ ਵਰਤੋਂ ਦੇ ਆਦੀ ਹੋ ਚੁੱਕੇ ਹਨ , ਉਨ੍ਹਾਂ ਦਾ ਨਸ਼ਾ ਛੁਡਵਾਉਣਾ ਲਈ ਅਤੇ ਇਲਾਜ ਲਈ ਨੇੜੇ ਦੀ ਸਿਹਤ ਸੰਸਥਾ / ਓਟ ਸੈਂਟਰ ਜਾਂ ਡਰੱਗ ਡੀ ਅਡੀਕਸ਼ਨ ਸੈਂਟਰ ਵਿੱਚ ਜਾਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ 32 ਓਟ ਕਲੀਨਿਕ, 3 ਸਰਕਾਰੀ ਡੀ ਅਡੀਕਸ਼ਨ ਸੈਂਟਰ ਅਤੇ ਸਾਕੇਤ ਹਸਪਤਾਲ ਪਟਿਆਲਾ ਵਿਖੇ ਪੁਨਰ ਵਸੇਬਾ ਸੈਂਟਰ ਹੈ, ਇਸ ਤੋਂ ਇਲਾਵਾ ਪ੍ਰਾਈਵੇਟ ਤੌਰ ਤੇ ਪੁਨਰ ਵਸੇਬਾ ਸੈਂਟਰ, ਡੀ ਡੀ ਅਡੀਕਸ਼ਨ ਸੈਂਟਰ ਵੀ ਖੁੱਲ੍ਹੇ ਹੋਏ ਹਨ।
ਇਸ ਮੌਕੇ ਡਿਪਟੀ ਮੈਡੀਕਲ ਕਮਿਸ਼ਨਰ ਡਾ. ਜਸਵਿੰਦਰ ਸਿੰਘ ਨੇ ਦੱਸਿਆ ਕਿ ਨਸ਼ਿਆਂ ਤੋਂ ਸਾਡੀ ਯੁਵਾ ਪੀੜ੍ਹੀ ਕਾਫ਼ੀ ਪ੍ਰਭਾਵਿਤ ਹੋ ਰਹੀ ਹੈ। ਉਹਨਾਂ ਕਿਹਾ ਕਿ ਨਸ਼ਾ ਇੱਕ ਮਿੱਠਾ ਜ਼ਹਿਰ ਹੈ ਜਿਸ ਨਾਲ ਸਰੀਰ ਵਿਚ ਕੁੱਝ ਸਮੇਂ ਲਈ ਤਾਂ ਚੁਸਤੀ ਆ ਜਾਂਦੀ ਹੈ ਪਰ ਇਹ ਹੌਲੀ-ਹੌਲੀ ਸਰੀਰ ਦੇ ਅੰਦਰੂਨੀ ਅੰਗਾਂ ਨੂੰ ਖ਼ਤਮ ਕਰ ਰਿਹਾ ਹੁੰਦਾ ਹੈ, ਨਸ਼ਿਆਂ ਦੇ ਕਾਰਨ ਕੈਂਸਰ,ਦਿਲ ਦੀ ਬਿਮਾਰੀ,ਦਿਮਾਗ਼ ਦੀ ਨਾੜੀ ਦਾ ਫਟਣਾ, ਗੁਰਦੇ ਖਰਾਬ ਹੋਣਾ, ਏਡਜ਼, ਪੀਲੀਆ ਆਦਿ ਵਰਗੀਆਂ ਭਿਆਨਕ ਬਿਮਾਰੀਆਂ ਨਸ਼ਾ ਕਰਨ ਵਾਲਿਆਂ ਨੂੰ ਹੋ ਰਹੀਆਂ ਹਨ। ਉਹਨਾਂ ਕਿਹਾ ਕਿ ਨਸ਼ਾ ਜਿਥੇ ਸਾਡੀ ਬੁੱਧੀ ਦਾ ਨਾਸ਼ ਕਰਕੇ ਸਦਾਚਾਰਕ ਤੌਰ ਤੇ ਮਨੁੱਖ ਨੂੰ ਨੀਵਾਂ ਰੱਖਦੇ ਹਨ, ਉਥੇ ਸਰੀਰਕ ਤੋਰ ਤੇ ਵੀ ਕਾਫ਼ੀ ਨੁਕਸਾਨ ਪਹੁੰਚਾਉਂਦੇ ਹਨ। ਉਨ੍ਹਾਂ ਦੱਸਿਆ ਕਿ ਮਾਨਸਿਕ ਸਿਹਤ ਅਤੇ ਨਸ਼ਾ ਮੁਕਤੀ ਲਈ 24 ਘੰਟੇ ਉਪਲਬਧ ਜ਼ਿਲ੍ਹਾ ਹੈਲਪ ਲਾਈਨ ਨੰਬਰ 0175-2213385 ਜਾਰੀ ਕੀਤਾ ਗਿਆ ਹੈ। ਪ੍ਰੋਜੈਕਟ ਡਾਇਰੈਕਟਰ ਇੰ: ਸਾਕੇਤ ਹਸਪਤਾਲ ਪਰਮਿੰਦਰ ਕੌਰ ਨੇ ਨਸ਼ਿਆਂ ਦੀਆਂ ਵੱਖ ਵੱਖ ਕਿਸਮਾਂ,ਨਸ਼ਾ ਲੱਗਣ ਦੇ ਕਾਰਨ,ਵੱਖ-ਵੱਖ ਨਸ਼ੀਲੇ ਪਦਾਰਥਾਂ ਦੇ ਸਰੀਰ ਉਪਰ ਪੈਣ ਵਾਲੇ ਪ੍ਰਭਾਵਾਂ ਅਤੇ ਇਹਨਾਂ ਤੋ ਛੁਟਕਾਰੇ ਸਬੰਧੀ ਵਿਸਥਾਰ ਵਿਚ ਜਾਣਕਾਰੀ ਦਿੱਤੀ। ਇਸ ਮੌਕੇ ਇੰਸਪੈਕਟਰ ਟਰੈਫ਼ਿਕ ਪੁਲਿਸ ਕਰਮਜੀਤ ਕੌਰ ਅਤੇ ਸੁਪਰਵਾਈਜ਼ਰ ਫ਼ਸਟ ਏਡ ਟ੍ਰੇਨਿੰਗ ਕਾਕਾ ਰਾਮ ਵਰਮਾ ਵੱਲੋਂ ਵੀ ਵਿਚਾਰ ਪੇਸ਼ ਕੀਤੇ ਗਏ।ਪ੍ਰੋਗਰਾਮ ਦੇ ਅਖੀਰ ਵਿੱਚ ਸਾਰੇ ਵਿੱਚ ਨਸ਼ੇ ਨਾ ਕਰਨ, ਨਸ਼ੇ ਕਰਨ ਵਾਲਿਆਂ ਦੀ ਮਦਦ ਕਰਨ ਅਤੇ ਲੋਕਾਂ ਨੂੰ ਜਾਗਰੂਕ ਕਰਨ ਸਬੰਧੀ ਸਹੁੰ ਵੀ ਚੁਕਾਈ ਗਈ। ਇਸ ਮੌਕੇ ਟ੍ਰੇਨਿੰਗ ਅਫ਼ਸਰ ਆਈ ਟੀ ਆਈ. ਦਵਿੰਦਰਪਾਲ ਸਿੰਘ, ਮੈਡਮ ਸਤਵਿੰਦਰਜੀਤ ਕੌਰ, ਡਾ. ਸੰਦੀਪ ਸਿੰਘ, ਜ਼ਿਲ੍ਹਾ ਮਾਸ ਮੀਡੀਆ ਅਫ਼ਸਰ ਕੁਲਬੀਰ ਕੌਰ, ਡਿਪਟੀ ਮਾਸ ਮੀਡੀਆ ਅਫ਼ਸਰ ਭਾਗ ਸਿੰਘ ਅਤੇ ਜਸਜੀਤ ਕੌਰ, ਬੀ ਸੀ ਸੀ ਜਸਵੀਰ ਕੌਰ, ਪ੍ਰਧਾਨ ਗਿਆਨ ਜੋਤੀ ਸੋਸਾਇਟੀ ਉਪਕਾਰ ਸਿੰਘ, ਜਤਿੰਦਰ ਗਰੇਵਾਲ, ਪਰਮਿੰਦਰ ਪਹਿਲਵਾਨ , ਆਈ ਟੀ ਆਈ ਦੇ ਅਧਿਆਪਕ ਅਤੇ ਵਿਦਿਆਰਥੀ ਹਾਜ਼ਰ ਸਨ।