- 607 ਥਾਂਵਾਂ ਤੇ ਮੱਛਰਾਂ ਦਾ ਲਾਰਵਾ ਪਾਏ ਜਾਣ ਤੇ ਕਰਵਾਇਆ ਨਸ਼ਟ
- ਡੇਂਗੂ ਤੋਂ ਬਚਾਅ ਲਈ ਸਾਵਧਾਨੀਆਂ ਵਰਤਣੀਆਂ ਜ਼ਰੂਰੀ : ਸਿਵਲ ਸਰਜਨ
ਪਟਿਆਲਾ 21 ਜੁਲਾਈ : ਡੇਂਗੂ ਬਿਮਾਰੀ ਦੀ ਰੋਕਥਾਮ ਲਈ ਚਲਾਏ ਜਾ ਰਹੇ ਹਰੇਕ ਹਫ਼ਤੇ ਫਰਾਈਡੇ-ਡਰਾਈਡੇ ਅਭਿਆਨ ਤਹਿਤ ਸਿਵਲ ਸਰਜਨ ਡਾ. ਰਮਿੰਦਰ ਕੌਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਸ਼ਹਿਰ ਦੀ ਦਰਸ਼ਨ ਕਲੋਨੀ, ਬਿੰਦਰਾ ਕਲੋਨੀ, ਜੁਝਾਰ ਨਗਰ, ਕਰਤਾਰ ਪਾਰਕ ਕਲੋਨੀ, ਆਤਮਾ ਰਾਮ ਕੁਮਾਰ ਸਭਾ ਸਕੂਲ, ਟੋਭਾ ਧਿਆਨਾ, ਗੰਗਾ ਵਿਹਾਰ ਅਤੇ ਸਫਾਬਾਦੀ ਗੇਟ ਪਟਿਆਲਾ ਆਦਿ ਵਿੱਚ ਡੇਂਗੂ ਲਾਰਵੇ ਦੀ ਜਾਂਚ ਲਈ ਪਾਣੀ ਦੇ ਖੜੇ ਸਰੋਤਾਂ ਦੀ ਚੈਕਿੰਗ ਕੀਤੀ ਅਤੇ ਲਾਰਵੀਸਾਈਡ ਸਪਰੇਅ ਕੀਤੀ ਗਈ। ਇਹਨਾਂ ਟੀਮਾਂ ਦਾ ਜ਼ਿਲ੍ਹਾ ਐਪੀਡੋਮੋਲੋਜਿਸਟ ਡਾ. ਸੁਮੀਤ ਸਿੰਘ ਵੱਲੋਂ ਫੀਲਡ ਵਿੱਚ ਜਾ ਕੇ ਵੀ ਨਿਰੀਖਣ ਕੀਤਾ। ਸਿਵਲ ਸਰਜਨ ਡਾ. ਰਮਿੰਦਰ ਕੌਰ ਨੇ ਦੱਸਿਆ ਕਿ ਅੱਜ ਮੁਹਿੰਮ ਅਧੀਨ ਸਿਹਤ ਟੀਮਾਂ ਵੱਲੋਂ ਜ਼ਿਲ੍ਹੇ ਦੇ 30812 ਘਰਾਂ ਵਿਚ ਪਹੁੰਚ ਕੇ ਡੇਂਗੂ ਲਾਰਵੇ ਦੀ ਚੈਕਿੰਗ ਕੀਤੀ ਗਈ ਅਤੇ 607 ਥਾਂਵਾਂ ਤੇ ਮਿਲਿਆ ਲਾਰਵੇ ਨੂੰ ਟੀਮਾਂ ਵੱਲੋਂ ਮੌਕੇ ਤੇ ਹੀ ਨਸ਼ਟ ਕਰਵਾ ਦਿੱਤਾ ਗਿਆ। ਉਹਨਾਂ ਦੱਸਿਆ ਕਿ ਹੁਣ ਤੱਕ ਸਿਹਤ ਟੀਮਾਂ ਵੱਲੋਂ ਖ਼ੁਸ਼ਕ ਦਿਵਸ ਮੁਹਿੰਮ ਤਹਿਤ 3 ਲੱਖ 65 ਹਜ਼ਾਰ ਤੋਂ ਵੱਧ ਘਰਾਂ ਦਾ ਸਰਵੇ ਕੀਤਾ ਜਾ ਚੁੱਕਾ ਹੈ ,ਜਿਸ ਵਿੱਚ 3152 ਥਾਵਾਂ ਤੋਂ ਮੱਛਰਾਂ ਦੀ ਪੈਦਾਇਸ਼ ਦੇ ਸਰੋਤ ਖ਼ਤਮ ਕਰਵਾਏ ਗਏ ਹਨ ਅਤੇ ਇਹ ਗਤੀਵਿਧੀਆਂ ਲਗਾਤਾਰ ਜਾਰੀ ਹਨ। ਉਹਨਾਂ ਕਿਹਾ ਕਿ ਇਸ ਸੀਜ਼ਨ ਦੌਰਾਨ ਜ਼ਿਲ੍ਹੇ ਵਿੱਚ ਹੁਣ ਤੱਕ ਸੱਤ ਡੇਂਗੂ ਦੇ ਕੇਸ ਰਿਪੋਰਟ ਹੋਏ ਹਨ। ਬੀਤੇ ਕੁੱਝ ਦਿਨਾਂ ਤੋਂ ਹੜ੍ਹਾਂ ਕਾਰਨ ਤੇ ਰੁਕ ਰੁਕ ਕੇ ਹੋ ਰਹੀ ਬਾਰਸ਼ ਕਾਰਨ ਨੀਵੇਂ ਥਾਂਵਾਂ ਅਤੇ ਘਰਾਂ ਵਿੱਚ ਖੁੱਲ੍ਹੇ ਚ ਪਏ ਕਬਾੜ ਸਮਾਨ ਵਿੱਚ ਪਾਣੀ ਇਕੱਠਾ ਹੋਣ ਕਾਰਨ ਅਤੇ ਹਵਾ ਵਿੱਚ ਨਮੀ ਹੋਣ ਕਾਰਨ ਮੱਛਰਾਂ ਦੀ ਪੈਦਾਇਸ਼ ਲਈ ਅਨੁਕੂਲ ਵਾਤਾਵਰਣ ਕਾਰਨ ਮੱਛਰਾਂ ਦੀ ਪੈਦਾਇਸ਼ ਦਾ ਵਧਣਾ ਸੁਭਾਵਿਕ ਹੈ। ਇਸ ਲਈ ਡੇਂਗੂ ਦੇ ਫੈਲਣ ਤੋਂ ਰੋਕਣ ਲਈ ਪਾਣੀ ਦੀ ਖੜੋਤ ਨੂੰ ਹਫ਼ਤੇ ਚ ਇੱਕ ਵਾਰੀ ਖ਼ਤਮ ਕਰਨਾ ਯਕੀਨੀ ਬਣਾਇਆ ਜਾਵੇ।
ਜ਼ਿਲ੍ਹਾ ਐਪੀਡੋਲੋਜਿਸਟ ਡਾ. ਸੁਮੀਤ ਸਿੰਘ ਨੇ ਕਿਹਾ ਕਿਸੇ ਕਿਸਮ ਦਾ ਬੁਖ਼ਾਰ ਹੋਣ ਜਾਂਚ ਯਕੀਨੀ ਬਣਾਈ ਜਾਵੇ ਜੋ ਕਿ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਮੁਫ਼ਤ ਉਪਲਬਧ ਹੈ ਅਤੇ ਬੁਖ਼ਾਰ ਹੋਣ ਦੀ ਸੂਰਤ ਵਿੱਚ ਪੈਰਾਸੀਟਾਮੋਲ ਦੀ ਗੋਲੀ ਹੀ ਲਈ ਜਾਵੇ ਅਤੇ ਹੋਰ ਦਵਾਈ ਡਾਕਟਰੀ ਸਲਾਹ ਨਾਲ ਹੀ ਲਈ ਜਾਵੇ । ਉਹਨਾਂ ਕਿਹਾ ਕਿ ਡੇਂਗੂ ਕਿ ਇੱਕ ਵਾਇਰਲ ਬੁਖ਼ਾਰ ਹੈ ਜੋ ਕਿ ਏਡੀਜ ਮੱਛਰ ਦੇ ਦਿਨ ਵੇਲੇ ਕੱਟਣ ਤੇ ਫੈਲਦਾ ਹੈ ਅਤੇ ਇਹ ਮੱਛਰ ਸਾਫ਼ ਖੜੇ ਪਾਣੀ ਵਿਚ ਪੈਦਾ ਹੁੰਦਾ ਹੈ। ਉਹਨਾਂ ਲੋਕਾਂ ਨੂੰ ਮੱਛਰਾਂ ਦੀ ਪੈਦਾਇਸ਼ ਨੂੰ ਰੋਕਣ ਲਈ ਆਪਣੇ ਘਰਾਂ ਦੀਆਂ ਛੱਤਾਂ ਜਾਂ ਵਿਹੜੇ ਵਿੱਚ ਪਏ ਟੁੱਟੇ-ਫ਼ੁੱਟੇ ਬਰਤਨਾਂ ਨੂੰ ਮੂਧਾ ਮਾਰਨ ਜਾਂ ਨਸ਼ਟ ਕਰਨ, ਗਮਲਿਆਂ, ਕੂਲਰਾਂ,ਫ਼ਰਿਜਾਂ ਦੀਆਂ ਟਰੇਆਂ ਨੂੰ ਸਾਫ਼ ਕਰਨਾ ਯਕੀਨੀ ਬਣਾਉਣ ਅਤੇ ਸਰੀਰ ਨੂੰ ਢੱਕਣ ਵਾਲੇ ਕੱਪੜੇ ਪਾਉਣ ਦੀ ਅਪੀਲ ਕੀਤੀ।