- ਨੈਸ਼ਨਲ ਮਿਡਵਾਈਫ ਐਜੂਕੇਟਰਜ਼ ਦੀ ਸਿਖਲਾਈ ਲਈ ਮਿਡਵਾਈਫਰੀ ਵਰਚੁਅਲ ਰਿਐਲਿਟੀ ਸਿਮੂਲੇਸ਼ਨ ਲੈਬ ਦਾ ਜਾਇਜ਼ਾ
- ਪਟਿਆਲਾ ਦੀ ਇੰਸਟੀਚਿਊਟ ਮਿਡਵਾਈਫਰੀ ਐਜੂਕੇਟਰਜ਼ ਦੇ ਕਾਡਰ ਨੂੰ ਸਿਖਲਾਈ ਦੇਣ ਵਾਲੀ ਦੇਸ਼ ਦੀ ਤੀਜੀ ਸੰਸਥਾ
ਪਟਿਆਲਾ, 28 ਜੂਨ : ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਨੈਸ਼ਨਲ ਮਿਡਵਾਈਫਰੀ ਟਰੇਨਿੰਗ ਇੰਸਟੀਚਿਊਟ (ਐਨ.ਐਮ.ਟੀ.ਆਈ.) ਪਟਿਆਲਾ ਦਾ ਦੌਰਾ ਕੀਤਾ ਅਤੇ ਨੈਸ਼ਨਲ ਮਿਡਵਾਈਫ ਐਜੂਕੇਟਰਜ਼ (ਐਨ.ਐਮ.ਈ.) ਦੀ ਸਿਖਲਾਈ ਲਈ ਤਿਆਰ ਕੀਤੀ ਆਉਣ ਵਾਲੀ ਮਿਡਵਾਈਫਰੀ ਵਰਚੁਅਲ ਰਿਐਲਿਟੀ (ਵੀਆਰ) ਸਿਮੂਲੇਸ਼ਨ ਲੈਬ ਦਾ ਨਿਰੀਖਣ ਕੀਤਾ। ਇਸ ਮੌਕੇ ਸਿਹਤ ਮੰਤਰੀ ਨੇ ਇਸ ਅਤਿ-ਆਧੁਨਿਕ ਟਰੇਨਿੰਗ ਇੰਸਟੀਚਿਊਟ ਦੇ ਪ੍ਰਬੰਧਾਂ ਤੇ ਸਿਖਲਾਈ ਦੀ ਸ਼ਲਾਘਾ ਕਰਦਿਆਂ ਮਿਡਵਾਈਫ਼ ਐਜੂਕੇਟਰਾਂ, ਐਨ.ਐਮ.ਟੀ.ਆਈ. ਅਤੇ ਯੂ.ਐਨ.ਐਫ.ਪੀ.ਏ. ਟੀਮ ਨਾਲ ਗੱਲਬਾਤ ਵੀ ਕੀਤੀ। ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਸੂਬਾ ਨਿਵਾਸੀਆਂ ਨੂੰ ਬਿਹਤਰ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਆਪਣੀ ਵਚਨਬੱਧਤਾ ਨੂੰ ਪੂਰਾ ਕਰ ਰਹੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਪਟਿਆਲਾ ਵਿਖੇ ਨੈਸ਼ਨਲ ਮਿਡਵਾਈਫਰੀ ਟਰੇਨਿੰਗ ਇੰਸਟੀਚਿਊਟ ਭਾਰਤ ਵਿੱਚ ਨੈਸ਼ਨਲ ਮਿਡਵਾਈਫਰੀ ਐਜੂਕੇਟਰਜ਼ ਦੇ ਕਾਡਰ ਨੂੰ ਸਿਖਲਾਈ ਦੇਣ ਲਈ ਸ਼ੁਰੂ ਕੀਤੀ ਗਈ ਤੀਜੀ ਸੰਸਥਾ ਹੈ। ਡਾ. ਬਲਬੀਰ ਸਿੰਘ ਨੇ ਕਿਹਾ ਕਿ ਮਿਡਵਾਈਫਰੀ ਪਹਿਲਕਦਮੀ ਹੈਲਥਕੇਅਰ ਸੁਵਿਧਾਵਾਂ 'ਤੇ ਸਧਾਰਣ ਜਨਮ ਅਤੇ ਬਿਹਤਰ ਜਣੇਪਾ ਦੇਖਭਾਲ ਨੂੰ ਉਤਸ਼ਾਹਿਤ ਕਰਨ ਲਈ ਪ੍ਰਮੁੱਖ ਪ੍ਰੋਗਰਾਮਾਂ ਵਿੱਚੋਂ ਇੱਕ ਹੈ।ਉਨ੍ਹਾਂ ਕਿਹਾ ਕਿ ਐਨ.ਐਮ.ਟੀ.ਆਈ. ਪਟਿਆਲਾ ਵਿਖੇ ਮਿਡਵਾਈਫਰੀ ਇਨੀਸ਼ੀਏਟਿਵ ਦੇ ਸੰਚਾਲਨ ਅਤੇ ਮਿਡਵਾਈਫਰੀ ਵੀ.ਆਰ. ਸਿਮੂਲੇਸ਼ਨ ਲੈਬ ਨੂੰ ਸੰਯੁਕਤ ਰਾਸ਼ਟਰ ਆਬਾਦੀ ਫੰਡ ਰਾਹੀਂ ਪੰਜਾਬ ਸਰਕਾਰ ਦੀ ਭਾਈਵਾਲੀ ਨਾਲ ਚਲਾਇਆ ਜਾ ਰਿਹਾ ਹੈ। ਸਿਹਤ ਮੰਤਰੀ ਨੇ ਦੱਸਿਆ ਕਿ ਹੈਲਥਕੇਅਰ ਵਿੱਚ ਵਰਚੁਅਲ ਰਿਐਲਿਟੀ ਨੂੰ ਟੈਕਨਾਲੋਜੀ-ਅਧਾਰਤ ਸਿਮੂਲੇਸ਼ਨ ਸਿਖਲਾਈ ਵਿਧੀ ਵਜੋਂ ਮਾਨਤਾ ਪ੍ਰਾਪਤ ਹੈ ਜੋ ਸਿਹਤ ਸੰਭਾਲ ਕਰਮਚਾਰੀਆਂ ਨੂੰ ਸਿਖਲਾਈ ਦੇਣ ਲਈ ਅਸਲ ਕਲੀਨਿਕਲ ਵਾਤਾਵਰਣ ਦੀ ਵਰਚੂਅਲ ਨਕਲ ਹੈ।ਇਸ ਵਿਧੀ ਦੀ ਵਰਤੋਂ ਰਾਹੀਂ, ਨਰਸਿੰਗ ਅਮਲਾ, ਲੇਬਰ ਰੂਮਾਂ ਵਿੱਚ ਅਸਲੀਅਤ ਵਾਂਗ ਵਰਚੁਅਲ ਵਾਤਾਵਰਨ ਵਿੱਚ ਗੱਲਬਾਤ ਕਰ ਸਕਦੀਆਂ ਹਨ ਅਤੇ ਸਿਖਲਾਈ ਦਿਸ਼ਾ-ਨਿਰਦੇਸ਼ਾਂ ਦੀ ਵਰਤੋਂ ਕਰਕੇ ਡਿਲਿਵਰੀ ਕਰਵਾਉਣ ਦਾ ਅਭਿਆਸ ਕਰ ਸਕਦੀਆਂ ਹਨ। ਇਹ ਪ੍ਰੋਗਰਾਮ ਹੁਨਰ ਲੈਬਾਂ ਵਿੱਚ ਨਰਸਿੰਗ ਅਮਲੇ ਨੂੰ ਸਿਖਲਾਈ ਦੇਣ ਦੇ ਰਵਾਇਤੀ ਢੰਗ ਦੇ ਨਾਲ-ਨਾਲ ਸਿਖਲਾਈ ਲਈ ਇੱਕ ਅਤਿਆਧੁਨਿਕ ਸਾਧਨ ਵਜੋਂ ਵੀ ਸਹਾਇਤਾ ਕਰੇਗਾ। ਇਸ ਮੌਕੇ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਮਿਸ਼ਨ ਡਾਇਰੈਕਟਰ ਪ੍ਰਦੀਪ ਅਗਰਵਾਲ, ਏ.ਡੀ.ਸੀ. (ਦਿਹਾਤੀ ਵਿਕਾਸ) ਅਨੁਪ੍ਰਿਤਾ ਜੌਹਲ,ਐਸ.ਡੀ.ਐਮ. ਚਰਨਜੀਤ ਸਿੰਘ, ਕਰਨਲ ਜੇ.ਵੀ. ਸਿੰਘ, ਬਲਵਿੰਦਰ ਸੈਣੀ, ਡਾ. ਜਤਿੰਦਰ ਕਾਂਸਲ, ਸਿਵਲ ਸਰਜਨ ਡਾ. ਰਮਿੰਦਰ, ਮਾਤਾ ਕੌਸ਼ਲਿਆ ਹਸਪਤਾਲ ਦੇ ਐਮ.ਐਸ. ਡਾ. ਜਗਪਾਲਇੰਦਰ ਸਿੰਘ, ਸਟੇਟ ਪ੍ਰੋਗਰਾਮ ਅਫ਼ਸਰ ਮੈਟੇਰਨਲ ਅਤੇ ਚਾਇਲਡ ਹੈਲਥ ਡਾ. ਇੰਦਰਦੀਪ ਕੌਰ, ਸਕੂਲ ਆਫ਼ ਨਰਸਿੰਗ ਦੀ ਪ੍ਰਿੰਸੀਪਲ ਪਰਮਜੀਤ ਕੌਰ ਵੀ ਹਾਜ਼ਰ ਸਨ।