ਬਰਨਾਲਾ, 23 ਅਕਤੂਬਰ : ਝੋਨੇ ਦੀ ਪਰਾਲੀ ਨੂੰ ਖੇਤ ਵਿੱਚ ਮਿਲਾ ਕੇ ਕਣਕ ਦੀ ਬਿਜਾਈ ਕਰਨ ਲਈ ਸੁਪਰ ਸੀਡਰ, ਹੈਪੀਸੀਡਰ ਤੇ ਸਰਫੇਸ ਸੀਡਰ ਮਸੀਨਾਂ ਦੀ ਵਰਤੋਂ ਕੀਤੀ ਜਾ ਸਕਦੀ ਹੈ। ਡਾ. ਜਗਦੀਸ਼ ਸਿੰਘ ਮੁੱਖ ਖੇਤੀਬਾੜੀ ਅਫ਼ਸਰ ਬਰਨਾਲਾ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਝੋਨੇ ਦੀ ਫਸਲ ਦੀ ਕਟਾਈ ਤੋਂ ਬਾਅਦ ਫਸਲ ਦੀ ਰਹਿੰਦ ਖੂੰਹਦ/ ਪਰਾਲੀ ਵਿੱਚ ਮੌਜੂਦ ਖੁਰਾਕੀ ਤੱਤ, ਪਰਾਲੀ ਨੂੰ ਖੇਤ ਵਿੱਚ ਹੀ ਵੱਖ ਵੱਖ ਵਿਧੀਆਂ ਨਾਲ ਮਿਲਾ ਕੇ ਕਣਕ ਦੀ ਬਿਜਾਈ ਕਰਨ ਨਾਲ 5.5 ਕਿਲੋਗ੍ਰਾਮ ਨਾਈਟ੍ਰੋਜਨ,2.3 ਕਿਲੋਗ੍ਰਾਮ ਫਾਸਫੋਰਸ, 25 ਕਿਲੋਗ੍ਰਾਮ ਪੋਟਾਸ਼,1.2 ਕਿਲੋਗ੍ਰਾਮ ਸਲਫਰ ਅਤੇ 400 ਕਿਲੋਗ੍ਰਾਮ ਜੈਵਿਕ ਕਾਰਬਨ ਦਾ ਪ੍ਰਤੀ ਟਨ ਪਰਾਲੀ ਦੇ ਹਿਸਾਬ ਨਾਲ ਜਮੀਨ ਵਿੱਚ ਵਾਧਾ ਹੁੰਦਾ ਹੈ, ਜਿਸ ਨਾਲ ਜਮੀਨ ਦੀ ਉਪਜਾਊ ਸ਼ਕਤੀ ਵਿੱਚ ਸੁਧਾਰ ਹੁੰਦਾ ਹੈ ਅਤੇ ਖਾਦਾਂ ਦੀ ਵਰਤੋਂ ਘਟਣੀ ਸ਼ੁਰੂ ਹੋ ਜਾਂਦੀ ਹੈ। ਉਨ੍ਹਾਂ ਜਾਣਕਾਰੀ ਦਿੰਦਿਆਂ ਕਿਹਾ ਕਿ ਪਰਾਲੀ ਖੇਤ ਵਿੱਚ ਮਿਲਾਉਣ ਨਾਲ ਧਰਤੀ ਹੇਠਲੇ ਪਾਣੀ ਵਿੱਚੋਂ ਖੇਤ ਵਿੱਚ ਜਮ੍ਹਾਂ ਹੋਏ ਸ਼ੋਰੇ ਅਤੇ ਲੂਣਾਂ ਦੀ ਮੁਸ਼ਕਲ ਵੀ ਹੱਲ ਹੋ ਜਾਂਦੀ ਹੈ, ਜਮੀਨ ਦੀ ਪਾਣੀ ਜਜਬ ਕਰਨ ਅਤੇ ਸੋਖਣ ਦੀ ਸਮਰੱਥਾ ਵਿੱਚ ਸੁਧਾਰ ਹੁੰਦਾ ਹੈ ਅਤੇ ਫਸਲਾਂ ਦੀ ਪੈਦਾਵਾਰ ਵਿੱਚ ਵਾਧਾ ਹੁੰਦਾ ਹੈ। ਡਾ. ਜਗਦੀਸ਼ ਸਿੰਘ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਝੋਨੇ ਦੀ ਪਰਾਲੀ ਨੂੰ ਖੇਤ ਵਿੱਚ ਮਿਲਾ ਕੇ ਸੁਪਰ ਸੀਡਰ, ਹੈਪੀਸੀਡਰ ਤੇ ਸਰਫੇਸ ਸੀਡਰ ਮਸੀਨਾਂ ਦੀ ਵਰਤੋ ਨਾਲ ਕਣਕ ਦੀ ਬਿਜਾਈ ਕੀਤੀ ਜਾ ਸਕਦੀ ਹੈ। ਸੁਪਰਸੀਡਰ ਅਤੇ ਹੈਪੀਸੀਡਰ ਦੀ ਵਰਤੋਂ ਸਮੇਂ ਖੇਤ ਵਿੱਚ ਪੂਰੀ ਵੱਤਰ/ਗਿੱਲ ਦੀ ਜਰੂਰਤ ਹੁੰਦੀ ਹੈ।ਸਰਫੇਸ ਸੀਡਰ ਦੀ ਵਰਤੋਂ ਸੁੱਕੀ ਜਮੀਨ ਵਿੱਚ ਝੋਨੇ ਦੀ ਵਾਢੀ ਤੋਂ ਤੁਰੰਤ ਬਾਅਦ ਕਣਕ ਦੀ ਬਿਜਾਈ ਲਈ ਕੀਤੀ ਜਾਂਦੀ ਹੈ ਤੇ ਤੁਰੰਤ ਪਾਣੀ ਲਗਾ ਕੇ ਕਣਕ ਉਗਾਈ ਜਾਂਦੀ ਹੈ/ਹਰੀ ਕੀਤੀ ਜਾਂਦੀ ਹੈ। ਇਹ ਮਸ਼ੀਨਾਂ ਜਿਲ੍ਹੇ ਵਿੱਚ ਵੱਡੀ ਗਿਣਤੀ ਵਿੱਚ ਕਿਸਾਨਾਂ ਕੋਲ, ਕਿਸਾਨ ਗਰੁੱਪਾਂ ਕੋਲ ਅਤੇ ਕੋ—ਆਪਰੇਟਿਵ ਸੁਸਾਇਟੀਆਂ ਵਿੱਚ ਉਪਲੱਬਧ ਹਨ।ਉਨਾਂ ਕਿਹਾ ਕਿ ਇਨਾਂ ਮਸ਼ੀਨਾਂ ਨਾਲ ਵਾਢੀ ਤੋਂ ਬਾਅਦ ਤੁਰੰਤ ਬਿਜਾਈ ਕੀਤੀ ਜਾ ਸਕਦੀ ਹੈ ਅਤੇ ਇਸ ਨਾਲ ਸਮੇਂ ਦੀ ਬਚਤ ਹੁੰਦੀ ਹੈ ਤੇ ਝਾੜ ਵਿੱਚ ਵਾਧਾ ਹੁੰਦਾ ਹੈ। ਡਾ. ਜਗਦੀਸ਼ ਸਿਘ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਪਰਾਲੀ ਦਾ ਸੁੱਚਜਾ ਪ੍ਰਬੰਧਨ ਕਰਨ ਲਈ ਖੇਤੀ ਮਸ਼ੀਨਰੀ ਦੀ ਵੱਧ ਤੋਂ ਵੱਧ ਵਰਤੋਂ ਕੀਤੀ ਜਾਵੇ, ਜਿਨ੍ਹਾਂ ਕਿਸਾਨਾਂ ਕੋਲ ਖੇਤੀ ਮਸ਼ੀਨਰੀ ਨਹੀਂ ਹੈ, ਉਹ ਕਿਸਾਨ ਆਪਣੇ ਪਿੰਡ ਦੀਆਂ ਕੋ—ਅਪਰੇਟਿਵ ਸੁਸਾਇਟੀਆਂ ਜਾਂ ਖੇਤੀਬਾੜੀ ਵਿਭਾਗ ਨਾਲ ਸੰਪਰਕ ਕਰਕੇ ਖੇਤੀ ਮਸ਼ੀਨਰੀ ਲੈ ਕੇ ਪਰਾਲੀ ਦਾ ਸੁੱਚਜਾ ਪ੍ਰਬੰਧਨ ਕਰਕੇ ਵਾਤਾਵਰਣ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾ ਕੇ ਧਰਤੀ ਦੀ ਸਿਹਤ ਵਿੱਚ ਸੁਧਾਰ ਕੀਤਾ ਜਾ ਸਕਦਾ ਹੈ।