- ਲੜੀ ਤਹਿਤ ਰਾਉਵਾਲ ਤੇ ਮੰਦਰਾਂ ਕਲਾਂ ਵਿੱਚ ਮੈਡੀਕਲ ਰਾਹਤ ਕੈਂਪ ਲਗਾਏ
ਮੋਗਾ, 21 ਜੁਲਾਈ : ਜ਼ਿਲਾ ਪ੍ਰਸ਼ਾਸ਼ਨ ਮੋਗਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਿਹਤ ਵਿਭਾਗ ਮੋਗਾ ਹੜ ਤੋਂ ਪ੍ਰਭਾਵਿਤ ਇਲਾਕਿਆਂ ਦੇ ਲੋਕਾਂ ਦੀ ਸਿਹਤ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਦਿਨ ਰਾਤ ਯਤਨਸ਼ੀਲ ਰਹਿ ਰਿਹਾ ਹੈ। ਜ਼ਿਲਾ ਮੋਗਾ ਵਿੱਚ ਧਰਮਕੋਟ ਦੇ ਦਰਿਆ ਦੇ ਲਾਗਲੇ ਪਿੰਡਾਂ ਦੇ ਲੋਕ ਹੜਾਂ ਤੋਂ ਪ੍ਰਭਾਵਿਤ ਹੋਏ ਹਨ ਜਿਨਾਂ ਨਾਲ ਜ਼ਿਲਾ ਪ੍ਰਸ਼ਾਸ਼ਨ ਅਤੇ ਸਿਹਤ ਵਿਭਾਗ ਲਗਾਤਾਰ ਪਹੁੰਚ ਬਣਾ ਕੇ ਹਰ ਸੰਭਵ ਸਹਾਇਤਾ ਕਰ ਰਿਹਾ ਹੈ। ਉਨਾਂ ਦੀ 24 ਘੰਟੇ ਸਹਾਇਤਾ ਲਈ ਮੈਡੀਕਲ ਟੀਮਾਂ ਦੀ ਤਾਇਨਾਤੀ ਤੋਂ ਇਲਾਵਾ ਫਲੱਡ ਕੰਟਰੋਲ ਰੂਮ ਵੀ ਸਥਾਪਿਤ ਕੀਤੇ ਗਏ ਹਨ। ਇਨਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਡਿਪਟੀ ਕਮਿਸ਼ਨਰ ਮੋਗਾ ਸ੍ਰ. ਕੁਲਵੰਤ ਸਿੰਘ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਨਿੱਤ ਦਿਨ ਸਿਹਤ ਸੁਰੱਖਿਆ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਹਨ ਜਿਹੜੀਆਂ ਕਿ ਹੜ ਪ੍ਰਭਾਵਿਤ ਲੋਕਾਂ ਲਈ ਸਹਾਈ ਸਿੱਧ ਹੋ ਰਹੀਆਂ ਹਨ। ਸਿਹਤ ਵਿਭਾਗ ਹੜ ਪ੍ਰਭਾਵਿਤ ਇਲਾਕਿਆਂ ਵਿੱਚ ਲਗਾਤਾਰ ਮੈਡੀਕਲ ਰਾਹਤ ਕੈਂਪ ਆਯੋਜਿਤ ਕਰਵਾ ਰਿਹਾ ਹੈ ਤਾਂ ਕਿ ਲੋਕਾਂ ਦੀ ਸਿਹਤ ਦਾ ਖਾਸ ਧਿਆਨ ਰੱਖਿਆ ਜਾ ਸਕੇ। ਮੈਡੀਕਲ ਰਾਹਤ ਕੈਂਪਾਂ ਵਿੱਚ ਲੋੜੀਂਦੀਆਂ ਦਵਾਈਆਂ ਵੀ ਮੁਫ਼ਤ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਹਰੇਕ ਪਿੰਡ ਵਿੱਚ ਫਾਗਿੰਗ ਕਰਨਾ ਯਕੀਨੀ ਬਣਾਇਆ ਜਾ ਰਿਹਾ ਹੈ। ਸੀਨੀਅਰ ਮੈਡੀਕਲ ਅਫ਼ਸਰ ਡਾ. ਸੰਦੀਪ ਸਿੰਘ ਪੀ.ਐਚ.ਸੀ. ਕੋਟ ਈਸੇ ਖਾਂ ਨੇ ਦੱਸਿਆ ਕਿ ਸਿਹਤ ਵਿਭਾਗ ਡਿਪਟੀ ਕਮਿਸ਼ਨਰ ਮੋਗਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਹੜ ਪ੍ਰਭਾਵਿਤ ਲੋਕਾਂ ਨੂੰ ਹਾਲਾਤ ਸਥਿਰ ਹੋਣ ਤੱਕ ਸਿਹਤ ਸੇਵਾਵਾਂ ਏਦਾਂ ਹੀ ਪੂਰੀ ਤਨਦੇਹੀ ਨਾਲ ਮੁਹੱਈਆ ਕਰਵਾਉਂਦਾ ਰਹੇਗਾ। ਸ੍ਰ. ਕੁਲਵੰਤ ਸਿੰਘ ਨੇ ਦੱਸਿਆ ਕਿ ਹੜ ਪੀੜਤਾਂ ਦੀ ਸਹਾਇਤਾ ਜ਼ਿਲਾ ਪ੍ਰਸ਼ਾਸ਼ਨ ਤੋਂ ਇਲਾਵਾ ਨੇੜਲੇ ਇਲਾਕਿਆਂ ਦੇ ਲੋਕਾਂ ਵੱਲੋਂ ਵੀ ਕੀਤੀ ਜਾ ਰਹੀ ਹੈ ਜਿਹੜੀ ਕਿ ਸ਼ਲਾਘਾਯੋਗ ਹੈ।