- ਕਿਹਾ, ਬਿਹਤਰ ਸਿਹਤ ਤੇ ਸਿੱਖਿਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਦੀ ਮੁੱਖ ਤਰਜੀਹ
- ਸਕੂਲਾਂ ਤੋਂ ਵਾਂਝੇ ਤੇ ਪੜ੍ਹਾਈ ਛੱਡ ਚੁੱਕੇ ਬੱਚਿਆਂ ਨੂੰ ਸਕੂਲਾਂ 'ਚ ਪਹੁੰਚਾਉਣ ਲਈ 26 ਲੱਖ ਰੁਪਏ ਦੀ ਲਾਗਤ ਨਾਲ 22 ਈ-ਰਿਕਸ਼ਾ ਸਵੈ ਸਹਾਇਤਾ ਸਮੂਹਾਂ ਦੀਆਂ ਮੈਂਬਰ ਔਰਤਾਂ ਨੂੰ ਸੌਂਪੇ
ਪਟਿਆਲਾ, 8 ਜੁਲਾਈ 2024 : ਸਕੂਲਾਂ ਤੋਂ ਵਾਂਝੇ ਤੇ ਪੜ੍ਹਾਈ ਛੱਡ ਚੁੱਕੇ ਬੱਚਿਆਂ ਨੂੰ ਮੁੜ ਸਕੂਲਾਂ ਤੱਕ ਪਹੁੰਚਾਉਣ ਦੇ ਟੀਚੇ ਨੂੰ ਹਾਸਲ ਕਰਨ ਲਈ ਪਟਿਆਲਾ ਜ਼ਿਲ੍ਹਾ ਪ੍ਰਾਸ਼ਸਨ ਵੱਲੋਂ ਅਰੰਭੇ ਇੱਕ ਨਿਵੇਕਲੇ ਪ੍ਰਾਜੈਕਟ ਦੀ 'ਨਵੀਆਂ ਰਾਹਾਂ' ਦੀ ਸ਼ੁਰੂਆਤ ਅੱਜ ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਕਰਵਾਈ। ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਇੱਕ ਸਮਾਰੋਹ ਦੌਰਾਨ 'ਪੜ੍ਹਨਾ ਹੈ-ਪੜ੍ਹਾਣਾ ਹੈ, ਸਭ ਨੂੰ ਨਾਲ ਲੈਕੇ ਜਾਣਾ ਹੈ' ਤਹਿਤ ਸਿਹਤ ਮੰਤਰੀ ਡਾ. ਬਲਬੀਰ ਸਿੰਘ ਅਤੇ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਨੇ ਨਵੀਆਂ ਰਾਹਾਂ ਪ੍ਰਾਜੈਕਟ ਅਧੀਨ ਐਸ.ਸੀ. ਕਾਰਪੋਰੇਸ਼ਨ ਤੇ ਮਣਕੂ ਐਗਰੋਟੈਕ ਪ੍ਰਾਈਵੇਟ ਲਿਮਟਿਡ ਸਮਾਣਾ ਦੇ ਐਮ.ਡੀ. ਸੁਖਵਿੰਦਰ ਸਿੰਘ ਮਣਕੂਵੱਲੋਂ ਸੀ.ਐਸ.ਆਰ. ਫੰਡ 15 ਲੱਖ ਰੁਪਏ ਦੇ ਸਹਿਯੋਗ ਸਦਕਾ 26 ਲੱਖ ਰੁਪਏ ਨਾਲ ਖਰੀਦੇ 22 ਈ-ਰਿਕਸ਼ੇ ਸਵੈ ਸਹਾਇਤਾ ਸਮੂਹਾਂ ਦੀਆਂ ਮੈਂਬਰ ਔਰਤਾਂ ਨੂੰ ਪ੍ਰਦਾਨ ਕੀਤੇ। ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਸਮੁੱਚੇ ਪ੍ਰਾਜੈਕਟ ਦੀ ਸਫ਼ਲਤਾ ਲਈ ਜ਼ਿਲ੍ਹਾ ਪ੍ਰਸ਼ਾਸਨ ਤੇ ਲਾਭਪਾਤਰੀ ਮਹਿਲਾਵਾਂ ਨੂੰ ਵਧਾਈ ਦਿੰਦਿਆਂ ਦੱਸਿਆ ਕਿ ਆਪਣੇ ਨਾਗਰਿਕਾਂ ਨੂੰ ਬਿਹਤਰ ਸਿਹਤ ਤੇ ਸਿੱਖਿਆ ਪ੍ਰਦਾਨ ਕਰਨਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਦੀ ਮੁੱਖ ਤਰਜੀਹ ਹੈ, ਇਸ ਲਈ ਸਰਕਾਰ ਵੱਲੋਂ ਇਨ੍ਹਾਂ ਦੋਵਾਂ ਦੇ ਬਿਹਤਰ ਬੁਨਿਆਦੀ ਢਾਂਚੇ ਨੂੰ ਪ੍ਰਫੁਲਤ ਕਰਨ ਲਈ ਅਹਿਮ ਉਪਰਾਲੇ ਕੀਤੇ ਜਾ ਰਹੇ ਹਨ। ਡਾ. ਬਲਬੀਰ ਸਿੰਘ ਨੇ ਈ-ਰਿਕਸ਼ੇ ਹਾਸਲ ਕਰਨ ਵਾਲੀਆਂ ਔਰਤਾਂ ਨੂੰ ਸਿੱਖਿਆ ਲਈ ਬਣਾਏ ਇਸ ਪ੍ਰਾਜੈਕਟ ਦੀਆਂ ਬ੍ਰਾਂਡ ਅੰਬੈਸਡਰ ਦੱਸਦਿਆਂ ਕਿਹਾ ਕਿ ਸਾਨੂੰ ਸਭ ਨੂੰ ਰਲਕੇ ਹੰਭਲਾ ਮਾਰਨ ਦੀ ਲੋੜ ਹੈ ਤਾਂ ਹੀ ਅਸੀਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਚਿਤਵੇ 'ਰੰਗਲਾ ਪੰਜਾਬ' ਦੇ ਸੁਪਨੇ ਨੂੰ ਸਾਕਾਰ ਕਰ ਸਕਦੇ ਹਾਂ। ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਨੇ ਦੱਸਿਆ ਕਿ ਜ਼ਿਲ੍ਹੇ ਦੇ ਦਿਹਾਤੀ ਤੇ ਸ਼ਹਿਰੀ ਖੇਤਰਾਂ ਦੇ ਸਲੰਮ ਏਰੀਆ ਦੇ 6 ਬਲਾਕਾਂ ਦੇ 12 ਸਕੂਲਾਂ ਲਈ ਸੈਲਫ ਹੈਲਪ ਗਰੁੱਪਾਂ ਦੀਆਂ 22 ਮਹਿਲਾ ਮੈਂਬਰਾਂ ਨੂੰ ਕੌਮੀ ਦਿਹਾਤੀ ਆਜੀਵਿਕਾ ਮਿਸ਼ਨ ਤੇ ਕੌਮੀ ਸ਼ਹਿਰੀ ਅਜੀਵਿਕਾ ਮਿਸ਼ਨ ਤਹਿਤ ਇਹ ਈ-ਰਿਕਸ਼ੇ ਪ੍ਰਦਾਨ ਕੀਤੇ ਹਨ, ਜੋ ਕਿ ਆਪਣੀ ਰੋਜ਼ੀ ਰੋਟੀ ਕਮਾਉਣ ਦੇ ਨਾਲ-ਨਾਲ ਇਨ੍ਹਾਂ ਸਕੂਲਾਂ ਦੇ ਵਿਦਿਆਰਥੀਆਂ ਦੇ ਸਕੂਲ ਆਉਣ ਤੇ ਜਾਣ 'ਚ ਵੀ ਸਹਿਯੋਗ ਕਰਨਗੀਆਂ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ 400 ਬੱਚੇ ਇਸ ਸੇਵਾ ਦਾ ਲਾਭ ਲੈਣਗੇ ਜਦਕਿ 160 ਬੱਚਿਆਂ ਲਈ ਧਬਲਾਨ ਤੇ ਮਸੀਂਗਣ ਵਿਖੇ ਬੈਂਬੂ ਸਕੂਲ ਵੀ ਬਣਵਾਏ ਗਏ ਹਨ ਤਾਂ ਕਿ ਭੱਠਿਆਂ 'ਤੇ ਕੰਮ ਕਰਦੇ ਮਜ਼ਦੂਰਾਂ ਦੇ ਬੱਚੇ ਸਿੱਖਿਆ ਤੋਂ ਵਿਰਵੇ ਨਾ ਰਹਿ ਜਾਣ। ਏ.ਡੀ.ਸੀ. ਦਿਹਾਤੀ ਵਿਕਾਸ ਡਾ. ਹਰਜਿੰਦਰ ਸਿੰਘ ਬੇਦੀ ਨੇ ਇਸ ਪ੍ਰਾਜੈਕਟ ਨੂੰ ਸਿਰੇ ਚੜ੍ਹਾਉਣ ਲਈ ਯੋਗਦਾਨ ਪਾਉਣ ਵਾਲਿਆਂ ਦਾ ਧੰਨਵਾਦ ਕਰਦਿਆਂ ਦੱਸਿਆ ਕਿ ਇਸ ਪ੍ਰਾਜੈਕਟ ਦੀ ਸ਼ੁਰੂਆਤ ਨਾਲ ਸਕੂਲਾਂ ਸਿੱਖਿਆ ਤੋਂ ਵਿਰਵੇ ਬੱਚਿਆਂ ਲਈ ਲਾਹੇਵੰਦ ਹੋਵੇਗੀ ਤੇ ਇਸ ਨਾਲ ਸਲੰਮ ਏਰੀਆ ਦੇ ਬੱਚਿਆਂ ਨੂੰ ਵੀ ਸਕੂਲਾਂ ਵਿੱਚ ਲਿਆਂਦਾ ਜਾ ਸਕੇਗਾ। ਪ੍ਰਾਜੈਕਟ ਲਾਂਚ ਕਰਨ ਸਮੇਂ ਏ.ਡੀ.ਸੀ. (ਦਿਹਾਤੀ ਵਿਕਾਸ) ਡਾ. ਹਰਜਿੰਦਰ ਸਿੰਘ ਬੇਦੀ, ਏ.ਡੀ.ਸੀ. (ਜ) ਕੰਚਨ ਤੇ ਏ.ਡੀ.ਸੀ. (ਸ਼ਹਿਰੀ ਵਿਕਾਸ) ਨਵਰੀਤ ਕੌਰ ਸੇਖੋਂ, ਕਰਨਲ ਜੇ.ਵੀ. ਸਿੰਘ, ਇਸ ਪ੍ਰਾਜੈਕਟ ਦੀ ਸਫ਼ਲਤਾ ਲਈ ਸਾਰੇ ਸਬੰਧਤਾਂ ਨਾਲ ਤਾਲਮੇਲ ਕਰਨ ਵਾਲੀ ਡੀ.ਡੀ.ਐਫ਼. ਨਿਧੀ ਮਲਹੋਤਰਾ, ਜ਼ਿਲ੍ਹਾ ਸਿੱਖਿਆ ਅਫ਼ਸਰ ਦਰਸ਼ਨਜੀਤ ਸਿੰਘ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਮਨਵਿੰਦਰ ਕੌਰ ਭੁੱਲਰ, ਯਸ਼ੋਧਾ ਮੋਟਰਜ ਦੇ ਐਮ.ਡੀ. ਗੁਰਦੀਪ ਸਿੰਘ ਬੱਤਰਾ, ਸੀ.ਏ. ਰਾਜੇਸ਼ ਮਿੱਤਲ, ਜ਼ਿਲ੍ਹਾ ਉਦਯੋਗ ਕੇਂਦਰ ਦੇ ਮੈਨੇਜਰ ਅੰਗਦ ਸਿੰਘ ਸੋਹੀ, ਮਸਤੀ ਕੀ ਪਾਠਸ਼ਾਲਾ, ਸਮਾਜ ਸੇਵੀ, ਅਧਿਆਪਕ, ਵਿਦਿਆਰਥੀ ਤੇ ਸਵੈ ਸਹਾਇਤਾ ਸਮੂਹਾਂ ਦੀਆਂ ਮੈਂਬਰ ਔਰਤਾਂ ਵੀ ਮੌਜੂਦ ਸਨ।