- ਪਟਿਆਲਾ ਜ਼ਿਲ੍ਹੇ ਵਿੱਚ 72 ਰੈਪਿਡ ਰਿਸਪਾਂਸ ਟੀਮਾਂ ਕਾਰਜਸ਼ੀਲ : ਡਾ. ਬਲਬੀਰ ਸਿੰਘ
- ਔਖੀ ਘੜੀ 'ਚ ਆਈ.ਐਮ.ਏ., ਨਿੱਜੀ ਹਸਪਤਾਲਾਂ ਤੇ ਗ਼ੈਰ-ਸਰਕਾਰੀ ਸੰਸਥਾਵਾਂ ਨੇ ਵੱਡਾ ਸਹਿਯੋਗ ਦਿੱਤਾ : ਡਾ. ਬਲਬੀਰ ਸਿੰਘ
- ਸੂਬੇ 'ਚ ਸਿਹਤ ਵਿਭਾਗ ਦੀਆਂ 400 ਤੇ ਆਈ.ਐਮ.ਏ. ਤੇ ਹੋਰ ਸੰਸਥਾਵਾਂ ਵੱਲੋਂ ਭੇਜੀਆਂ 500 ਰੈਪਿਡ ਰਿਸਪਾਂਸ ਟੀਮਾਂ ਵੱਲੋਂ ਪ੍ਰਭਾਵਿਤ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਨੇ ਸਿਹਤ ਸੇਵਾਵਾਂ
- ਸਿਹਤ ਮੰਤਰੀ ਵੱਲੋਂ ਹੜ੍ਹ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਸਮਾਜ ਦੇ ਹਰੇਕ ਵਰਗ ਨੂੰ ਅੱਗੇ ਆਉਣਾ ਸੱਦਾ
- ਔਖੀ ਘੜੀ 'ਚ ਪਾਰਟੀ ਬਾਜੀ ਤੋਂ ਉਪਰ ਉਠਕੇ ਲੋਕਾਂ ਦੀ ਮਦਦ ਕਰਨ ਦੀ ਲੋੜ : ਕੈਬਨਿਟ ਮੰਤਰੀ
ਪਟਿਆਲਾ, 17 ਜੁਲਾਈ : ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਅੱਜ ਪਟਿਆਲਾ ਜ਼ਿਲ੍ਹੇ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਲਈ ਅੱਠ ਹੋਰ ਰੈਪਿਡ ਰਿਸਪਾਂਸ ਟੀਮਾਂ (ਐਂਬੂਲੈਂਸਾਂ) ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਮਾਨ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਿਹਤ ਵਿਭਾਗ ਪੂਰੀ ਸਮਰੱਥਾ ਨਾਲ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਕੰਮ ਕਰ ਰਿਹਾ ਹੈ ਤੇ ਆਈ.ਐਮ.ਏ., ਨਿੱਜੀ ਹਸਪਤਾਲ ਤੇ ਗੈਰ ਸਰਕਾਰੀ ਸੰਸਥਾਵਾਂ ਵੱਲੋਂ ਵੀ ਵਧ ਚੜਕੇ ਸਿਹਤ ਵਿਭਾਗ ਨਾਲ ਸਹਿਯੋਗ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪਟਿਆਲਾ ਜ਼ਿਲ੍ਹੇ ਵਿੱਚ ਪਹਿਲਾ 64 ਰੈਪਿਡ ਰਿਸਪਾਂਸ ਟੀਮਾਂ ਕੰਮ ਕਰ ਰਹੀਆਂ ਸਨ ਤੇ ਅੱਜ ਹੋਰ ਅੱਠ ਟੀਮਾਂ ਪੈਰਾ ਮੈਡੀਕਲ ਅਤੇ ਨਰਸਿੰਗ ਇੰਸਟੀਚਿਊਟ ਦੇ ਸਹਿਯੋਗ ਨਾਲ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਭੇਜੀਆਂ ਗਈਆਂ ਹਨ ਤੇ ਰੋਜ਼ਾਨਾ ਹੀ ਟੀਮਾਂ ਵਿੱਚ ਵਾਧਾ ਕੀਤਾ ਜਾ ਰਿਹਾ ਹੈ ਤੇ ਹੁਣ ਜ਼ਿਲ੍ਹੇ ਵਿੱਚ 72 ਰੈਪਿਡ ਰਿਸਪਾਂਸ ਟੀਮਾਂ ਕੰਮ ਕਰ ਰਹੀਆਂ ਹਨ। ਇਸ ਮੌਕੇ ਪੱਤਰਕਾਰਾਂ ਨਾਲ ਗੈਰ ਰਸਮੀ ਗੱਲਬਾਤ ਕਰਦਿਆਂ ਡਾ. ਬਲਬੀਰ ਸਿੰਘ ਨੇ ਕਿਹਾ ਕਿ ਸੂਬੇ ਵਿੱਚ ਸੱਤ ਸਭ ਤੋਂ ਵੱਧ ਪ੍ਰਭਾਵਿਤ ਜ਼ਿਲ੍ਹਿਆਂ ਦਾ ਉਨ੍ਹਾਂ ਵੱਲੋਂ ਦੌਰਾ ਕੀਤਾ ਗਿਆ ਹੈ ਤੇ ਇਸ ਔਖੀ ਘੜੀ ਵਿੱਚ ਸਿਹਤ ਵਿਭਾਗ ਨਾਲ ਮਿਲਕੇ ਆਈ.ਐਮ.ਏ., ਨਿੱਜੀ ਹਸਪਤਾਲ ਤੇ ਗੈਰ ਸਰਕਾਰੀ ਸੰਸਥਾਵਾਂ ਵੱਲੋਂ ਪ੍ਰਭਾਵਿਤ ਲੋਕਾਂ ਦੀ ਮਦਦ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਦੀਆਂ 400 ਰੈਪਿਡ ਰਿਸਪਾਂਸ ਟੀਮਾਂ ਅਤੇ ਆਈ.ਐਮ.ਏ. ਤੇ ਹੋਰ ਸੰਸਥਾਵਾਂ ਜਿਸ ਵਿੱਚ ਡੈਂਟਲ ਕਾਲਜ, ਆਯੂਰਵੈਦਿਕ ਕਾਲਜ, ਨਰਸਿੰਗ ਕਾਲਜ ਤੇ ਪੈਰਾਮੈਡੀਕਲ ਸੰਸਥਾਵਾਂ ਵੱਲੋਂ ਪ੍ਰਦਾਨ ਕੀਤੀਆਂ 500 ਟੀਮਾਂ ਪ੍ਰਭਾਵਿਤ ਲੋਕਾਂ ਨੂੰ ਸਿਹਤ ਸੇਵਾਵਾਂ ਪ੍ਰਦਾਨ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਟੀਮਾਂ ਵਧਣ ਨਾਲ ਕੰਮ ਕਰਨ ਦੀ ਸਮਰੱਥਾ ਵਿੱਚ ਵਾਧਾ ਹੋਇਆ ਹੈ। ਡਾ. ਬਲਬੀਰ ਸਿੰਘ ਨੇ ਕਿਹਾ ਕਿ ਹੜ੍ਹਾਂ ਤੋਂ ਬਾਅਦ ਪਾਣੀ ਤੋਂ ਫੈਲਣ ਵਾਲੀਆਂ ਬਿਮਾਰੀਆਂ ਦਾ ਖਦਸ਼ਾ ਹੁੰਦਾ ਹੈ, ਇਸ ਲਈ ਸਰਕਾਰੀ ਅਤੇ ਗੈਰ ਸਰਕਾਰੀ ਸਿਹਤ ਸੰਸਥਾਵਾਂ ਰਲਕੇ ਕੰਮ ਕਰ ਰਹੀਆਂ ਹਨ ਕਿ ਸੂਬੇ ਵਿੱਚ ਅਜਿਹੀ ਕੋਈ ਵੀ ਸਥਿਤੀ ਪੈਦਾ ਨਾ ਹੋਵੇ। ਉਨ੍ਹਾਂ ਕਿਹਾ ਕਿ ਅੱਜ ਪੈਰਾਮੈਡੀਕਲ ਅਤੇ ਨਰਸਿੰਗ ਇੰਸਟੀਚਿਊਟ ਦੇ ਸਹਿਯੋਗ ਨਾਲ ਭੇਜੀਆਂ ਜਾ ਰਹੀਆਂ ਅੱਠ ਰੈਪਿਡ ਰਿਸਪਾਂਸ ਟੀਮਾਂ ਸਿਵਲ ਸਰਜਨ ਵੱਲੋਂ ਪ੍ਰਭਾਵਿਤ ਖੇਤਰਾਂ ਵਿੱਚ ਭੇਜੀਆਂ ਜਾ ਰਹੀਆਂ ਹਨ। ਡਾ. ਬਲਬੀਰ ਸਿੰਘ ਨੇ ਪੁੱਛੇ ਸਵਾਲ ਦੇ ਜਵਾਬ ਵਿੱਚ ਦੱਸਿਆ ਕਿ ਪਟਿਆਲਾ ਜ਼ਿਲ੍ਹੇ ਵਿੱਚ ਜਿਹੜੇ 9 ਸਾਲ ਦੇ ਬੱਚੇ ਦੀ ਮੌਤ ਹੋਈ ਹੈ ਹਾਲੇ ਪੋਸਟਮਾਰਟਮ ਦੀ ਰਿਪੋਰਟ ਆਉਣੀ ਬਾਕੀ ਹੈ, ਉਸਤੋਂ ਬਾਅਦ ਹੀ ਅਸਲ ਕਾਰਨਾਂ ਦਾ ਪਤਾ ਲੱਗ ਸਕੇਗਾ। ਉਨ੍ਹਾਂ ਕਿਹਾ ਕਿ ਜਿਹੜੇ ਲੋਕਾਂ ਦਾ ਹੜ੍ਹਾਂ ਦੌਰਾਨ ਸਭ ਕੁਝ ਬਰਬਾਦ ਹੋਇਆ ਹੈ, ਉਨ੍ਹਾਂ ਨੂੰ ਮੈਡੀਕਲ ਸਹੂਲਤ ਦੇ ਨਾਲ ਨਾਲ ਮਨੋਵਿਗਿਆਨਿਕ ਤੌਰ 'ਤੇ ਪ੍ਰੇਰਨਾ ਅਤੇ ਰਾਸ਼ਨ ਵੀ ਉਪਲਬੱਧ ਕਰਵਾਇਆ ਜਾ ਰਿਹਾ ਹੈ ਤਾਂ ਜੋ ਉਨ੍ਹਾਂ ਨੂੰ ਇਸ ਔਖੀ ਘੜੀ ਵਿੱਚ ਕੱਢਿਆ ਜਾ ਸਕੇ। ਉਨ੍ਹਾਂ ਪੁੱਛੇ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਮਰੇ ਪਸ਼ੂਆਂ ਅਤੇ ਖਰਾਬ ਹੋਏ ਸਾਮਾਨ ਨੂੰ ਚੁੱਕਣ ਲਈ ਵੀ ਟੀਮਾਂ ਦਿਨ ਰਾਤ ਕੰਮ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਹੜ੍ਹਾਂ ਕਾਰਨ ਸੂਬੇ ਵਿੱਚ ਸਿਹਤ ਵਿਭਾਗ ਦੇ ਹਸਪਤਾਲਾਂ ਦਾ ਨੁਕਸਾਨ ਵੀ ਹੋਇਆ ਹੈ ਪਰ ਆਈ.ਐਮ.ਏ. ਤੇ ਹੋਰ ਗੈਰ ਸਰਕਾਰੀ ਸੰਸਥਾਵਾਂ ਵੱਲੋਂ ਪੂਰਾ ਸਹਿਯੋਗ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਮਾਨ ਵੱਲੋਂ ਹੜ੍ਹ ਪ੍ਰਭਾਵਿਤ ਖੇਤਰਾਂ ਦੀ ਡਰੋਨ ਮੈਪਿੰਗ ਵੀ ਕਰਵਾਈ ਜਾ ਰਹੀ ਹੈ ਤਾਂ ਜੋ ਦੁਬਾਰਾ ਸੂਬੇ ਨੂੰ ਅਜਿਹੇ ਹਾਲਤਾਂ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਕਿਹਾ ਕਿ ਹੜ੍ਹਾਂ ਦੇ ਗੰਦੇ ਪਾਣੀ ਤੋਂ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਾਅ ਲਈ ਪ੍ਰਭਾਵਿਤ ਖੇਤਰਾਂ ਵਿੱਚ ਜਿਥੇ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ, ਉਥੇ ਹੀ ਪ੍ਰਭਾਵਿਤ ਖੇਤਰਾਂ ਦੇ 99 ਫ਼ੀਸਦੀ ਵਿੱਚ ਪਾਣੀ ਦੀ ਸਪਲਾਈ ਚਾਲੂ ਕੀਤੀ ਜਾ ਚੁੱਕੀ ਹੈ। ਕੈਬਨਿਟ ਮੰਤਰੀ ਨੇ ਕਿਹਾ ਕਿ ਸਿਹਤ ਵਿਭਾਗ ਦੀਆਂ ਟੀਮਾਂ ਰੈਸਕਿਓ ਕਰਕੇ ਲਿਆਏ ਜਾ ਰਹੇ ਲੋਕਾਂ ਨੂੰ ਤੁਰੰਤ ਮੈਡੀਕਲ ਸੇਵਾਵਾਂ ਪ੍ਰਦਾਨ ਕਰ ਰਹੀਆਂ ਹਨ ਤੇ ਨਾਲ ਹੀ ਟੀਮਾਂ ਕਿਸ਼ਤੀਆਂ ਵਿੱਚ ਪਾਣੀ ਨਾਲ ਘਿਰੇ ਪਿੰਡਾਂ ਦੇ ਲੋਕਾਂ ਨੂੰ ਸਿਹਤ ਸੇਵਾਵਾਂ ਦੇ ਰਹੀਆਂ ਹਨ। ਉਨ੍ਹਾਂ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਕਿਹਾ ਕਿ ਇਹ ਸਮਾਂ ਰਾਜਨੀਤੀ ਕਰਨ ਦਾ ਨਹੀਂ ਹੈ ਸਗੋਂ ਪਾਰਟੀਬਾਜ਼ੀ ਤੋਂ ਉਪਰ ਉੱਠਕੇ ਹੜ੍ਹ ਪੀੜ੍ਹਤ ਲੋਕਾਂ ਦੀ ਮਦਦ ਲਈ ਅੱਗੇ ਆਉਣ ਦਾ ਹੈ। ਉਨ੍ਹਾਂ ਸਮਾਜ ਦੇ ਹਰੇਕ ਵਰਗ ਨੂੰ ਹੜ੍ਹ ਪ੍ਰਭਾਵਿਤ ਲੋੜਵੰਦਾਂ ਦੀ ਮਦਦ ਕਰਨ ਲਈ ਅੱਗੇ ਆਉਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਨਾਲ ਆਈ.ਐਮ.ਏ., ਪੈਰਾਮੈਡੀਕਲ ਇੰਸਟੀਚਿਊਟ, ਕੈਮਿਸਟ ਐਸੋਸੀਏਸ਼ਨ ਵੱਲੋਂ ਲਗਾਤਾਰ ਮਿਲਕੇ ਕੰਮ ਕੀਤਾ ਜਾ ਰਿਹਾ ਹੈ ਤੇ ਪਟਿਆਲਾ ਵਿੱਚ ਕੱਲ ਹੀ 5 ਲੱਖ ਕਲੋਰੀਨ ਦੀਆਂ ਗੋਲੀਆਂ ਆਈਆਂ ਹਨ ਤੇ ਪ੍ਰਭਾਵਿਤ ਖੇਤਰਾਂ ਦੇ ਲੋਕਾਂ ਨੂੰ ਕਲੋਰੀਨ ਤੋਂ ਬਿਨ੍ਹਾ ਪਾਣੀ ਨਾ ਪੀਣ ਦੀ ਸਲਾਹ ਵੀ ਦਿੱਤੀ ਜਾ ਰਹੀ ਹੈ। ਇਸ ਮੌਕੇ ਐਡਵੋਕੇਟ ਰਾਹੁਲ ਸੈਣੀ, ਕਰਨਲ ਜੇ.ਵੀ. ਸਿੰਘ, ਬਲਵਿੰਦਰ ਸੈਣੀ, ਜਸਬੀਰ ਗਾਂਧੀ, ਸਿਵਲ ਸਰਜਨ ਡਾ. ਰਮਿੰਦਰ ਕੌਰ, ਡਾ. ਜਤਿੰਦਰ ਕਾਂਸਲ, ਡਾ. ਕੁਸ਼ਲਦੀਪ ਕੌਰ, ਡਾ. ਸੁਮੀਤ ਸਿੰਘ, ਹਰੀ ਚੰਦ ਬਾਂਸਲ, ਚਰਨਜੀਤ ਸਿੰਘ, ਦਵਿੰਦਰ ਕੌਰ, ਨੀਰਜ ਰਾਣੀ, ਦੀਪਕ ਮਿੱਤਲ, ਭੁਪਿੰਦਰ ਸਿੰਘ, ਗੁਰਚਰਨ ਸਿੰਘ, ਵਿਪੰਨ ਸਿੰਘ, ਓਮ ਪ੍ਰਕਾਸ਼, ਹੇਮ ਰਾਜ, ਆਰ.ਐਮ. ਬੱਤਾ, ਜਨਕ ਰਾਜ ਸਮੇਤ ਵੱਡੀ ਗਿਣਤੀ ਵਲੰਟੀਅਰਜ਼ ਦੇ ਅਧਿਕਾਰੀ ਮੌਜੂਦ ਸਨ।