ਮੋਗਾ, 12 ਜੁਲਾਈ : ਪੰਜਾਬ ਸੂਬੇ ਦਾ ਕਾਫੀ ਹਿੱਸਾ ਇਸ ਸਮੇਂ ਹੜਾਂ ਦੀ ਮਾਰ ਹੇਠ ਹੈ ਸੋ ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਪੰਜਾਬ ਵੱਲੋਂ ਆਮ ਲੋਕਾਂ ਦੀ ਸੁਰੱਖਿਆ ਦੇ ਮੱਦੇਨਜ਼ਰ ਜਾਰੀ ਕੀਤੀ ਗਈ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਮੋਗਾ ਡਾ. ਰਾਜੇਸ਼ ਅੱਤਰੀ ਨੇ ਦੱਸਿਆਂ ਕਿ ਹੜਾਂ ਦੌਰਾਨ ਇਨਫੈਕਸ਼ਨ ਨਾਲ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਾਅ ਅਤੇ ਕੰਟਰੋਲ ਲਈ ਘਰਾਂ ਅਤੇ ਮਹੁੱਲਿਆਂ ਵਿੱਚ ਪਾਣੀ ਭਰ ਜਾਣ ਦੀ ਸੂਰਤ ਵਿੱਚ ਸਿਰਫ ਸਾਫ ਪਾਣੀ ਦੀ ਵਰਤੋਂ ਕਰੋ । ਪੀਣ ਵਾਲੇ ਪਾਣੀ ਨੂੰ ਉਬਾਲ ਕੇ, ਠੰਢਾ ਕਰਕੇ ਵਰਤਿਆ ਜਾਵੇ ਅਤੇ ਸਮੇਂ ਸਮੇਂ ਤੇ ਸਾਬਣ ਅਤੇ ਪਾਣੀ ਨਾਲ ਹੱਥ ਧੋਵੋ । ਦੂਸ਼ਿਤ ਪਾਣੀ ਨਾਲ ਚਮੜੀ ਤੇ ਬੈਕਟੀਰੀਅਲ ਇਨਫੈਕਸ਼ਨ ਹੋ ਸਕਦੀ ਹੈ, ਚਮੜੀ ਦੀ ਲਾਗ ਨੂੰ ਰੋਕਣ ਲਈ ਰਬੜ ਦੇ ਬੂਟ ਅਤੇ ਪੂਰੀਆਂ ਬਾਹਾਂ ਵਾਲੇ ਕੱਪੜੇ ਪਹਿਨੋ । ਮੀਂਹ ਦੌਰਾਨ ਜੇਕਰ ਖਾਣ ਵਾਲਾ ਸਾਮਾਨ ਗਿੱਲਾ ਹੋ ਜਾਵੇ ਤਾਂ ਉਸਨੂੰ ਖਾਣ ਤੋਂ ਗੁਰੇਜ ਕਰੋ । ਉਹਨਾਂ ਕਿਹਾ ਕਿ ਇਸ ਮੌਸਮ ਦੌਰਾਨ ਜੇਕਰ ਕਿਸੇ ਨੂੰ ਬੁਖਾਰ ਜਾਂ ਦਸਤ ਦੀ ਸਮੱਸਿਆ ਆਉਂਦੀ ਹੈ ਤਾਂ ਤੁਰੰਤ ਨੇੜੇ ਦੀ ਸਿਹਤ ਸੰਸਥਾ ਨਾਲ ਸੰਪਰਕ ਕੀਤਾ ਜਾਵੇ। ਉਹਨਾਂ ਅੱਗੇ ਦੱਸਿਆ ਕਿ ਜੇਕਰ ਜ਼ਿਲ੍ਹਾ ਮੋਗਾ ਦੀ ਗੱਲ ਕੀਤੀ ਜਾਵੇ ਤਾਂ ਸਿਹਤ ਵਿਭਾਗ ਮੋਗਾ ਹੜਾਂ ਦੌਰਾਨ ਮੈਡੀਕਲ ਸਹਾਇਤਾ ਲਈ ਪੂਰੀ ਤਰਾਂ ਤਿਆਰ ਹੈ। ਜ਼ਿਲ੍ਹਾ ਅਤੇ ਬਲਾਕ ਪੱਧਰ ਤੇ ਵਿਸ਼ੇਸ਼ ਮੈਡੀਕਲ ਟੀਮਾਂ ਦਾ ਗਠਨ ਕੀਤਾ ਗਿਆ ਹੈ । ਇਸ ਦੇ ਨਾਲ ਹੀ ਹਰ ਸਿਹਤ ਸੰਸਥਾ ਵਿਖੇ ਵੱਖਰੇ ਬੈਡਾਂ ਅਤੇ ਹੋਰ ਸਾਜੋ ਸਾਮਾਨ ਦਾ ਵੀ ਪ੍ਰਬੰਧ ਕੀਤਾ ਗਿਆ । ਡਾ. ਅੱਤਰੀ ਨੇ ਦੱਸਿਆ ਕਿ ਇਸ ਸਬੰਧੀ ਪ੍ਰਾਈਵੇਟ ਹਸਪਤਾਲਾਂ ਅਤੇ ਸਮਾਜਸੇਵੀ ਸੰਸਥਾਵਾਂ ਨੂੰ ਵੀ ਪੁਖਤਾ ਤਿਆਰੀਆਂ ਕਰਨ ਲਈ ਕਿਹਾ ਗਿਆ ਹੈ। ਇਸ ਮੌਕੇ ਉਹਨਾਂ ਨਾਲ਼ ਸਹਾਇਕ ਸਿਵਲ ਸਰਜਨ ਡਾ. ਡੀ ਪੀ ਸਿੰਘ ਅਤੇ ਮੀਡੀਆ ਵਿੰਗ ਵਲੋਂ ਅੰਮ੍ਰਿਤ ਪਾਲ ਸ਼ਰਮਾ ਅਤੇ ਲਖਵਿੰਦਰ ਸਿੰਘ ਕੈੰਥ ਵੀ ਹਾਜ਼ਿਰ ਸਨ।