- ਲਖਨਊ ਵਿੱਚ ਹਰਪ੍ਰੀਤ ਸਿੰਘ ਦੇ ਰਹਿਣ-ਸਹਿਣ, ਖਾਣ-ਪੀਣ ਟਿਕਟ ਆਦਿ ਦਾ ਡਿਪਟੀ ਕਮਿਸ਼ਨਰ ਨੇ ਚੁੱਕਿਆ ਖਰਚਾ
- ਡਿਪਟੀ ਕਮਿਸ਼ਨਰ ਨੇ ਹਰਪ੍ਰੀਤ ਸਿੰਘ ਨੂੰ ਦਫ਼ਤਰ ਬੁਲਾ ਕੇ ਕੀਤਾ ਸਨਮਾਨਿਤ
ਮੋਗਾ, 19 ਜੂਨ : ਘੱਲ ਕਲਾਂ ਦੇ 25 ਸਾਲਾ ਹਰਪ੍ਰੀਤ ਸਿੰਘ ਨੇ ਡਿਪਟੀ ਕਮਿਸ਼ਨਰ ਮੋਗਾ ਸ੍ਰ. ਕੁਲਵੰਤ ਸਿੰਘ ਦੀ ਹੱਲਾਸ਼ੇਰੀ ਨਾਲ ਲਖਨਊ ਵਿੱਚ ਖੇਲੋ ਇੰਡੀਆ ਯੂਨੀਵਰਸਿਟੀਜ਼ (ਨੈਸ਼ਨਲ ਪੱਧਰ) ਮੁਕਾਬਿਲਆਂ ਵਿੱਚ ਫਿਰ ਤੋਂ ਦੋ ਗੋਲਡ ਮੈਡਲ ਪ੍ਰਾਪਤ ਕੀਤੇ ਹਨ।ਡਿਪਟੀ ਕਮਿਸ਼ਨਰ ਵੱਲੋਂ ਹਰਪ੍ਰੀਤ ਸਿੰਘ ਦੇ ਲਖਨਊ ਵਿਖੇ ਰਹਿਣ ਸਹਿਣ, ਖਾਣ ਪੀਣ ਅਤੇ ਜਹਾਜ਼ ਦੀ ਟਿਕਟ ਦਾ ਖਰਚਾ ਖੁਦ ਚੁੱਕਿਆ। ਡਿਪਟੀ ਕਮਿਸ਼ਨਰ ਵੱਲੋਂ ਲਗਾਤਾਰ ਤੀਜੀ ਵਾਰ ਹਰਪ੍ਰੀਤ ਸਿੰਘ ਦੀ ਖੇਡਾਂ ਦੇ ਖੇਤਰ ਵਿੱਚ ਅੱਗੇ ਵਧਣ ਲਈ ਸਹਾਇਤਾ ਕੀਤੀ ਹੈ। ਡਿਪਟੀ ਕਮਿਸ਼ਨਰ ਨੇ ਹਰਪ੍ਰੀਤ ਸਿੰਘ ਦੀ ਇਸ ਉਪਲੱਬਧੀ ਲਈ ਉਸਨੂੰ ਦਫ਼ਤਰ ਬੁਲਾ ਕੇ ਸਨਮਾਨਿਤ ਕੀਤਾ ਅਤੇ ਵਿਸ਼ਵਾਸ਼ ਦਿਵਾਇਆ ਕਿ ਖੇਡਾਂ ਦੇ ਖੇਤਰ ਵਿੱਚ ਅੱਗੇ ਵਧਣ ਲਈ ਜ਼ਿਲ੍ਹਾ ਪ੍ਰਸ਼ਾਸ਼ਨ ਅਤੇ ਉਹ ਖੁਦ ਨਿੱਜੀ ਤੌਰ ਉੱਪਰ ਉਨ੍ਹਾਂ ਦੇ ਹਮੇਸ਼ਾ ਨਾਲ ਖੜ੍ਹੇ ਰਹਿਣਗੇ। ਇੱਥੇ ਇਹ ਵੀ ਜਿਕਰਯੋਗ ਹੈ ਕਿ ਹਰਪ੍ਰੀਤ ਸਿੰਘ ਨੇ ਪਹਿਲਾਂ ਆਲ ਇੰਡੀਆ ਇੰਟਰ ਯੂਨੀਵਰਸਿਟੀ ਐਥਲੇਟਿਕਸ ਚੈਂਪੀਅਨਸ਼ਿਪ 16 ਟਾਪ ਰਨਰਾਂ ਦੇ ਖੇਡ ਮੁਕਾਬਲਿਆਂ ਵਿੱਚ ਪ੍ਰਭਾਵਸ਼ਾਲੀ ਪ੍ਰਦਰਸ਼ਨ ਕਰਕੇ ਦੋ ਤਮਗੇ ਬਰੋਨਜ਼ ਅਤੇ ਸਿਲਵਰ ਜਿੱਤਣ ਵਿੱਚ ਸਫ਼ਲਤਾ ਹਾਸਲ ਕੀਤੀ ਸੀ। ਇਹ ਖੇਡ ਮੁਕਾਬਲੇ 13 ਤੋਂ 16 ਮਾਰਚ, 2023 ਤੱਕ ਚੈਨੱਈ ਵਿਖੇ ਚੱਲੇ ਸਨ। 400 ਮੀਟਰ ਮੈਕਸ ਰਿਲੇਅ ਵਿੱਚੋਂ ਬਰੋਨਜ਼ ਤਮਗਾ ਅਤੇ 400 ਮੀਟਰ ਰਿਲੇਅ ਵਿੱਚੋਂ ਸਿਲਵਰ ਤਮਗਾ ਪ੍ਰਾਪਤ ਕੀਤਾ। ਇਨ੍ਹਾਂ ਮੁਕਾਬਲਿਆਂ ਲਈ ਚੈਨੱਈ ਵਿਖੇ ਉਸਦੇ ਰਹਿਣ ਸਹਿਣ, ਖਾਣ ਪੀਣ ਅਤੇ ਟਿਕਟ ਦਾ ਸਾਰਾ ਖਰਚਾ ਡਿਪਟੀ ਕਮਿਸ਼ਨਰ ਵੱਲੋਂ ਦਿੱਤਾ ਗਿਆ। ਆਲ ਇੰਡੀਆ ਯੂਨੀਵਰਸਿਟੀਜ਼ ਦੇ ਖੇਡ ਮੁਕਾਬਲੇ ਜਿਹੜੇ ਕਿ ਪਿਛਲੇ ਸਮੇਂ ਦੌਰਾਨ ਉੜੀਸਾ ਵਿਖੇ ਹੋਏ ਸਨ, ਵਿੱਚ ਵੀ ਉਸਨੇ ਗੋਲਡ ਮੈਡਲ ਹਾਸਲ ਕੀਤਾ ਸੀ। ਇਹ ਗੋਲਡ ਮੈਡਲ ਉਸਨੂੰ ਐਥਲੈਟਿਕ ਅਤੇ ਰਿਲੇਅ 400 ਮੀਟਰ ਵਿੱਚੋਂ ਮਿਲਿਆ।ਉਸ ਵੇਲੇ ਵੀ ਡਿਪਟੀ ਕਮਿਸ਼ਨਰ ਵੱਲੋਂ ਉਸਦੀ ਵਿੱਤੀ ਸਹਾਇਤਾ ਕੀਤੀ ਸੀ। ਉਸਨੇ ਕਿਹਾ ਕਿ ਡਿਪਟੀ ਕਮਿਸ਼ਨਰ ਜੀ ਦੇ ਇਸ ਤਰ੍ਹਾਂ ਦੇ ਸਹਿਯੋਗ ਅਤੇ ਥਾਪੜੇ ਦਾ ਉਹ ਹਮੇਸ਼ਾ ਰਿਣੀ ਰਹੇਗਾ। ਉਸਨੇ ਕਿਹਾ ਕਿ ਉਸਨੂੰ ਬਹੁਤ ਖੁਸ਼ੀ ਹੈ ਕਿ ਡਿਪਟੀ ਕਮਿਸ਼ਨਰ ਨੇ ਉਸਨੂੰ ਖੇਡਾਂ ਦੇ ਖੇਤਰ ਵਿੱਚ ਅੱਗੇ ਵਧਣ ਲਈ ਅੱਗੇ ਤੋਂ ਵੀ ਹਰ ਸੰਭਵ ਸਹਾਇਤਾ ਦੇਣ ਦਾ ਵਾਅਦਾ ਕੀਤਾ ਹੈ।