- ਵਿੱਦਿਅਕ ਟੂਰ ਵਿਦਿਆਰਥੀਆਂ ਦੀ ਪੜਾਈ ਅਤੇ ਸਰਵਪੱਖੀ ਵਿਕਾਸ ਵਿੱਚ ਹੋਣਗੇ ਸਹਾਈ -ਲਵਜੀਤ ਸਿੰਘ ਗਰੇਵਾਲ
ਫਾਜਿਲਕਾ, 15 ਅਕਤੂਬਰ : ਸਰਹੱਦੀ ਖੇਤਰ ਦੇ ਚਾਨਣ ਮੁਨਾਰੇ ਸਰਕਾਰੀ ਪ੍ਰਾਇਮਰੀ ਸਕੂਲ ਚਾਨਣ ਵਾਲਾ ਵੱਲੋਂ ਵਿਦਿਆਰਥੀਆਂ ਦੀ ਪੜਾਈ ਅਤੇ ਸਰਵਪੱਖੀ ਵਿਕਾਸ ਲਈ ਨਿਰੰਤਰ ਉਪਰਾਲੇ ਕੀਤੇ ਜਾ ਰਹੇ ਹਨ। ਇਸ ਲੜੀ ਨੂੰ ਅੱਗੇ ਵਧਾਉਂਦਿਆਂ ਸਕੂਲ ਸਟਾਫ ਵੱਲੋਂ ਵਿਦਿਆਰਥੀਆਂ ਨੂੰ ਆਪਣੇ ਹੀ ਸ਼ਹਿਰ ਫਾਜ਼ਿਲਕਾ ਦੇ ਮਹੱਤਵਪੂਰਨ ਸਥਾਨਾਂ ਦਾ ਵਿੱਦਿਅਕ ਟੂਰ ਕਰਵਾਇਆ ਗਿਆ। ਇਹ ਜਾਣਕਾਰੀ ਦਿੰਦਿਆਂ ਸਕੂਲ ਮੁੱਖੀ ਲਵਜੀਤ ਸਿੰਘ ਗਰੇਵਾਲ ਨੈਸ਼ਨਲ ਅਵਾਰਡੀ ਨੇ ਦੱਸਿਆ ਕਿ ਵਿਦਿਆਰਥੀ ਦੇ ਸਰਵਪੱਖੀ ਵਿਕਾਸ ਲਈ ਕਿਤਾਬੀ ਗਿਆਨ ਦੇ ਨਾਲ-ਨਾਲ ਵਿਹਾਰਿਕ ਗਿਆਨ ਦੇਣਾ ਵੀ ਬਹੁਤ ਜ਼ਰੂਰੀ ਹੈ। ਇਸ ਉਦੇਸ਼ ਦੀ ਪੂਰਤੀ ਲਈ ਸਮੇਂ-ਸਮੇਂ ਤੇ ਸਕੂਲ ਦੇ ਵਿਦਿਆਰਥੀਆਂ ਨੂੰ ਵਿੱਦਿਅਕ ਟੂਰ ਕਰਵਾਇਆ ਜਾਂਦਾ ਹੈ। ਇਸ ਪ੍ਰੋਗਰਾਮ ਤਹਿਤ ਸਕੂਲ ਦੇ ਵਿਦਿਆਰਥੀਆਂ ਨੂੰ ਕਿਤੇ ਬਾਹਰ ਲੈ ਕੇ ਜਾਣ ਦੀ ਬਜਾਏ ਆਪਣੇ ਹੀ ਸ਼ਹਿਰ ਦੇ ਫਾਇਰ ਬ੍ਰਿਗੇਡ, ਡਾਕ ਘਰ, ਬੀਐਸਐਨਐਲ ਐਕਸਏਚ, ਪੁਲਿਸ ਸਟੇਸ਼ਨ, ਸਾਂਝ ਕੇਂਦਰ, ਰੇਲਵੇ ਸਟੇਸ਼ਨ ਅਤੇ ਅੰਤਰਰਾਸ਼ਟਰੀ ਬਾਰਡਰ ਸਾਦਕੀ ਦਾ ਦੌਰਾ ਕਰਵਾਇਆ ਗਿਆ। ਸਕੂਲ ਦੇ ਵਿਦਿਆਰਥੀਆਂ ਨੇ ਇਨ੍ਹਾਂ ਸਥਾਨਾਂ ਦਾ ਬੜੇ ਉਤਸ਼ਾਹ ਨਾਲ ਦੌਰਾ ਕੀਤਾ ਅਤੇ ਇਨ੍ਹਾਂ ਅਦਾਰਿਆਂ ਦੀ ਕਾਰਜ ਪ੍ਰਣਾਲੀ ਦੀ ਸੰਪੂਰਨ ਜਾਣਕਾਰੀ ਹਾਸਲ ਕੀਤੀ। ਸਬੰਧਿਤ ਅਦਾਰਿਆਂ ਦੇ ਅਫ਼ਸਰਾ ਵੱਲੋਂ ਬੜੀ ਗਰਮ ਜੋਸ਼ੀ ਨਾਲ ਨਿੱਕਿਆਂ ਦਾ ਸਵਾਗਤ ਕਰਦਿਆਂ ਉਨ੍ਹਾਂ ਨੂੰ ਬੜੀ ਵਿਸਥਾਰਤ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਉਹ ਅਗਾਂਹ ਵੀ ਵਿਦਿਆਰਥੀਆਂ ਨੂੰ ਅਜਿਹੇ ਟੂਰ ਕਰਵਾਉਂਦੇ ਰਹਿਣਗੇ। ਸਕੂਲ ਅਧਿਆਪਕ ਸਵੀਕਾਰ ਗਾਂਧੀ ਨੇ ਕਿਹਾ ਕਿ ਕਿਸੇ ਵੀ ਚੀਜ਼ ਦਾ ਪ੍ਰਾਪਤ ਵਿਹਾਰਿਕ ਗਿਆਨ ਵਿਦਿਆਰਥੀ ਜੀਵਨ ਦਾ ਹਿੱਸਾ ਬਣ ਜਾਂਦਾ ਹੈ। ਅੰਤਰਰਾਸ਼ਟਰੀ ਸਰਹੱਦ ਤੇ ਪਹੁੰਚਣ ਤੇ ਵਿਦਿਆਰਥੀਆਂ ਪੂਰੀ ਤਰ੍ਹਾਂ ਜੋਸ਼ ਨਾਲ ਭਰ ਗਏ ਅਤੇ ਹੱਥਾਂ ਵਿੱਚ ਤਿਰੰਗੇ ਲੈ ਕੇ ਦੇਸ਼ ਭਗਤੀ ਦੇ ਨਾਅਰੇ ਲਗਾਉਂਦੇ ਰਹੇ। ਇੱਥੇ ਵਿਦਿਆਰਥੀਆਂ ਨੇ ਬੀਐਸਐਫ ਦੇ ਜਵਾਨਾਂ ਨਾਲ ਗੱਲਬਾਤ ਕੀਤੀ ਅਤੇ ਤਜਰਬੇ ਹਾਸਲ ਕੀਤੇ। ਇਸ ਮੌਕੇ ਤੇ ਸਕੂਲ ਸਟਾਫ ਮੈਂਬਰ ਮੈਡਮ ਸ਼ਵੇਤਾ ਧੂੜੀਆ, ਮੈਡਮ ਰੇਣੂ ਬੱਬਰ, ਮੈਡਮ ਸੈਲਿਕਾ, ਮੈਡਮ ਮੋਨਿਕਾ ਕੰਬੋਜ, ਮੈਡਮ ਨੈਨਸੀ ਬਾਂਸਲ, ਅਧਿਆਪਕ ਰਾਜ ਕੁਮਾਰ ਸੰਧਾ, ਗੌਰਵ ਮਦਾਨ, ਇਨਕਲਾਬ ਗਿੱਲ ਸਮੇਤ ਸਕੂਲੀ ਬੱਚੇ ਤੇ ਸਟਾਫ ਮੌਜੂਦ ਸਨ।