ਹਲਵਾਰਾ ਵਿਖੇ ਸੰਤ ਸੰਧੂ ਨੂੰ ਹਰਭਜਨ ਹਲਵਾਰਵੀ ਯਾਦਗਾਰੀ ਪੁਰਸਕਾਰ, ਇੱਕੀ ਕਵੀਆਂ ਦਾ ਕਵੀ ਦਰਬਾਰ 14 ਅਕਤੂਬਰ ਨੂੰ 

ਲੁਧਿਆਣਾ : ਕਾਮਰੇਡ ਰਤਨ ਸਿੰਘ ਆਲਮੀ ਸਾਹਿਤ ਕਲਾ ਕੇਂਦਰ ਅਤੇ ਇੰਡੋਜ਼ ਪੰਜਾਬੀ ਸਾਹਿਤ ਅਕਾਡਮੀ ਆਫ਼ ਆਸਟਰੇਲੀਆ (ਇਪਸਾ) ਵੱਲੋਂ ਹਰ ਸਾਲ ਦਿੱਤਾ ਜਾਂਦਾ ਹਰਭਜਨ ਹਲਵਾਰਵੀ ਯਾਦਗਾਰੀ ਪੁਰਸਕਾਰ ਇਸ ਸਾਲ ਲਈ ਸਿਰਕੱਢ ਪੰਜਾਬੀ ਸ਼ਾਇਰ ਸੰਤ ਸੰਧੂ ਨੂੰ 14 ਅਕਤੂਬਰ ਨੂੰ ਗੁਰੂ ਰਾਮ ਦਾਸ ਕਾਲਿਜ ਪੱਖੋਵਾਲ ਰੋਡ ਹਲਵਾਰਾ ਵਿਖੇ ਸਵੇਰੇ 10.30 ਵਜੇ ਦਿੱਤਾ ਜਾਏਗਾ। ਇਹ ਜਾਣਕਾਰੀ ਸਰਬਜੀਤ ਸੋਹੀ,ਡਾਃ ਜਗਵਿੰਦਰ ਜੋਧਾ ਤੇ ਡਾਃ ਨਿਰਮਲ ਜੌੜਾ ਨੇ ਦਿੱਤੀ ਹੈ। ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਦੱਸਿਆ ਕਿ ਤਲਵੰਡੀ ਸਲੇਮ (ਜਲੰਧਰ) ਵਿਖੇ 1945 ਚ ਜਨਮੇ  ਸੰਤ ਸੰਧੂ ਦਾ ਪਹਿਲਾ ਕਾਵਿ ਸੰਗ੍ਰਹਿ ਸੀਸ ਤਲੀ ‘ਤੇ 1970 ਵਿੱਚ ਪਾਸ਼ ਦੀ ਪੁਸਤਕ ਲੋਹ ਕਥਾ ਦੇ ਨਾਲ ਹੀ  ਛਪਿਆ ਸੀ। ਸੰਤ ਸੰਧੂ ਹੁਣ ਤੀਕ ਸੱਤ ਕਾਵਿ ਪੁਸਤਕਾਂ ਦੀ ਰਚਨਾ ਕਰ ਚੁਕੇ ਹਨ। ਇਸ ਪੁਰਸਕਾਰ ਵਿੱਚ ਇੱਕੀ ਹਜ਼ਾਰ ਰੁਪਏ ਦੀ ਨਕਦ ਰਾਸ਼ੀ ਤੋਂ ਇਲਾਵਾ ਸਨਮਾਨ ਪੱਤਰ ਤੇ ਦੋਸ਼ਾਲਾ ਵੀ ਦਿੱਤਾ ਜਾਵੇਗਾ। ਡਾ. ਨਿਰਮਲ ਜੌੜਾ ਨੇ ਦੱਸਿਆ ਕਿ ਕਵਿਤਾ ਦੇ ਖੇਤਰ ਵਿਚ ਸੰਤ ਸੰਧੂ ਆਪਣੀ ਸਹਿਜ ਤੋਰੇ ਲਗਾਤਾਰ ਪਚਵੰਜਾ ਸਾਲ ਤੋਂ ਤੁਰਦਾ ਆ ਰਿਹਾ ਹੈ। 1970 ਚ ਛਪੀ ਪਹਿਲੀ ਕਾਵਿ ਪੁਸਤਕ ' ਸੀਸ ਤਲ਼ੀ 'ਤੇ  ਤੋਂ ਬਾਅਦ ਉਸ ਦੀਆਂ  ਬਾਂਸ ਦੀ ਅੱਗ’, ‘ਪੁਲ਼ ਮੋਰਾਂ’, ‘ਨਹੀਂ ਖਲਕ ਦੀ ਬੰਦ ਜ਼ੁਬਾਨ ਹੁੰਦੀ (ਵਿਅੰਗ ਬੋਲੀਆਂ) ਅਨੰਦਪੁਰ ਮੇਲ’ ਅਤੇ ‘ਸ਼ਾਹੀਨ ਬਾਗ਼’  ਕਾਵਿ ਪੁਸਤਕਾਂ ਛਪ ਚੁੱਕੀਆਂ ਹਨ। ਇਸ ਸਮਾਗਮ ਵਿੱਚ ਡਾਃ ਜਗਵਿੰਦਰ ਜੋਧਾ ਤੇ ਪ੍ਰੋਃ ਗੋਪਾਲ ਸਿੰਘ ਬੁੱਟਰ ਸੰਤ ਸੰਧੂ ਦੇ ਜੀਵਨ ਤੇ ਸ਼ਖਸੀਅਤ ਬਾਰੇ ਸੰਬੋਧਨ ਕਰਨਗੇ। ਕਾਮਰੇਡ ਰਤਨ ਸਿੰਘ ਮੈਮੋਰੀਅਲ ਟਰਸਟ ਦੇ ਪ੍ਰਧਾਨ ਪ੍ਰੋਃ ਗੁਰਭਜਨ ਸਿੰਘ ਗਿੱਲ ਨੇ ਦੱਸਿਆ ਕਿ ਇਸ ਮੌਕੇ ਕਰਵਾਏ ਜਾ ਰਹੇ ਕਵੀ ਦਰਬਾਰ ਵਿੱਚ ਅਮਰੀਕਾ ਵੱਸਦੇ ਕਵੀ ਤੇ ਆਪਣੀ ਆਵਾਜ਼ ਮੈਗਜ਼ੀਨ ਦੇ ਮੁੱਖ ਸੰਪਾਦਕ ਸੁਰਿੰਦਰ ਸਿੰਘ ਸੁੱਨੜ ,ਬੂਟਾ ਸਿੰਘ ਚੌਹਾਨ ,ਗੁਰਤੇਜ ਕੋਹਾਰਵਾਲਾ ,ਤ੍ਰੈਲੋਚਨ ਲੋਚੀ, ਕਮਲਜੀਤ ਨੀਲੋਂ ਹਰਮੀਤ ਵਿਦਿਆਰਥੀ,ਅਮਰੀਕ ਡੋਗਰਾ ,ਹਰਵਿੰਦਰ ਚੰਡੀਗੜ੍ਹ,ਸੁਰਿੰਦਰਪ੍ਰੀਤ ਘਣੀਆ,ਗੁਰਚਰਨ ਕੌਰ ਕੋਚਰ ,ਮੁਕੇਸ਼ ਆਲਮ ,ਤਰਸੇਮ ਨੂਰ ,ਨਰਿੰਦਰਪਾਲ ਕੰਗ,ਧਰਮਿੰਦਰ ਸ਼ਾਹਿਦ ,ਕਰਨਜੀਤ ਸਿੰਘ ਨਕੋਦਰ,ਕੰਵਲ ਢਿੱਲੋਂ ,ਬਲਬੀਰ ਕੌਰ ਰਾਏਕੋਟੀ, ਜਸਵੀਰ ਸਿੰਘ ਸ਼ਾਇਰ, ਨਵਤੇਜ ਗੜ੍ਹਦੀਵਾਲਾ,ਤੇ ਸ ਨਸੀਮ ਤੇ ਦੀਪਕ ਸ਼ਰਮਾ ਚਨਾਰਥਲ ਸ਼ਾਮਿਲ ਹੋਣਗੇ। ਕਵੀ ਦਰਬਾਰ ਦਾ ਮੰਚ ਸੰਚਾਲਨ ਸੁਪ੍ਰਸਿੱਧ ਪੰਜਾਬੀ ਕਵੀ ਪ੍ਰਭਜੋਤ ਸੋਹੀ ਕਰਨਗੇ।  ਡਾਃ ਨਿਰਮਲ ਜੌੜਾ ਨੇ ਦੱਸਿਆ ਕਿ ਇਸ ਸਮਾਗਮ ਲਈ ਕਾਮਰੇਡ ਰਤਨ ਸਿੰਘ ਦੇ ਸਪੁੱਤਰ ਸਃ ਦਲਬੀਰ ਸਿੰਘ ਹਲਵਾਰਵੀ ਵੀ ਆਸਟਰੇਲੀਆ ਤੋਂ ਪੰਜਾਬ ਪਹੁੰਚ ਚੁਕੇ ਹਨ। ਹਰਭਜਨ ਹਲਵਾਰਵੀ ਦੀਆਂ ਉਨ੍ਹਾਂ ਦੇ ਨਿੱਕੇ ਵੀਰ ਤੇ ਇਤਿਹਾਸਕਾਰ ਡਾਃ ਨਵਤੇਜ ਸਿੰਘ ਵੱਲੋਂ ਸੰਪਾਦਿਤ ਤਿੰਨ ਵਾਰਤਕ ਪੁਸਤਕਾਂ  ਨੂੰ ਵੀ ਸਮਾਗਮ ਵਿੱਚ ਲੋਕ ਅਰਪਨ ਕੀਤਾ ਜਾਵੇਗਾ। ਟਰਸਟ ਦੇ ਬੁਲਾਰੇ ਡਾਇਰੈਕਟਰ ਸਃ ਰਣਜੀਤ ਸਿੰਘ ਧਾਲੀਵਾਲ ਤੇ ਮਨਜਿੰਦਰ ਧਨੋਆ ਨੇ ਦੱਸਿਆ ਕਿ ਸਮਾਗਮ ਵਿੱਚ ਡਾਃ ਸੁਮੇਲ ਸਿੰਘ ਸਿੱਧੂ  ਕਾਮਰੇਡ ਰਤਨ ਸਿੰਘ ਯਾਦਗਾਰੀ ਵਿਸ਼ੇਸ਼ ਭਾਸ਼ਨ ਕਰਨਗੇ।  ਮੁੱਖ ਮਹਿਮਾਨ ਵਜੋਂ ਡਾਃ ਸੁਖਪਾਲ ਸਿੰਘ ਚੇਅਰਮੈਨ, ਪੰਜਾਬ ਰਾਜ ਕਿਸਾਨ ਕਮਿਸ਼ਨ ਪੁੱਜਣਗੇ ਜਦ ਕਿ ਗੁਰੂ ਕਾਸ਼ੀ ਯੂਨੀਃ ਦੇ ਸਾਬਕਾ ਪਰੋ ਵਾਈਸ ਚਾਂਸਲਰ ਡਾਃ ਜਗਪਾਲ ਸਿੰਘ , ਹਰਭਜਨ ਹਲਵਾਰਵੀ ਜੀ ਦਾ ਪਰਿਵਾਰ ਅਤੇ ਕਾਮਰੇਡ ਰਤਨ ਸਿੰਘ ਦੇ ਧੀਆਂ  ਪੁੱਤਰ ਵੀ ਵਿਸ਼ੇਸ਼ ਤੌਰ ਤੇ ਯੂ ਕੇ ਤੋਂ ਸਮਾਗਮ ਲਈ ਪੁੱਜ ਰਿਹਾ ਹੈ।