- ਚੇਅਰਮੈਨ ਨੇ ਕੀਤਾ ਆਈ.ਟੀ.ਆਈ ਅਤੇ ਆਰਟ ਐਂਡ ਕਰਾਫਟ ਟੀਚਰਜ ਟ੍ਰੇਨਿੰਗ ਸੰਸਥਾ ਦਾ ਦੌਰਾ
- ਦੇਰੀ ਨਾਲ ਆਉਣ ਵਾਲੇ ਮੁਲਾਜਮਾਂ ਨੂੰ ਸਮੇਂ ਸਿਰ ਪੁੱਜਣ ਦੀ ਹਦਾਇਤ
ਨਾਭਾ, 26 ਜੂਨ : ਜ਼ਿਲ੍ਹਾ ਯੋਜਨਾ ਕਮੇਟੀ ਪਟਿਆਲਾ ਦੇ ਚੇਅਰਮੈਨ ਜਸਵੀਰ ਸਿੰਘ ਜੱਸੀ ਸੋਹੀਆਂ ਵਾਲਾ ਨੇ ਸਵੇਰੇ 7.20 ਵਜੇ ਨਾਭਾ ਦੀ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ (ਆਈ.ਟੀ.ਆਈ. ਲੜਕੇ) ਅਤੇ ਆਰਟ ਐਂਡ ਕਰਾਫਟ ਟੀਚਰਜ ਟ੍ਰੇਨਿੰਗ ਸੰਸਥਾ ਦਾ ਦੌਰਾ ਕੀਤਾ ਅਤੇ ਦਫ਼ਤਰੀ ਸਮੇਂ ਤੋਂ ਦੇਰੀ ਨਾਲ ਆਉਣ ਵਾਲੇ ਮੁਲਾਜਮਾਂ ਨੂੰ ਸਰਕਾਰ ਦੇ ਹੁਕਮਾਂ ਤਹਿਤ ਸਮੇਂ ਸਿਰ ਪੁੱਜਣ ਦੀ ਹਦਾਇਤ ਕੀਤੀ।ਇਸ ਮੌਕੇ ਚੇਅਰਮੈਨ ਨੇ ਇਹਨਾਂ ਸੰਸਥਾਵਾਂ ਵਿੱਚ ਟ੍ਰੇਨਿੰਗ ਅਤੇ ਕੋਰਸ ਕਰ ਰਹੇ ਵਿਦਿਆਰਥੀਆ ਗੱਲਬਾਤ ਵੀ ਕੀਤੀ। ਆਪਣੇ ਦੌਰੇ ਮੌਕੇ ਚੇਅਰਮੈਨ ਜੱਸੀ ਸੋਹੀਆਂ ਵਾਲਾ ਨੇ ਕਿਹਾ ਕਿ ਪੰਜਾਬ ਸਰਕਾਰ ਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਅਤੇ ਤਕਨੀਕੀ ਸਿੱਖਿਆ ਮੰਤਰੀ ਹਰਜੋਤ ਬੈਂਸ ਦੀ ਦੇਖ ਰੇਖ ਹੇਠ ਵਿਭਾਗ ਵਲੋਂ ਸਾਡੇ ਸੂਬੇ ਦੇ ਨੌਜਵਾਨਾਂ ਨੂੰ ਹੁਨਰਮੰਦ ਬਣਾ ਕੇ ਜਿਥੇ ਸਵੈ ਰੋਜ਼ਗਾਰ ਦੇ ਕਾਬਲ ਬਣਾ ਕੇ ਹੋਰਨਾਂ ਨੂੰ ਨੌਕਰੀਆਂ ਦੇਣ ਦੇ ਯੋਗ ਬਣਾਇਆ ਜਾ ਰਿਹਾ ਹੈ ਓਥੇ ਹੀ ਸਾਡੇ ਨੌਜਵਾਨ ਚੰਗੀਆਂ ਕੰਪਨੀਆਂ ਸਮੇਤ ਸਰਕਾਰੀ ਵਿਭਾਗਾਂ ਵਿਚ ਵੀ ਨੌਕਰੀਆਂ ਹਾਸਲ ਕਰ ਰਹੇ ਹਨ। ਇਸ ਤੋਂ ਪਹਿਲਾਂ ਚੇਅਰਮੈਨ ਨੇ ਸੰਸਥਾ ਦੇ ਥਿਊਰੀ ਰੂਮਾਂ ਅਤੇ ਵਰਕਸ਼ਾਪ ਸੈਕਸ਼ਨ ਦਾ ਵੀ ਦੌਰਾ ਕੀਤਾ, ਜਿਸ ਦੌਰਾਨ ਕੇਵਲ ਸਿੰਘ ਟ੍ਰੇਨਿੰਗ ਅਫ਼ਸਰ ਤੋਂ ਸੰਸਥਾ ਵਿਚ ਚੱਲ ਰਹੇ ਇਲੈਕਟ੍ਰੀਸ਼ਨ, ਵੈਲਡਰ, ਫਿਟਰ, ਮੋਟਰ ਮਕੈਨਿਕ, ਟਰਨਰ, ਮਿਲਕ ਐਂਡ ਮਿਲਕ, ਸੀ ਐੱਚ ਐਨ ਐਮ, ਕੋਰਸਾਂ ਬਾਰੇ ਜਾਣਕਾਰੀ ਪ੍ਰਾਪਤ ਕਰਦਿਆਂ ਦਾਖ਼ਲੇ ਦੀ ਆਨਲਾਈਨ ਸੂਚੀਆਂ ਦਾ ਜਾਇਜ਼ਾ ਲਿਆ। ਕੇਵਲ ਸਿੰਘ ਟ੍ਰੇਨਿੰਗ ਅਫ਼ਸਰ ਨੇ ਕਲਾਸ ਫ਼ੋਰ ਦੀ ਘਾਟ ਤੋਂ ਜਾਣੂ ਕਰਵਾਇਆ, ਜਿਸ ਦਾ ਚੇਅਰਮੈਨ ਜੱਸੀ ਸੋਹੀਆਂ ਵਾਲਾ ਨੇ ਜਲਦੀ ਤੋਂ ਜਲਦੀ ਹੱਲ ਕਰਨ ਦਾ ਭਰੋਸਾ ਦਿੱਤਾ। ਇਸ ਦੌਰਾਨ ਆਰਟ ਐਂਡ ਕਰਾਫਟ ਟੀਚਰਜ ਟ੍ਰੇਨਿੰਗ ਸੈਂਟਰ ਦੇ ਪ੍ਰਿੰਸੀਪਲ ਅਵਤਾਰ ਸਿੰਘ ਨੇ ਚੱਲ ਰਹੇ ਆਰਟ ਐਂਡ ਕਰਾਫਟ ਟੀਚਰ ਟ੍ਰੇਨਿੰਗ, ਕੋਪਾ, ਬੇਸ਼ਕ ਕੋਸਮੈਟੈਲੋਜੀ ਬਾਰੇ ਜਾਣਕਾਰੀ ਦਿੱਤੀ ਅਤੇ ਸੰਸਥਾ ਵਿਖੇ ਆ ਰਹੀਆਂ ਮੁਸ਼ਕਿਲਾਂ ਬਾਰੇ ਦੱਸਿਆ, ਇਸ 'ਤੇ ਚੇਅਰਮੈਨ ਨੇ ਭਰੋਸਾ ਦਿੱਤਾ ਕਿ ਇਸਨੂੰ ਜਲਦੀ ਤੋਂ ਜਲਦੀ ਹੱਲ ਕਰਵਾਇਆ ਜਾਵੇਗਾ।