ਲੰਬੀ, 1 ਅਕਤੂਬਰ : ਸਾਬਕਾ ਮੁੱਖ ਮੰਤਰੀ ਮਰਹੂਮ ਪ੍ਰਕਾਸ਼ ਸਿੰਘ ਬਾਦਲ ਨੇ ਉਹਨਾਂ ਨੂੰ ਇਸ ਹਲਕੇ ਦੀ ’ਸੇਵਾ’ ਕਰਨ ਦੀ ਜ਼ਿੰਮੇਵਾਰੀ ਸੌਂਪੀ ਹੈ ਤੇ ਉਹ ਉਸੇ ਲਗਨ ਨਾਲ ਹਲਕੇ ਦੇ ਲੋਕਾਂ ਦੀ ਸੇਵਾ ਕਰਨਗੇ ਜਿਵੇਂ ਸਾਬਕਾ ਮੁੱਖ ਮੰਤਰੀ ਕਰਦੇ ਸਨ, ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਯੂਥ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਵੱਲੋ਼ ਲੰਬੀ ਹਲਕੇ ਦੀ "ਪੰਜਾਬ ਯੂਥ ਮਿਲਣੀ" 'ਚ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕੀਤਾ, ਉਨ੍ਹਾਂ ਕਿਹਾ ਕਿ ਇਸ ਹਲਕੇ ਦੇ ਲੋਕਾਂ ਨਾਲ ਕਿਸੇ ਵੀ ਕਿਸਮ ਦਾ ਕੋਈ ਅਨਿਆਂ ਨਾਂ ਹੋਵੇ। ਉਨ੍ਹਾਂ ਆਉਣ ਵਾਲੇ ਸਮੇਂ ਦੌਰਾਨ ਹੋਣ ਵਾਲੀਆਂ ਚੋਣਾਂ ਮੌਕੇ ਹਲਕਾ ਵਾਸੀਆਂ ਤੋਂ ਆਪਣੇ ਸਿਆਸੀ ਅਸ਼ੀਰਵਾਦ ਦੀ ਵੀ ਮੰਗ ਕੀਤੀ। ਉਹਨਾਂ ਜ਼ੋਰ ਦੇ ਕੇ ਕਿਹਾ ਕਿ ਸਾਬਕਾ ਮੁੱਖ ਮੰਤਰੀ ਇਸ ਹਲਕੇ ਤੋਂ ਹਾਰਨੇ ਨਹੀਂ ਚਾਹੀਦੇ ਸਨ। ਉਹਨਾਂ ਕਿਹਾ ਕਿ ਬਾਦਲ ਸਾਹਿਬ ਨੇ ਤੁਹਾਡੇ ਵਾਸਤੇ ਜੋ ਸੰਭਵ ਸੀ ਉਸਨੂੰ ਕਰਨ ਵਿੱਚ ਕੋਈ ਵੀ ਕਸਰ ਬਾਕੀ ਨਹੀਂ ਛੱਡੀ ਅਤੇ ਇਸ ਰੇਗਿਸਤਾਨ ਖਿੱਤੇ ਨੂੰ ਹਰਿਆਵਲ ਸਵਰਗ ਵਿਚ ਬਦਲ ਦਿੱਤਾ। ਉਹਨਾਂ ਕਿਹਾ ਕਿ ਉਹਨਾਂ ਨੇ ਨਾ ਸਿਰਫ ਇਸ ਇਲਾਕੇ ਦੇ ਸਾਰੇ ਪਿੰਡਾਂ ਵਿਚ ਸਿੰਜਾਈ ਤੇ ਪੀਣ ਵਾਲੇ ਪਾਣੀ ਦੀਆਂ ਸਹੂਲਤਾਂ ਦਿੱਤੀਆਂ ਬਲਕਿ ਆਧੁਨਿਕ ਦੌਰ ਦੀਆਂ ਸ਼ਹਿਰੀ ਨਾਗਰਿਕ ਸਹੂਲਤਾਂ ਵੀ ਦਿੱਤੀਆਂ। ਇਸ ਹਲਕੇ ਵਿਚ 7 ਸਾਲਾਂ ਤੋਂ ਕੋਈ ਵਿਕਾਸ ਨਹੀਂ ਹੋਇਆ। ਮੈਂ ਇਸ ਹਲਕੇ ਦੇ ਵਿਕਾਸ ਤੇ ਇਥੇ ਨੌਕਰੀਆਂ ਲਿਆਉਣ ਲਈ ਵਚਨਬੱਧ ਹਾਂ। ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਨੌਜਵਾਨ ਤੇ ਸਮਾਜ ਦੇ ਸਾਰੇ ਵਰਗ ਕਾਂਗਰਸ-ਆਮ ਆਦਮੀ ਪਾਰਟੀ ਗਠਜੋੜ ਦੇ ਮਾੜੇ ਮਨਸੂਬਿਆਂ ਤੋਂ ਜਾਣੂ ਹੋਣ ਤੇ ਅਕਾਲੀ ਦਲ ਦੇ ਝੰਡੇ ਥੱਲੇ ਇਕਜੁੱਟ ਹੋਣ ਤਾਂ ਜੋ ਪੰਜਾਬ ਵਿਰੋਧੀ ਪਾਰਟੀਆਂ ਨੂੰ ਮਾਤ ਦਿੱਤੀ ਜਾ ਸਕੇ। ਅਕਾਲੀ ਦਲ ਦੇ ਪ੍ਰਧਾਨ ਨੇ ਮੁੱਖ ਮੰਤਰੀ ਭਗਵੰਤ ਮਾਨ ’ਤੇ ਵਰ੍ਹਦਿਆਂ ਕਿਹਾ ਕਿ ਸਮਾਜ ਦਾ ਹਰ ਵਰਗ ਅੱਜ ਪੀੜਤ ਹੈ ਜਦੋਂ ਕਿ ਆਪ ਨੂੰ ਬਹੁਤ ਵੱਡੇ ਬਹੁਮਤ ਨਾਲ ਸਰਕਾਰ ਦੀ ਵਾਗਡੋਰ ਸੌਂਪੀ ਗਈ ਸੀ। ਉਹਨਾਂ ਕਿਹਾ ਕਿ ਕਿਸਾਨਾਂ ਨੂੰ ਵਾਰ-ਵਾਰ ਫਸਲਾਂ ਦੇ ਹੋ ਰਹੇ ਨੁਕਸਾਨ ਦਾ ਮੁਆਵਜ਼ਾ ਨਹੀਂ ਦਿੱਤਾ ਗਿਆ ਤੇ ਜੁਲਾਈ ਵਿਚ ਆਏ ਹੜ੍ਹਾਂ ਦੇ ਮਾਮਲੇ ਵਿਚ ਹਾਲੇ ਤੱਕ ਗਿਰਦਾਵਰੀ ਹੀ ਪੂਰੀ ਨਹੀਂ ਕੀਤੀ ਗਈ।ਉਹਨਾਂ ਕਿਹਾ ਕਿ ਇਸੇ ਤਰੀਕੇ ਆਪ ਨੇ ਪਹਿਲਾਂ ਬਾਦਲ ਸਰਕਾਰ ਵੱਲੋਂ ਦਿੱਤੀ ਜਾ ਰਹੀ 200 ਯੂਨਿਟ ਮੁਫਤ ਬਿਜਲੀ ਦੀ ਸਹੂਲਤ ਨਾਲੋਂ 100 ਯੂਨਿਟ ਵੱਧ ਬਿਜਲੀ ਦਿੱਤੀ। ਉਹਨਾਂ ਕਿਹਾ ਕਿ ਬਦਲੇ ਵਿਚ ਸਰਕਾਰ ਨੇ ਤੇਲ ਕੀਮਤਾਂ ਵਿਚ 2.50 ਰੁਪਏ ਪ੍ਰਤੀ ਲੀਟਰ ਵਾਧਾ ਕਰ ਦਿੱਤਾ ਤੇ ਸ਼ਗਨ ਸਕੀਮ, ਐਸ ਸੀ ਸਕਾਲਰਸ਼ਿਪ ਸਕੀਮ, ਲੜਕੀਆਂ ਲਈ ਮੁਫਤ ਸਾਈਕਲਾਂ ਤੇ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਸਮੇਤ ਸਾਰੇ ਸਮਾਜ ਭਲਾਈ ਲਾਭ ਬੰਦ ਕਰ ਦਿੱਤੇ। ਉਹਨਾਂ ਕਿਹਾ ਕਿ ਆਟਾ ਦਾਲ ਸਕੀਮ ਵੀ ਬੰਦ ਕਰ ਦਿੱਤੀ ਗਈ ਤੇ ਆਪ ਸਰਕਾਰ ਸਿਰਫ ਲਾਭਪਾਤਰੀਆਂ ਨੂੰ ਆਟਾ ਪ੍ਰਦਾਨ ਕਰ ਰਹੀ ਹੈ। ਉਹਨਾਂ ਨੇ ਇਹ ਵੀ ਦੱਸਿਆ ਕਿ ਕਿਵੇਂ ਬੁਢਾਪਾ ਪੈਨਸ਼ਨ ਸਕੀਮ ਵਿਚੋਂ ਲੱਖਾਂ ਲੋਕਾਂ ਦੇ ਨਾਂ ਕੱਟ ਦਿੱਤੇ ਗਏ ਹਨ। ਉਹਨਾਂ ਆਪ ਵਿਧਾਇਕਾਂ ਵੱਲੋਂ ਕੀਤੀ ਜਾ ਰਹੀ ਗੁੰਡਾਗਰਦੀ ਦਾ ਵੀ ਜ਼ਿਕਰ ਕੀਤਾ ਤੇ ਦੱਸਿਆ ਕਿ ਕਿਵੇਂ ਕਾਨੂੰਨ ਵਿਵਸਥਾ ਢਹਿ ਢੇਰੀ ਹੋਗਈ ਹੈ ਤੇ ਨਸ਼ਾ ਤਸਕਰੀ ਵੱਧ ਗਈ ਹੈ। ਉਹਨਾਂ ਦੱਸਿਆ ਕਿ ਕਿਵੇਂ ਖਡੂਰ ਸਾਹਿਬ ਦੇ ਵਿਧਾਇਕ ਕਾਰਨ ਇਕ ਇਮਾਨਦਾਰ ਪੁਲਿਸ ਅਫਸਰ ਦਾ ਤਬਾਦਲਾ ਕੀਤਾ ਗਿਆ ਜਿਸਨੇ ਉਸਦੇ ਜੀਜੇ ਨੂੰ ਨਜਾਇਜ਼ ਮਾਇਨਿੰਗ ਵਿਚ ਗ੍ਰਿਫਤਾਰ ਕੀਤਾ ਸੀ। ਉਹਨਾਂ ਕਿਹਾ ਕਿ ਇਸੇ ਤਰੀਕੇ ਆਪ ਵਿਧਾਇਕ ਨਸ਼ਾ ਤਸਕਰਾਂ ਦੀ ਪੁਸ਼ਤ ਪਨਾਹੀ ਕਰ ਰਹੇ ਹਨ ਜਿਸ ਕਾਰਨ ਨਸ਼ਿਆਂ ਦਾ ਕਾਰੋਬਾਰ ਬਹੁਤ ਜ਼ਿਆਦਾ ਵੱਧ ਗਿਆ ਹੈ।