ਫ਼ਤਹਿਗੜ੍ਹ ਸਾਹਿਬ, 29 ਸਤੰਬਰ : ਕ੍ਰਿਸ਼ੀ ਵਿਗਿਆਨ ਕੇਂਦਰ ਵਿਖੇ ਮਿਠਾਈਆਂ ਬਣਾਉਣ ਸਬੰਧੀ ਪੰਜ ਰੋਜ਼ਾ ਸਿਖਲਾਈ ਕੋਰਸ ਕਰਵਾਇਆ ਗਿਆ ਜਿਸ ਵਿੱਚ ਵੱਡੀ ਗਿਣਤੀ ਸਿਖਿਆਰਥੀਆਂ ਨੇ ਭਾਗ ਲਿਆ। ਇਸ ਬਾਰੇ ਜਾਣਕਾਰੀ ਦਿੰਦਿਆਂ ਕ੍ਰਿਸ਼ੀ ਵਿਗਿਆਨ ਕੇਂਦਰ ਦੇ ਸਹਿਯੋਗੀ ਡਾਇਰੈਕਟਰ ਡਾ: ਵਿਪਨ ਕੁਮਾਰ ਰਾਮਪਾਲ ਨੇ ਦੱਸਿਆ ਕਿ ਅਜਿਹੇ ਸਿਖਲਾਈ ਪ੍ਰੋਗਰਾਮ ਸਮੇਂ ਦੀ ਮੁੱਖ ਲੋੜ ਹਨ ਕਿਉਂਕਿ ਇਹ ਕੋਰਸ ਕਿਸਾਨਾਂ ਦੀ ਆਮਦਨ ਵਧਾਉਣ ਵਿੱਚ ਸਹਾਈ ਹੁੰਦੇ ਹਨ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਇਸ ਹੁਨਰ ਨੂੰ ਵਪਾਰਕ ਪੱਧਰ ਤੇ ਅਪਣਾਉਣਾ ਚਾਹੀਦਾ ਹੈ ਤਾਂ ਜੋ ਉਨ੍ਹਾਂ ਦੀ ਆਰਥਿਕਤਾ ਵਿੱਚ ਵਾਧਾ ਹੋ ਸਕੇ। ਉਨ੍ਹਾਂ ਹੋਰ ਕਿਹਾ ਕਿ ਅਜਿਹੇ ਕੋਰਸ ਖੇਤੀ ਨੂੰ ਹੋਰ ਲਾਹੇਵੰਦ ਬਣਾ ਸਕਦੇ ਹਨ। ਇਸ ਮੌਕੇ ਗ੍ਰਹਿ ਵਿਗਿਆਨ ਦੇ ਸਹਾਇਕ ਪ੍ਰੋਫੈਸਰ ਡਾ: ਮਨੀਸ਼ਾ ਭਾਟੀਆ ਨੇ ਮਿਲਕ ਕੇਕ, ਰਸ ਮਲਾਈ, ਮੂੰਗੀ ਦੀ ਦਾਲ ਦਾ ਹਲਵਾ, ਪਪੀਤੇ ਦਾ ਹਲਵਾ, ਪੌਸ਼ਟਿਕ ਲੱਡੂ ਬਣਾਉਣ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਸਿਖਿਅਰਥੀਆਂ ਨੂੰ ਇਨ੍ਹਾਂ ਵਸਤਾਂ ਨੂੰ ਘਰੇਲੂ ਪੱਧਰ ਤੇ ਅਪਣਾ ਕੇ ਆਪਣੇ ਪਰਿਵਾਰ ਨੂੰ ਪੌਸ਼ਟਿਕ ਤੇ ਬਿਨਾਂ ਮਿਲਾਵਟ ਬਿਨਾਂ ਰਸਾਇਣ ਵਾਲੇ ਮਿਠਾਈ ਉਤਪਾਦ ਉਪਲਬਧ ਕਰਵਾਉਣੇ ਚਾਹੀਦੇ ਹਨ। ਇਸ ਸਿਖਲਾਈ ਦੌਰਾਨ ਸਿਖਿਆਰਥੀਆਂ ਨੂੰ ਇਸ ਹੁਨਰ ਨੂੰ ਕਿੱਤੇ ਦੇ ਰੂਪ ਵਿੱਚ ਸ਼ੁਰੂ ਕਰਨ ਲਈ ਪ੍ਰੇਰਿਤ ਵੀ ਕੀਤਾ ਗਿਆ।